ਕੈਬਨਿਟ ਸਬ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੰਦ ਕੁਮਾਰ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਦਾ ਮਾਮਲਾ ਪੰਜਾਬ ਦੇ ਨਾਲ ਮਿਲ ਕੇ ਬੈਠ ਕੇ ਸੁਲਝਾਇਆ ਜਾਵੇਗਾ। ਪੰਜਾਬ ਇਸ ਸਬੰਧੀ ਆਨਾਕਾਨੀ ਕਰੇਗਾ ਤਾਂ ਉਸ ਤੋਂ ਬਾਅਦ ਹਿਮਾਚਲ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ। ਚੰਡੀਗੜ੍ਹ ਵਿਚੋਂ ਹਿਮਾਚਲ ਦੀ ਹਿੱਸੇਦਾਰੀ ਲੈਣ ਲਈ ਹਿਮਾਚਲ ਸਰਕਾਰ ਵਲੋਂ ਗਠਿਤ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਤੋਂ ਬਾਅਦ ਖੇਤੀ ਮੰਤਰੀ ਚੰਦ ਕੁਮਾਰ ਨੇ ਕਿਹਾ ਕਿ ਹਿਮਾਚਲ ਮਿੱਤਰਤਾਪੂਰਨ ਢੰਗ ਨਾਲ ਇਸ ਮਸਲੇ ਦਾ ਹੱਲ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਨਰ ਗਠਨ ਐਕਟ 1966 ਵਿਚ ਆਬਾਦੀ ਦੇ ਹਿਸਾਬ ਨਾਲ ਹਿੱਸੇਦਾਰੀ ਦਾ ਪ੍ਰਬੰਧ ਹੈ। ਚੰਦ ਕੁਮਾਰ ਨੇ ਕਿਹਾ ਕਿ ਹਿਮਾਚਲ, ਐਕਟ ਤੋਂ ਜ਼ਿਆਦਾ ਕੁਝ ਨਹੀਂ ਮੰਗ ਰਿਹਾ ਅਤੇ ਆਪਣਾ ਹੱਕ ਹਰ ਹਾਲਤ ਵਿਚ ਲੈ ਕੇ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਪੰਜਾਬ ਪੁਨਰਗਠਨ ਐਕਟ ਨੂੰ ਲੈ ਕੇ ਹੀ ਚਰਚਾ ਕੀਤੀ ਗਈ। ਚੰਦ ਕੁਮਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਪੁਨਰਗਠਨ ਐਕਟ 1966 ਦਾ ਅਧਿਐਨ ਕਰਨ ਲਈ ਕਿਹਾ ਗਿਆ ਹੈ।