ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਚੋਣ ਵਾਅਦਾ ਕਰਦਿਆਂ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਦਸ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੱਤਾ ਵਿੱਚ ਆਉਣ ‘ਤੇ ਕਿਸਾਨਾਂ ਦੀ ਕਰਜ਼-ਮੁਆਫ਼ੀ ਅਤੇ 20 ਲੱਖ ਰੁਜ਼ਗਾਰ ਦੇਣ ਸਮੇਤ ਸੱਤ ਵਾਅਦਿਆਂ ਨਾਲ ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ‘ਪ੍ਰਤਿੱਗਿਆ ਯਾਤਰਾ’ ਨੂੰ ਰਵਾਨਾ ਕੀਤਾ ਸੀ। ਪ੍ਰਿਯੰਕਾ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, ”ਕਰੋਨਾ ਕਾਲ ਦੌਰਾਨ ਅਤੇ ਇਸ ਸਮੇਂ ਸੂਬੇ ਵਿੱਚ ਫੈਲੇ ਬੁਖ਼ਾਰ ਦੌਰਾਨ ਸਰਕਾਰੀ ਅਣਦੇਖੀ ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਦੀ ਖ਼ਸਤਾ ਹਾਲ ਸਿਹਤ ਵਿਵਸਥਾ ਸਾਰਿਆਂ ਨੇ ਦੇਖੀ ਹੈ। ਸਸਤੇ ਤੇ ਚੰਗੇ ਇਲਾਜ ਲਈ ਮੈਨੀਫੈਸਟੋ ਕਮੇਟੀ ਦੀ ਸਹਿਮਤੀ ਨਾਲ ਯੂਪੀ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਜੇ ਅਸੀਂ ਸੱਤਾ ਵਿੱਚ ਆਏ ਤਾਂ ਸਾਡੀ ਸਰਕਾਰ ਹਰ ਤਰ੍ਹਾਂ ਦੀ ਬਿਮਾਰੀ ਦੇ ਮੁਫ਼ਤ ਇਲਾਜ ਲਈ ਦਸ ਲੱਖ ਰੁਪਏ ਮੁਹੱਈਆ ਕਰਵਾਏਗੀ।” ਉਨ੍ਹਾਂ ਨੇ ਕਿਸਾਨਾਂ ਤੋਂ ਕਣਕ ਤੇ ਝੋਨਾ 2500 ਰੁਪਏ ਪ੍ਰਤੀ ਕੁਇੰਟਲ ਅਤੇ ਗੰਨਾ 400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਣ ਦਾ ਵਾਅਦਾ ਵੀ ਕੀਤਾ।