Breaking News
Home / ਭਾਰਤ / ਸਾਹਿਤ ਅਕੈਡਮੀ ਬਾਲ ਸਾਹਿਤ ਪੁਰਸਕਾਰ ਪਾਲੀ ਖ਼ਾਦਿਮ ਦੇ ‘ਜਾਦੂ-ਪੱਤਾ’ ਨੂੰ

ਸਾਹਿਤ ਅਕੈਡਮੀ ਬਾਲ ਸਾਹਿਤ ਪੁਰਸਕਾਰ ਪਾਲੀ ਖ਼ਾਦਿਮ ਦੇ ‘ਜਾਦੂ-ਪੱਤਾ’ ਨੂੰ

ਯੁਵਾ ਪੁਰਸਕਾਰ ਮਨਦੀਪ ਔਲਖ ਦੇ ‘ਗਰਲਜ਼ ਹੋਸਟਲ’ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕੈਡਮੀ ਵੱਲੋਂ 2025 ਦੇ ਬਾਲ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਤਹਿਤ ਪੰਜਾਬੀ ਵਿੱਚ ਇਹ ਇਨਾਮ ਪਾਲੀ ਖ਼ਾਦਿਮ ਦੇ ਨਾਵਲ ‘ਜਾਦੂ-ਪੱਤਾ’ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬੀ ਵਿੱਚ ਇਨਾਮ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਵਿੱਚ ਕਵੀ ਦਰਸ਼ਨ ਬੁੱਟਰ, ਕਮਲਜੀਤ ਨੀਲੋਂ ਅਤੇ ਅਤੇ ਡਾ. ਪਰਮਿੰਦਰ ਸਿੰਘ ਸ਼ਾਮਿਲ ਸਨ।
ਇਨਾਮਾਂ ਦਾ ਫ਼ੈਸਲਾ ਬਹੁਮਤ ਜਾਂ ਸਰਬਸੰਮਤੀ ਨਾਲ ਕੀਤਾ ਗਿਆ। ਅਕੈਡਮੀ ਦੇ ਮੁਖੀ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੰਡਲ ਵੱਲੋਂ 24 ਭਾਸ਼ਾਵਾਂ ਦੇ ਲੇਖਕਾਂ ਦੀ ਚੋਣ ਕੀਤੀ ਗਈ ਅਤੇ ਤੈਅ ਪ੍ਰਕਿਰਿਆ ਅਪਣਾਈ ਗਈ। ਇਨਾਮ ਦੀ ਦੌੜ ਵਿੱਚ ਸ਼ਾਮਿਲ ਪੁਸਤਕਾਂ 1 ਜਨਵਰੀ 2019 ਤੋਂ 31 ਦਸੰਬਰ 2023 ਦੇ ਸਾਲਾਂ ਦੌਰਾਨ ਛਪੀਆਂ ਹੋਣ ਕਰ ਕੇ ਲਈਆਂ ਗਈਆਂ।
ਇਨਾਮ ਜੇਤੂ ਲੇਖਕਾਂ ਨੂੰ 50 ਹਜ਼ਾਰ ਰੁਪਏ ਦੀ ਇਨਾਮ ਰਕਮ ਅਤੇ ਸਨਮਾਨ ਚਿੰਨ੍ਹ ਭਵਿੱਖ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਕੇ ਦਿੱਤੇ ਜਾਣਗੇ। ਭਾਰਤੀ ਸਾਹਿਤ ਅਕੈਡਮੀ ਦੇ ਪੰਜਾਬੀ ਹਿੱਸੇ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਦੱਸਿਆ ਕਿ ਹਿੰਦੀ ਵਿੱਚ ‘ਇੱਕ ਵਟੇ ਬਾਰਾਂ’ (ਕਹਾਣੀ) ਦੇ ਲੇਖਕ ਸੁਸ਼ੀਲ ਸ਼ੁਕਲ, ਅੰਗਰੇਜ਼ੀ ਲਈ ਲੇਖਕ ਨਿਖਿਲ ਕੁਸ਼ਲੱਪਾ ਐਮਪੀ ਦੇ ਕਹਾਣੀ ਸੰਗ੍ਰਹਿ ‘ਦੱਖਣ, ਸਾਊਥ ਇੰਡੀਅਨ ਮਿਥਸ ਐਂਡ ਫੈਵਲਸ ਰੀਟੋਲਡ’ ਨੂੰ, ਉਰਦੂ ਵਿੱਚ ਗ਼ਜ਼ਨਫ਼ਰ ਇਕਬਾਲ ਦੀ ਲੇਖਾਂ ਦੀ ਕਿਤਾਬ ‘ਕੌਮੀ ਸਿਤਾਰੇ’ ਨੂੰ ਇਹ ਐਵਾਰਡ ਦੇਣ ਦਾ ਫ਼ੈਸਲਾ ਗਿਆ ਹੈ।
ਇਸੇ ਤਰ੍ਹਾਂ ਸਿੰਧੀ ਲਈ ਲੇਖਕ ਲੇਖਕ ਹੀਨਾ ਨਗਨਾਨੀ ‘ਹੀਰ’ ਦੀ ਕਿਤਾਬ ‘ਅਸਮਾਨੀ ਪਰੀ’ (ਕਵਿਤਾ) ਨੂੰ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਅਸਾਮੀ, ਬੰਗਾਲੀ, ਉੜੀਆ, ਤਾਮਿਲ, ਤੇਲਗੂ ਸਮੇਤ ਬਾਕੀ ਸੂਚੀਬੱਧ ਭਾਸ਼ਾਵਾਂ ਦੇ ਬਾਲ ਲੇਖਕਾਂ ਦੀਆਂ ਕਿਤਾਬਾਂ ਵੀ ਬਾਲ ਸਾਹਿਤ 2025 ਦੇ ਇਨਾਮ ਲਈ ਚੁਣੀਆਂ ਗਈਆਂ ਹਨ।
ਕੁੱਲ 24 ਕਿਤਾਬਾਂ ਦੀ ਚੋਣ ਬਾਲ ਸਾਹਿਤ ਪੁਰਸਕਾਰ ਲਈ ਕੀਤੀ ਗਈ ਹੈ। ਇਨ੍ਹਾਂ ਵਿਚੋਂ ਨੌਂ ਕਹਾਣੀ ਸੰਗ੍ਰਹਿ, ਅੱਠ ਕਵਿਤਾ ਸੰਗ੍ਰਹਿ, ਚਾਰ ਨਾਵਲ ਤੇ ਨਾਟਕ ਦੀਆਂ ਦੋ ਕਿਤਾਬਾਂ ਅਤੇ ਲੇਖਾਂ ਦੀ ਇੱਕ ਕਿਤਾਬ ਇਨਾਮ ਲਈ ਚੁਣੀ ਗਈ ਹੈ।
ਹੁਣ ਤੱਕ ਪੰਜ ਕਿਤਾਬਾਂ ਲਿਖ ਚੁੱਕੇ ਹਨ ਪਾਲੀ ਖ਼ਾਦਿਮ
ਪਾਲੀ ਖ਼ਾਦਿਮ (ਅੰਮ੍ਰਿਤਪਾਲ ਸਿੰਘ) ਅਹਿਮਦਗੜ੍ਹ ਦੇ ਰਹਿਣ ਵਾਲੇ ਅਤੇ ਅਧਿਆਪਕ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜ਼ਾਂ ਤੇ ਅਧਾਰਤ ਵੰਨਗੀ ”ਫੋਕ ਆਰਕੈਸਟਰਾ” ਵਿਚ ਸਾਲ 2002 ਵਿੱਚ ਸੋਨ ਤਮਗਾ ਜੇਤੂ, ਪੰਜਾਬੀ ਸਾਹਿਤ ਦੀ ਸੇਵਾ ਵਿੱਚ ਪੰਜ ਕਿਤਾਬਾਂ – ‘ਸਵੈ ਦੀ ਤਸਦੀਕ’ ਗ਼ਜ਼ਲ ਸੰਗ੍ਰਹਿ, ‘ਜਾਦੂ ਪੱਤਾ’ ਬਾਲ ਨਾਵਲ, ‘ਸਾਡੀ ਕਿਤਾਬ’ ਬਾਲ ਕਵਿਤਾ, ‘ਵਾਇਰਸ’ ਬਾਲ ਨਾਵਲ ਅਤੇ ‘ਪੰਜਾਬੀ ਵਿਆਕਰਨ’ (ਕਵਿਤਾ ਰੂਪ ਵਿੱਚ) ਲਿਖ ਚੁੱਕੇ ਹਨ। ਪੰਜਾਬੀ ਰੰਗ-ਮੰਚ ਨਾਲ ਜੁੜੇ ਰਹੇ ਪਾਲੀ ਨੂੰ ਕੋਰੀਓਗ੍ਰਾਫੀ, ਹਿਸਟਾਨਿਕਸ, ਸਕਿੱਟ, ਮਮਿਕਰੀ ਅਤੇ ਮਾਈਮ ਆਦਿ ਦਾ ਵੀ ਗਿਆਨ ਹੈ।
ਯੁਵਾ ਪੁਰਸਕਾਰ ਕਵਿਤਰੀ ਮਨਦੀਪ ਔਲਖ ਨੂੰ
ਯੁਵਾ ਪੁਰਸਕਾਰ ਪੰਜਾਬੀ ਕਵਿੱਤਰੀ ਮਨਦੀਪ ਔਲਖ ਦੀ ਕਵਿਤਾ ਦੀ ਕਿਤਾਬ ‘ਗਰਲਜ਼ ਹੋਸਟਲ’ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤੀ ਸਾਹਿਤ ਅਕੈਡਮੀ ਵੱਲੋਂ ਇਸ ਇਨਾਮ ਲਈ ਜਸਵੀਰ ਸਿੰਘ ਰਾਣਾ, ਜਸਵਿੰਦਰ ਸਿੰਘ ਸੈਣੀ ਤੇ ਪਰਮਜੀਤ ਸਿੰਘ ਮਾਨ ਦੀ ਤਿੰਨ ਮੈਂਬਰੀ ਜਿਊਰੀ ਬਣਾਈ ਗਈ ਸੀ। ਮਨਦੀਪ ਔਲਖ ਨੇ ਐਮਏ ਆਨਰਜ਼ (ਅੰਗਰੇਜ਼ੀ) ਦੀ ਪੜ੍ਹਾਈ ਕੀਤੀ ਹੈ ਤੇ ਪੀਐਚਡੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੀਤੀ ਹੈ। ਉਹ ਐੱਸਸੀਡੀ ਸਰਕਾਰੀ ਕਾਲਜ, ਲੁਧਿਆਣਾ ਅੰਗਰੇਜ਼ੀ ਵਿਭਾਗ ‘ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਹੁਣ ਤੱਕ ‘ਮਨ ਕਸਤੂਰੀ’ (2019) ਤੇ ‘ਗਰਲਜ਼ ਹੋਸਟਲ’ (2024) ਦੋ ਕਵਿਤਾ ਸੰਗ੍ਰਹਿ ਲਿਖੇ ਹਨ। ਉਨ੍ਹਾਂ 3 ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਰਸਕਾਰਾਂ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੇਢ ਸਾਲਾ ਇਜਲਾਸ ਦੌਰਾਨ ਦਿੱਤੇ ਜਾਣ ਵਾਲੇ ਬਹੁ-ਵੱਕਾਰੀ ਪੁਰਸਕਾਰਾਂ ਲਈ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵਲੋਂ ਦਿੱਤੇ ਜਾਣ ਵਾਲੇ ‘ਗਿਆਨੀ ਹੀਰਾ ਸਿੰਘ ਯਾਦਗਾਰੀ ਜਥੇਬੰਦਕ ਪੁਰਸਕਾਰ’ ਲਈ ਕਰਮ ਸਿੰਘ ਵਕੀਲ, ‘ਡਾ. ਰਵਿੰਦਰ ਰਵੀ ਆਲੋਚਨਾ ਪੁਰਸਕਾਰ’ ਲਈ ਡਾ. ਮਨਜਿੰਦਰ ਸਿੰਘ, ‘ਡਾ. ਐੱਸ ਤਰਸੇਮ ਸਾਹਿਤ ਸਾਧਨਾ ਪੁਰਸਕਾਰ’ ਲਈ ਬਲਬੀਰ ਪਰਵਾਨਾ ਅਤੇ ‘ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ’ ਲਈ ਗ਼ਜ਼ਲ਼ਗੋ ਜਸਵਿੰਦਰ ਦੇ ਨਾਵਾਂ ‘ਤੇ ਸਹਿਮਤੀ ਬਣੀ ਹੈ। ਇਹ ਪੁਰਸਕਾਰ 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਜਲਾਸ ਮੌਕੇ ਕੇਂਦਰੀ ਸਭਾ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਸਾਹਿਤ ਸਭਾਵਾਂ ਅਤੇ ਸਾਹਿਤਕਾਰਾਂ ਦੀ ਹਾਜ਼ਰੀ ‘ਚ ਦਿੱਤੇ ਜਾਣਗੇ।

 

Check Also

ਕੇਂਦਰ ਸਰਕਾਰ ਵੱਲੋਂ 16ਵੀਂ ਮਰਦਮਸ਼ੁਮਾਰੀ ਲਈ ਨੋਟੀਫਿਕੇਸ਼ਨ ਜਾਰੀ

ਦੋ ਪੜਾਵਾਂ ਵਿਚ ਹੋਵੇਗੀ ਜਨਗਣਨਾ, ਪਹਿਲਾ ਪੜਾਅ 1 ਅਕਤੂਬਰ 2026 ਤੇ ਦੂਜਾ 1 ਮਾਰਚ 2027 …