Breaking News
Home / ਭਾਰਤ / ਯੂਪੀ ਵਿਚ ਪ੍ਰਧਾਨ ਮੰਤਰੀ ਵੱਲੋਂ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ

ਯੂਪੀ ਵਿਚ ਪ੍ਰਧਾਨ ਮੰਤਰੀ ਵੱਲੋਂ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ

ਕਿਹਾ – ਪਹਿਲੀਆਂ ਸਰਕਾਰਾਂ ਨੇ ਸਿਹਤ ਢਾਂਚੇ ਵੱਲ ਧਿਆਨ ਹੀ ਨਹੀਂ ਦਿੱਤਾ
ਸਿਧਾਰਥਨਗਰ (ਯੂਪੀ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਚਲੀਆਂ ਪਹਿਲੀਆਂ ਸਰਕਾਰਾਂ ‘ਤੇ ਪੂਰਵਾਂਚਲ ਇਲਾਕੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦੇਣ ਦਾ ਆਰੋਪ ਲਾਇਆ ਅਤੇ ਕਿਹਾ ਕਿ ਹੁਣ ਭਾਜਪਾ ਦੇ ਰਾਜ ‘ਚ ਇਹ ਇਲਾਕਾ ਮੈਡੀਕਲ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ।
ਉੱਤਰ ਪ੍ਰਦੇਸ਼ ‘ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਤਰਜੀਹ ਗਰੀਬ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਨੀਆਂ ਹਨ। ਉਨ੍ਹਾਂ ਆਪਣੇ ਤੋਂ ਪਹਿਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, ‘ਉਨ੍ਹਾਂ ਦੇ ਭ੍ਰਿਸ਼ਟਾਚਾਰ ਦੀ ਸਾਈਕਲ 24 ਘੰਟੇ ਚੱਲਦੀ ਰਹੀ। ਉਨ੍ਹਾਂ ਦੀ ਤਰਜੀਹ ਆਪਣੇ ਲਈ ਕਮਾਈ ਕਰਨ ਤੇ ਆਪਣੇ ਪਰਿਵਾਰਾਂ ਦੀਆਂ ਤਿਜੋਰੀਆਂ ਭਰਨ ਦੀ ਸੀ ਜਦਕਿ ਸਾਡੇ ਲਈ ਤਰਜੀਹ ਗਰੀਬਾਂ ਨੂੰ ਸਹੂਲਤਾਂ ਮੁਹੱਈਆ ਕਰਨ ਦੀ ਹੈ।’ ਉਨ੍ਹਾਂ ਕਿਹਾ ਕਿ ਪਹਿਲਾਂ ਦਵਾਈਆਂ ‘ਚ ਭ੍ਰਿਸ਼ਟਾਚਾਰ, ਐਂਬੂਲੈਂਸ ‘ਚ ਭ੍ਰਿਸ਼ਟਾਚਾਰ, ਨਿਯੁਕਤੀਆਂ ‘ਚ ਭ੍ਰਿਸ਼ਟਾਚਾਰ, ਤਬਾਦਲਿਆਂ ‘ਚ ਭ੍ਰਿਸ਼ਟਾਚਾਰ ਹੁੰਦਾ ਸੀ ਤੇ ਇਸ ਪੂਰੀ ਖੇਡ ‘ਚ ਯੂਪੀ ਦੇ ਕੁਝ ਪਰਿਵਾਰਵਾਦੀ ਬਹੁਤ ਖੁਸ਼ਹਾਲ ਹੋਏ। ਉਨ੍ਹਾਂ ਕਿਹਾ, ‘ਭ੍ਰਿਸ਼ਟਾਚਾਰ ਦੀ ਸਾਈਕਲ 24 ਘੰਟੇ ਚੱਲੀ ਪਰ ਪੂਰਵਾਂਚਲ ਤੇ ਉੱਤਰ ਪ੍ਰਦੇਸ਼ ਦੇ ਪਰਿਵਾਰ ਲੁੱਟੇ ਗਏ।’
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਬੁਨਿਆਦੀ ਸਿਹਤ ਸਹੂਲਤਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਅਤੇ ਕਸਬਿਆਂ ਤੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਵੱਡੇ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ। ਇਨ੍ਹਾਂ ਇਲਾਕਿਆਂ ‘ਚ ਹਰ ਸਾਲ ਦਿਮਾਗੀ ਬੁਖਾਰ ਦੀ ਮਾਰ ਪੈਂਦੀ ਪਰ ਲੋਕਾਂ ਕੋਲ ਲੋੜੀਂਦੀਆਂ ਸਿਹਤ ਸਹੂਲਤਾਂ ਨਹੀਂ ਸਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਉੱਤਰ ਪ੍ਰਦੇਸ਼ ਦੇ ਗਰੀਬ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਹੁਣ ਇੱਥੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੌਮੀ ਪੱਧਰ ‘ਤੇ ਵੀ ਡਾਕਟਰਾਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਦੀ ਕੋਈ ਰਣਨੀਤੀ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਨਵੀਆਂ ਸੰਸਥਾਵਾਂ ਬਣਾ ਦੇ ਮੈਡੀਕਲ ਸਿੱਖਿਆ ਵੱਲ ਧਿਆਨ ਦੇ ਰਹੀ ਹੈ ਅਤੇ ਨਵੇਂ ਮੈਡੀਕਲ ਕਾਲਜ ਵੀ ਖੋਲ੍ਹ ਰਹੀ ਹੈ।

 

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …