Breaking News
Home / ਭਾਰਤ / ਕੋਲਾ ਘੁਟਾਲਾ ਮਾਮਲਾ : ਸਾਬਕਾ ਕੋਲਾ ਸਕੱਤਰ ਅਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਦੋ ਸਾਲ ਦੀ ਕੈਦ

ਕੋਲਾ ਘੁਟਾਲਾ ਮਾਮਲਾ : ਸਾਬਕਾ ਕੋਲਾ ਸਕੱਤਰ ਅਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਦੋ ਸਾਲ ਦੀ ਕੈਦ

ਕੋਲਾ ਬਲਾਕ ਦੀ ਵੰਡ ਵਿਚ ਬੇਨਿਯਮੀਆਂ ਦੇ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਇੱਕ ਵਿਸ਼ੇਸ਼ ਅਦਾਲਤ ਨੇ ਸਾਬਕਾ ਕੋਲਾ ਸਕੱਤਰ ਐਚ ਸੀ ਗੁਪਤਾ ਅਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਪ੍ਰਾਈਵੇਟ ਫਰਮ ਨੂੰ ਇੱਕ ਕੋਲਾ ਬਲਾਕ ਦੀ ਵੰਡ ਵਿੱਚ ਬੇਨਿਯਮੀਆਂ ਦੇ ਦੋਸ਼ ਹੇਠ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੱਧ ਪ੍ਰਦੇਸ਼ ਦੀ ਕਮਲ ਸਪੌਂਜ ਸਟੀਲ ਐਂਡ ਪਾਵਰ ਲਿਮਟਿਡ (ਕੇਐਸਐਸਪੀਐਲ) ਨੂੰ ਇੱਕ ਕਰੋੜ ਰੁਪਏ ਦੇ ਜ਼ੁਰਮਾਨਾ ਦੀ ਸਜ਼ਾ ਵੀ ਸੁਣਾਈ ਹੈ ਜੋ ਥੇਸਗੋਰਾ-ਬੀ/ਰੁਦਰਪੁਰੀ ਕੋਲ ਬਲਾਕ ਦੀ ਵੰਡ ਵਿਚ ਲਾਭ ਪ੍ਰਾਪਤ ਕਰਨ ਵਾਲੀ ਧਿਰ ਸੀ। ਅਦਾਲਤ ਵੱਲੋਂ ਇਸ ਦੇ ਮੈਨੇਜਿੰਗ ਡਾਇਰੈਕਟਰ ਪਵਨ ਕੁਮਾਰ ਆਹਲੂਵਾਲੀਆ ਨੂੰ ਕੋਲਾ ਮੰਤਰਾਲੇ ਅੱਗੇ ਆਪਣੀ ਅਰਜ਼ੀ ਵਿੱਚ ਤੱਥ ਗਲਤ ਢੰਗ ਨਾਲ ਪੇਸ਼ ਕਰਨ ਕਰਕੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 31 ਦਸੰਬਰ 2005 ਤੋਂ ਨਵੰਬਰ 2008 ਤੱਕ ਕੋਲਾ ਸਕੱਤਰ ਰਹੇ ਗੁਪਤਾ ਤੋਂ ਇਲਾਵਾ ਕੋਲਾ ਮੰਤਰਾਲਾ ਵਿਚ ਉਸ ਸਮੇਂ ਸੰਯੁਕਤ ਸਕੱਤਰ ਰਹੇ ਕੇ ਐਸ ਕ੍ਰੋਫਾ ਅਤੇ ਤਤਕਾਲੀ ਡਾਇਰੈਕਟਰ ਕੇ ਸੀ ਸਮਾਰੀਆ ਨੂੰ ਧੋਖਾਧੜੀ, ਅਪਰਾਧਿਕ ਸਾਜਿਸ਼ ਤੇ ઠਭ੍ਰਿਸ਼ਟਾਚਾਰ ਦੇ ਦੋਸਾਂ ਤਹਿਤ ਸਜ਼ਾ ਸੁਣਾਈ ਗਈ ਹੈ। ਕੋਲਾ ਬਲਾਕ ਵੰਡ ਘੁਟਾਲੇ ਵਿਚ ਸਜ਼ਾ ਪਾਉਣ ਵਾਲੇ ਇਹ ਪਹਿਲੇ ਅਧਿਕਾਰੀ ਹਨ। ਵਿਸ਼ੇਸ਼ ਸੀਬੀਆਈ ਜੱਜ ਭਾਰਤ ਪ੍ਰਾਸ਼ਰ ਨੇ ਤਿੰਨਾਂ ਅਧਿਕਾਰੀਆਂ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਐਮਡੀ ਆਹਲੂਵਾਲੀਆ ਨੂੰ 30 ਲੱਖ ਰੁਪਏ ਜ਼ੁਰਮਾਨਾ ਦੇਣ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਤਿੰਨਾਂ ਅਧਿਕਾਰੀਆਂ ਨੂੰ ਕਈ ਅਪਰਾਧਾਂ ਲਈ ਦੋਸ਼ੀ ਮੰਨਿਆ। ਹਾਲਾਂਕਿ ਸਾਰੇ ਦੋਸ਼ੀਆਂ ਨੂੰ ਫ਼ੈਸਲੇ ਤੋਂ ਬਾਅਦ ਇੱਕ ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇੰਨੀ ਹੀ ਰਾਸ਼ੀ ਦੀ ਗਾਰੰਟੀ ‘ਤੇ ਜ਼ਮਾਨਤ ਦੇ ਦਿੱਤੀ ਗਈ। ਅਦਾਲਤ ਨੇ 19 ਮਈ ਨੂੰ ਪੰਜਾਂ ਜਣਿਆਂ ਨੂੰ ਦੋਸ਼ੀ ਮੰਨਿਆ ਸੀ ਪਰ ਚਾਰਟਡਰ ਅਕਾਊਂਟੈਂਟ ਅਮਿਤ ਗੋਇਲ ਨੂੰ ਕੇਸ ਵਿਚੋਂ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਗੁਪਤਾ ਨੇ ਕੋਲਾ ਮੰਤਰਾਲੇ ਦੇ ਮੁਖੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਗੇ ਗਲਤ ਤੱਥ ਪੇਸ਼ ਕੀਤੇ ਸਨ।

ਕੋਲਾ ਬਲਾਕ ਘੁਟਾਲੇ ਸਬੰਧੀ ਡਾ.ਮਨਮੋਹਨ ਸਿੰਘ ਨੂੰ ਕਲੀਨ ਚਿੱਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਲਾ ਬਲਾਕ ਘਪਲੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਮਨਮੋਹਨ ਸਿੰਘ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਦੇ ਸਾਹਮਣੇ ਗਲਤ ਤੱਥ ਰੱਖੇ ਗਏ ਸਨ।ઠਅਦਾਲਤ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਸੀ ਕਿ ਤੱਤਕਾਲੀਨ ਕੋਲਾ ਸਕੱਤਰ ਐੱਸ. ਸੀ. ਗੁਪਤਾ ਨੇ ਉਨ੍ਹਾਂ ਦੇ ਸਾਹਮਣੇ ਇਕ ਅਜਿਹੀ ਕੰਪਨੀ ਨੂੰ ਮੱਧ ਪ੍ਰਦੇਸ਼ ਵਿਚ ਕੋਲਾ ਬਲਾਕ ਅਲਾਟ ਕਰਨ ਦੀ ਸਿਫਾਰਸ਼ ਕੀਤੀ ਸੀ ਜੋ ਉਸ ਵੇਲੇ ਅਲਾਟਮੈਂਟ ਦੇ ਨਿਯਮਾਂ ਨੂੰ ਪੂਰਾ ਨਹੀਂ ਕਰਦੀ ਸੀ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਗੁਪਤਾ ਨੂੰ ਮੱਧ ਪ੍ਰਦੇਸ਼ ਵਿਚ ਥੇਸਗੋਰਾ-ਬੀ ਕੋਲਾ ਬਲਾਕ ਕਮਲ ਸਪਾਂਜ ਸਟੀਲ ਐਂਡ ਪਾਵਰ ਲਿਮਟਿਡ ਨੂੰ ਅਲਾਟ ਕਰਨ ਵਿਚ ਬੇਨਿਯਮੀਆਂ ਦਾ ਦੋਸ਼ੀ ਠਹਿਰਾਇਆ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …