ਬੰਗਾ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ ਬਾਰੇ ਪਤਾ ਲੱਗਣ ‘ਤੇ ਪਿੰਡ ਖਟਕੜ ਕਲਾਂ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੌਕੇ ‘ਤੇ ਆਪਣੀ ਜੇਬ ਵਿਚੋਂ ਪਾਵਰਕੌਮ ਦੇ ਨਾਂ ਢਾਈ ਲੱਖ ਦਾ ਚੈੱਕ ਕੱਟ ਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸੌਂਪ ਦਿੱਤਾ। ਉਹ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦਾ ਜਾਇਜ਼ਾ ਲੈਣ ਆਏ ਸਨ। ਇਸ ਕਾਰਜ ਦੇ ਪਿਛਲੇ ਅੱਠ ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਇਸ ਬਾਰੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਗੱਲ ਕਰਕੇ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟ ਨੂੰ 23 ਮਾਰਚ, 2018 ਤਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੂਰਿਸਟ ਸਰਕਟਾਂ ਤਹਿਤ ਸੂਬੇ ਭਰ ਵਿਚ ਸ਼ਹੀਦਾਂ ਨਾਲ ਸਬੰਧਤ ਥਾਵਾਂ ਨੂੰ ਜੋੜਿਆ ਜਾਵੇਗਾ, ਜਿਸ ਨਾਲ ਸੈਲਾਨੀਆਂ ਨੂੰ ਸਹੂਲਤ ਹੋਵੇਗੀ। ਇਸ ਤੋਂ ਪਹਿਲਾਂ ਸਿੱਧੂ ਨੇ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਤੋਂ ਇਲਾਵਾ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ‘ਤੇ ਫੁੱਲ ਮਾਲਾਵਾਂ ਰੱਖ ਕੇ ਸਿਜਦਾ ਕੀਤਾ। ਇਸ ਬਾਅਦ ਪੁਰਾਣੇ ਮਿਊਜ਼ੀਅਮ ਤੇ ਨਵੇਂ ਬਣ ਰਹੇ ਮਿਊਜ਼ੀਅਮ ਤੇ ਯਾਦਗਾਰ ਦਾ ਦੌਰਾ ਕੀਤਾ। ਉਨ੍ਹਾਂ ਨੇ ਭਗਤ ਸਿੰਘ ਦੇ ਜੱਦੀ ਘਰ ਵਿੱਚ ਸ਼ਹੀਦ ਨਾਲ ਸਬੰਧਤ ਵਸਤਾਂ ਨੀਝ ਨਾਲ ਵੇਖੀਆਂ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਮੌਜੂਦ ਸਨ।
ਸਿੱਧੂ ਨੇ ਆਪਣੇ ਪੱਲਿਓ ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਦੇ ਚੈਕ
ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਭੇਟ ਕੀਤੇ ਹਨ, ਜਿਨ੍ਹਾਂ ਦੀ ਕਣਕ ਦੀ ਫ਼ਸਲ ਅਪਰੈਲ-ਮਈ ਵਿੱਚ ਸ਼ਾਰਟ ਸਰਕਟ ਕਾਰਨ ਨਸ਼ਟ ਹੋ ਗਈ ਸੀ। ਉਨ੍ਹਾਂ ਆਪਣੀ ਨਿੱਜੀ ਜੇਬ ਵਿੱਚੋਂ 15 ਲੱਖ ਰੁਪਏ ਦੇ ਚੈੱਕ ਅਜਨਾਲਾ ਉਪ ਮੰਡਲ ਦੇ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੇ। ਲੰਘੇ ਦਿਨੀਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰ-ਸ਼ੋਰ ਨਾਲ ਉਭਾਰਿਆ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਨੇ ਮੁਆਵਜ਼ੇ ਦੇ ਚੈੱਕ ਦਿੱਤੇ। ਇਸ ਮੌਕੇ ਉਨ੍ਹਾਂ ਭਾਜਪਾ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਸਬੰਧੀ ਲਏ ਫ਼ੈਸਲੇ ਕਾਰਨ ਸੂਬਾ ਆਰਥਿਕ ਤੰਗੀ ਵਿਚੋਂ ਲੰਘ ਰਿਹਾ ਹੈ। ਪਿਛਲੇ ਛੇ ਮਹੀਨਿਆਂ ਵਿੱਚ ਸੂਬੇ ਨੇ ਆਪਣੇ ਹਿੱਸੇ ਦੇ 1800 ਕਰੋੜ ਰੁਪਏ ਵਿੱਚੋਂ ਸਿਰਫ਼ 450 ਕਰੋੜ ਰੁਪਏ ਦਾ ਹਿੱਸਾ ਪ੍ਰਾਪਤ ਕੀਤਾ ਹੈ।