Breaking News
Home / ਪੰਜਾਬ / ਪੰਜਾਬ ‘ਚ ਨਸ਼ਿਆਂ ਦੀ ਖਪਤ ਵਧੀ, ਕੇਂਦਰੀ ਏਜੰਸੀਆਂ ਦੀ ਉਡੀ ਨੀਦ

ਪੰਜਾਬ ‘ਚ ਨਸ਼ਿਆਂ ਦੀ ਖਪਤ ਵਧੀ, ਕੇਂਦਰੀ ਏਜੰਸੀਆਂ ਦੀ ਉਡੀ ਨੀਦ

ਪੰਜਾਬੀ ਤਸਕਰਾਂ ਦੀ ਅਫ਼ਗਾਨੀ ਤੇ ਨਾਇਜੀਰੀਆ ਦੇ ਨਾਗਰਿਕਾਂ ਨਾਲ ਗੰਢ-ਤੁੱਪ
ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦੀ ਵਧਦੀ ਖ਼ਪਤ ਕਾਰਨ ਰਾਜ ਸਰਕਾਰ ਸਮੇਤ ਕੇਂਦਰੀ ਏਜੰਸੀਆਂ ਦੀ ਚਿੰਤਾ ਵੀ ਵਧ ਗਈ ਹੈ। ਅੰਮ੍ਰਿਤਸਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਹਾਲ ਹੀ ‘ਚ ਕੀਤੀ ਮੀਟਿੰਗ ਦੌਰਾਨ ਐੱਨਸੀਬੀ ਦੇ ਅਧਿਕਾਰੀਆਂ ਨੇ ਮੰਨਿਆ ਕਿ ਪੰਜਾਬ ਵਿੱਚ ਖ਼ਤਰਨਾਕ ਕਿਸਮ ਦੇ ਨਸ਼ਿਆਂ ਦੀ ਤਸਕਰੀ ਤੇ ਖ਼ਪਤ ਵਧ ਗਈ ਹੈ। ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਸਮਗਲਿੰਗ ਵਧਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਐੱਨਸੀਬੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ‘ਬੱਡੀ’ ਅਤੇ ‘ਡੈਪੋ’ ਸਕੀਮਾਂ ਚਲਾਏ ਜਾਣ ਦੀ ਸ਼ਲਾਘਾ ਤਾਂ ਕੀਤੀ ਪਰ ਨਸ਼ਿਆਂ ਦੀ ਤਸਕਰੀ ਰੋਕਣ ਲਈ ਹੋਰ ਪੁਖ਼ਤਾ ਕਦਮ ਚੁੱਕਣ ਲਈ ਵੀ ਕਿਹਾ। ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਦੌਰਾਨ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਪੰਜਾਬ ਵਿੱਚ ਅਫਗਾਨ ਅਤੇ ਨਾਇਜੀਰੀਆ ਦੇ ਨਾਗਰਿਕਾਂ ਦੀ ਸਮਗਲਿੰਗ ‘ਚ ਵਧਦੀ ਸ਼ਮੂਲੀਅਤ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਨਾਇਜੀਰੀਅਨ ਤਾਂ ਕਦੀ ਕਦਾਈਂ ਸਮਗਲਿੰਗ ਦੇ ਦੋਸ਼ਾਂ ‘ਚ ਫੜ੍ਹੇ ਜਾਂਦੇ ਸਨ ਪਰ ਅਫ਼ਗਾਨੀ ਨਾਗਰਿਕਾਂ ਦਾ ਸਮਗਲਿੰਗ ਦੇ ਮਾਮਲੇ ‘ਚ ਨਵਾਂ ਦਾਖ਼ਲਾ ਹੈ। ਐੱਨਸੀਬੀ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਕਈ ਅਜਿਹੇ ਮਾਮਲੇ ਦੀ ਸਾਂਝੇ ਕੀਤੇ, ਜਿਸ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ‘ਚ ਕੋਕੀਨ ਵਰਗੇ ਭਿਆਨਕ ਨਸ਼ਿਆਂ ਦੀ ਸਮਗਲਿੰਗ ਹੋਣ ਲੱਗੀ ਹੈ ਤੇ ਸਮਗਲਿੰਗ ਸਰਹੱਦੋਂ ਪਾਰ ਦੀ ਥਾਂ ਬਰਾਸਤਾ (ਵਾਇਆ) ਦਿੱਲੀ ਵੀ ਹੋਣ ਲੱਗੀ ਹੈ। ਇਸ ਤੋਂ ਸਪੱਸ਼ਟ ਹੈ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ 40 ਦਿਨਾਂ ਤੋਂ ਚੌਕਸੀ ਹੋਣ ਤੇ ਸਰਹੱਦ ‘ਤੇ ਸਖ਼ਤੀ ਹੋਣ ਤੋਂ ਬਾਅਦ ਸਮੱਗਲਰਾਂ ਨੇ ਪੰਜਾਬ ‘ਚ ਨਸ਼ੇ ਪਹੁੰਚਾਉਣ ਲਈ ਨਵੇਂ ਰਾਹ ਵੀ ਤਲਾਸ਼ੇ ਹਨ। ਪੰਜਾਬ ਵਿੱਚ ਹੁਣ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਸਮੱਗਲਿੰਗ ਸਰਹੱਦ ਤੋਂ ਪਾਰ ਪਾਕਿਸਤਾਨ ਤੋਂ ਹੀ ਹੁੰਦੀ ਹੈ ਤੇ ਜਾਂ ਫਿਰ ਜੰਮੂ ਕਸ਼ਮੀਰ ਸਰਹੱਦ ਰਾਹੀਂ ਪੰਜਾਬ ਲਿਆਂਦੀ ਜਾਂਦੀ ਹੈ। ਐੱਨਸੀਬੀ ਦੇ ਅਧਿਕਾਰੀਆਂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵੱਲੋਂ ਪੰਜਾਬ ‘ਚ ਨਸ਼ਿਆਂ ਦੀ ਲਤ ਤੇ ਸ਼ਿਕਾਰ ਵਿਅਕਤੀਆਂ ਸਬੰਧੀ ਕੀਤੇ ਸਰਵੇਖਣ ਦਾ ਵੀ ਮੀਟਿੰਗ ਦੌਰਾਨ ਹਵਾਲਾ ਦਿੱਤਾ ਗਿਆ। ਏਮਜ਼ ਦੇ ਸਰਵੇਖਣ ਮੁਤਾਬਕ ਪੰਜਾਬ ‘ਚ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਦੀ ਗਿਣਤੀ 10 ਲੱਖ ਦੇ ਕਰੀਬ ਹੈ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗੁਆਂਢੀ ਮੁਲਕ ‘ਤੇ ਦੋਸ਼ ਲਾਇਆ ਕਿ ਪਾਕਿਸਤਾਨ ਦਾ ਪੂਰਾ ਜ਼ੋਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ‘ਚ ਧੱਕਣ ‘ਤੇ ਹੀ ਲੱਗਾ ਹੋਇਆ ਹੈ। ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਮਗਲਿੰਗ ਭਾਵੇਂ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਵੀ ਹੁੰਦੀ ਹੈ ਪਰ ਪੰਜਾਬ ਦੇ ਮਾਮਲੇ ਵਿੱਚ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਐੱਨਸੀਬੀ ਦੇ ਅਧਿਕਾਰੀਆਂ ਵੱਲੋਂ ਜਿਸ ਤਰ੍ਹਾਂ ਦੇ ਤੱਥ ਰਖਦਿਆਂ ਤੌਖਲੇ ਜ਼ਾਹਿਰ ਕੀਤੇ ਗਏ ਹਨ ਉਸ ਨਾਲ ਪੰਜਾਬ ਸਰਕਾਰ ਲਈ ਵੀ ਭਵਿੱਖ ‘ਚ ਚੁਣੌਤੀਆਂ ਵਧ ਸਕਦੀਆਂ ਹਨ। ਨਸ਼ਿਆਂ ਦੀ ਖਪਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਪਹਿਲਾਂ ਹੀ ਕਸੂਤੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਤੇ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …