ਲਗਾਤਾਰ 7ਵੇਂ ਮਹੀਨੇ ਜ਼ੀਰੋ ਤੋਂ ਹੇਠਾਂ ਰਹੀ ਮਹਿੰਗਾਈ, ਖਾਣ-ਪੀਣ ਦਾ ਸਮਾਨ ਹੋਇਆ ਸਸਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਖਾਣ-ਪੀਣ ਦੇ ਸਮਾਨ ’ਚ ਗਿਰਾਵਟ ਦੇ ਚਲਦਿਆਂ ਅਕਤੂਬਰ ਮਹੀਨੇ ’ਚ ਭਾਰਤ ਦੀ ਥੋਕ ਮਹਿੰਗਾਈ ਦਰ ਘਟ ਕੇ ਮਾਈਨਸ 0.52 ਫੀਸਦੀ ’ਤੇ ਆ ਗਈ ਹੈ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਥੋਕ ਮਹਿੰਗਾਈ ਮਾਈਨਸ 0.26 ਫੀਸਦੀ ਸੀ, ਉਥੇ ਹੀ ਅਗਸਤ ਮਹੀਨੇ ਇਹ ਮਹਿੰਗਾਈ ਦਰ ਮਾਈਨਸ 0.52 ਫੀਸਦੀ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ’ਚ ਮਹਿੰਗਾਈ ਦੀ ਇਹ ਦਰ 8.39 ਫੀਸਦੀ ਸੀ। ਸਰਕਾਰ ਵੱਲੋਂ ਹਰ ਮਹੀਨੇ ਹੋਲਸੇਲ ਪ੍ਰਾਈਸ ਇੰਡੈਕਸ ਯਾਨੀ ਡਬਲਿਊ ਪੀ ਆਈ ਦੇ ਅੰਕੜੇ ਜਾਰੀ ਕੀਤੇ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਰਿਟੇਲ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ ਸਨ। ਥੋਕ ਮਹਿੰਗਾਈ ਦੇ ਲੰਬੇ ਸਮੇਂ ਤੱਕ ਵਧੇ ਰਹਿਣ ਨਾਲ ਜ਼ਿਆਦਾਤਰ ਪ੍ਰੋਡਕਟਿਵ ਸੈਕਟਰ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਜੇਕਰ ਥੋਕ ਮੁੱਲ ਬਹੁਤ ਜ਼ਿਆਦਾ ਸਮੇਂ ਤੱਕ ਉਚੇ ਪੱਧਰ ’ਤੇ ਰਹਿੰਦਾ ਹੈ ਤਾਂ ਪ੍ਰੋਡਿਊਸਰ ਇਸ ਦਾ ਭਾਰ ਕੰਜਿਊਮਰ ’ਤੇ ਪਾ ਦਿੰਦਾ ਹੈ। ਸਰਕਾਰ ਕੇਵਲ ਟੈਕਸ ਦੇ ਜਰੀਏ ਡਬਲਿਊ ਪੀ ਆਈ ਨੂੰ ਕੰਟਰੋਲ ਕਰ ਸਕਦੀ ਹੈ। ਮਹਿੰਗਾਈ ਦਰ ਦੇ ਨੈਗਟਿਵ ਰਹਿਣ ਨਾਲ ਇਕਾਨਮੀ ’ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਇਸ ਨੂੰ ਡਿਫਲੇਸ਼ਨ ਕਿਹਾ ਜਾਂਦਾ ਹੈ। ਨੈਗੇਟਿਵ ਮਹਿੰਗਾਈ ਉਦੋਂ ਹੁੰਦੀ ਹੈ ਜਦੋਂ ਵਸਤੂਆਂ ਦਾ ਉਤਪਾਦਨ ਮੰਗ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਇਸ ਨਾਲ ਵਸਤੂਆਂ ਦੀਆਂ ਕੀਮਤਾਂ ਡਿੱਗ ਜਾਂਦੀਆਂ ਹਨ ਅਤੇ ਕੰਪਨੀਆਂ ਦਾ ਪ੍ਰੌਫਿਟ ਘਟ ਜਾਂਦਾ ਹੈ।