ਅਸ਼ੋਕ ਗਹਿਲੋਤ, ਸ਼ਸ਼ੀ ਥਰੂਰ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਨਾਂ ਵੀ ਚਰਚਾ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਨਾਮਜ਼ਦਗੀਆਂ 30 ਸਤੰਬਰ ਤੱਕ ਭਰੀਆਂ ਜਾਣਗੀਆਂ। ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਪਈਆਂ ਵੋਟਾਂ ਦੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ ਜਦਕਿ ਵੋਟਾਂ 17 ਅਕਤੂਬਰ ਨੂੰ ਪੈਣਗੀਆਂ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸੇ ਦੌਰਾਨ ਮਿਲੀਆਂ ਮੀਡੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਵੀ ਪ੍ਰਧਾਨਗੀ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਕੇਂਦਰੀ ਚੋਣ ਕਮੇਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਚੋਣ ਦੇ ਰਿਟਰਨਿੰਗ ਅਧਿਕਾਰੀ ਵਜੋਂ ਨਾਮਜ਼ਦਗੀ ਪੱਤਰ ਲੈਣ ਲਈ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ ਵਿਖੇ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਪ੍ਰਧਾਨਗੀ ਲਈ ਚੋਣ ਲੜ ਰਹੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਨਹੀਂ ਹੋਵੇਗਾ। ਗਹਿਲੋਤ ਨੇ ਕਿਹਾ ਕਿ ਮੈਂ ਜਲਦੀ ਹੀ ਨਾਮਜ਼ਦਗੀ ਭਰਨ ਦੀ ਤਰੀਕ ਤੈਅ ਕਰਾਂਗਾ ਅਤੇ ਦੇਸ਼ ਨੂੰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਵਿਰੋਧੀ ਧਿਰ ਨੂੰ ਮਜ਼ਬੂਤ ਹੋਣ ਦੀ ਲੋੜ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …