Breaking News
Home / ਭਾਰਤ / ਅਰੁਣ ਜੇਤਲੀ ਨੇ ਕੇਜਰੀਵਾਲ ਖਿਲਾਫ ਕੀਤਾ 10 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ

ਅਰੁਣ ਜੇਤਲੀ ਨੇ ਕੇਜਰੀਵਾਲ ਖਿਲਾਫ ਕੀਤਾ 10 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ

ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਤਲੀ ਖਿਲਾਫ ਕੀਤੀਆਂ ਸਨ ਟਿੱਪਣੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਨਵਾਂ ਮੁਕੱਦਮਾ ਦਾਇਰ ਕਰਦਿਆਂ 10 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਅਦਾਲਤ ਵਿਚ ਜੇਤਲੀ ਬਾਰੇ ਇਤਰਾਜ਼ਯੋਗ ਸ਼ਬਦ ‘ਧੋਖੇਬਾਜ਼’ ਦੀ ਵਰਤੋਂ ਕੀਤੀ ਸੀ। ਜੇਤਲੀ ਵਲੋਂ ਪੇਸ਼ ਵਕੀਲ ਮਾਣਿਕ ਡੋਗਰਾ ਨੇ ਦੱਸਿਆ ਕਿ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਨਵਾਂ ਦੀਵਾਨੀ ਮੁਕੱਦਮਾ ਦਾਖ਼ਲ ਕੀਤਾ ਹੈ ਕਿਉਂਕਿ ਉਨ੍ਹਾਂ (ਕੇਜਰੀਵਾਲ) ਨੇ ਆਪਣੇ ਵਕੀਲ ਰਾਹੀਂ ਖੁੱਲ੍ਹੀ ਅਦਾਲਤ ਵਿਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਜੋ ਅਦਾਲਤੀ ਰਿਕਾਰਡ ਵਿਚ ਵੀ ਦਰਜ ਹੈ।
ਜੇਤਲੀ ਨੇ ਇਸ ਤੋਂ ਪਹਿਲਾਂ ਵੀ ਮਾਣਹਾਨੀ ਦਾ ਦੀਵਾਨੀ ਮੁਕੱਦਮਾ ਕਰਦਿਆਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪੰਜ ਹੋਰਨਾਂ ਆਗੂਆਂ ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ ਅਤੇ ਦੀਪਕ ਵਾਜਪਾਈ ਤੋਂ 10 ਕਰੋੜ ਰੁਪਏ ਮੁਆਵਜ਼ਾ ਮੰਗਿਆ ਸੀ।ઠਇਨ੍ਹਾਂ ਵਿਅਕਤੀਆਂ ਨੇ ਜੇਤਲੀ ‘ਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਿਚ ਵਿੱਤੀ ਬੇਨਿਯਮੀਆਂ ਕਰਨ ਦਾ ਦੋਸ਼ ਲਾਇਆ ਸੀ। 2000 ਤੋਂ 2013 ਦਰਮਿਆਨ ਅਰੁਣ ਜੇਤਲੀ ਡੀ.ਡੀ.ਸੀ.ਏ. ਦੇ ਮੁਖੀ ਸਨ। ਦੀਵਾਨੀ ਮਾਮਲੇ ਤੋਂ ਇਲਾਵਾ ਜੇਤਲੀ ਨੇ ਆਪ ਆਗੂਆਂ ਵਿਰੁੱਧ ਹੇਠਲੀ ਅਦਾਲਤ ਵਿਚ ਮਾਣਹਾਨੀ ਦਾ ਫ਼ੌਜਦਾਰੀ ਮੁਕੱਦਮਾ ਵੀ ਕੀਤਾ ਹੋਇਆ ਹੈ।

Check Also

ਮਾਈਕਰੋਸਾਫਟ ਦੇ ਸਰਵਰ ’ਚ ਆਈ ਤਕਨੀਕੀ ਖਰਾਬੀ

ਭਾਰਤ ਸਮੇਤ ਦੁਨੀਆ ਭਰ ’ਚ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਈਕਰੋਸਾਫਟ ਕਾਰਪ …