ਪ੍ਰਸ਼ਾਸਨ ਨੇ ਨਵਾਂ ਬੁੱਤ ਲਗਾਉਣ ਦਾ ਦਿੱਤਾ ਭਰੋਸਾ
ਰਾਜਪੁਰਾ/ਬਿਊਰੋ ਨਿਊਜ਼ : ਰਾਜਪੁਰਾ ਦੇ ਆਈਟੀਆਈ ਚੌਕ ਨੇੜਲੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਕੁਝ ਸ਼ਰਾਰਤੀਆਂ ਵੱਲੋਂ ਨੁਕਸਾਨ ਪਹੁੰਚਾਏ ਜਾਣ ‘ਤੇ ਇਲਾਕੇ ਦੇ ਦਲਿਤ ਸਮਾਜ ਦੀਆਂ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ।
ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਆਈਟੀਆਈ ਚੌਕ ਨੇੜੇ ਲੱਗੇ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ। ਬੁੱਤ ਨਾਲ ਛੇੜਛਾੜ ਦਾ ਮਾਮਲਾ ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆ ਦੇ ਧਿਆਨ ਵਿੱਚ ਆਉਣ ‘ਤੇ ਸਮੁੱਚੇ ਖੇਤਰ ਵਿੱਚ ਰੋਸ ਫੈਲ ਗਿਆ। ਪ੍ਰਸ਼ਾਸਨ ਵੱਲੋਂ ਬੁੱਤ ਨੇੜੇ ਵੱਡੀ ਗਿਣਤੀ ਵਿੱਚ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਐੱਸਡੀਐੱਮ ਰਾਜਪੁਰਾ ਰਜਨੀਸ਼ ਅਰੋੜਾ ਸਣੇ ਹੋਰ ਅਧਿਕਾਰੀਆਂ ਨੇ ਦਲਿਤ ਸਮਾਜ ਦੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦਲਿਤ ਜਥੇਬੰਦੀਆਂ ਤੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਨੁਕਸਾਨੇ ਗਏ ਬੁੱਤ ਦੀ ਥਾਂ ਦੋ ਹਫ਼ਤਿਆਂ ਵਿਚ ਨਵਾਂ ਬੁੱਤ ਲਗਾਏ ਜਾਣ ਦਾ ਵਿਸ਼ਵਾਸ ਦਿਵਾਇਆ। ਇਸ ਭਰੋਸੇ ਉਪਰੰਤ ਜਥੇਬੰਦੀਆਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ।
ਡੀਐੱਸਪੀ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਜਾਂਚ ਲਈ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਵਿਸ਼ੇਸ ਜਾਂਚ ਟੀਮ ਬਣਾ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਨਵਾਂ ਬੁੱਤ ਲਗਾਉਣ ਦਾ ਭਰੋਸੇ ਮਗਰੋਂ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਮਨ ਸਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
Check Also
‘ਆਪ’ ਵਿਧਾਇਕ ਖਿਲਾਫ਼ ਬਰਨਾਲਾ ’ਚ ਅਧਿਆਪਕਾਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ
ਜੌੜਾਮਾਜਰਾ ਨੇ ਅਧਿਆਪਕਾਂ ਨੂੰ ਬੋਲੇ ਸਨ ਇਤਰਾਜ਼ਯੋਗ ਸ਼ਬਦ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਦੇ ਸਮਾਣਾ ਸਕੂਲ …