Breaking News
Home / ਪੰਜਾਬ / ਵਿਦੇਸ਼ ਜਾਣ ਦੀ ਚਾਹਤ ਵਿੱਚ ਵੇਚੇ ਮਕਾਨ ਤੇ ਜ਼ਮੀਨਾਂ

ਵਿਦੇਸ਼ ਜਾਣ ਦੀ ਚਾਹਤ ਵਿੱਚ ਵੇਚੇ ਮਕਾਨ ਤੇ ਜ਼ਮੀਨਾਂ

ਪਰਵਾਸ ਕਾਰਨ ਪਿੰਡਾਂ ਦੀ ਅਬਾਦੀ ਦੀ ਗਿਣਤੀ ਵੀ ਹੋਈ ਪ੍ਰਭਾਵਿਤ
ਜਲੰਧਰ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਦਾਸ ‘ਤੇ ਵਿਦੇਸ਼ ਪਰਵਾਸ ਕਰ ਜਾਣ ਦਾ ਅਜਿਹਾ ਅਸਰ ਹੈ ਕਿ ਲੋਕ ਜ਼ਮੀਨਾਂ ਤੇ ਜੱਦੀ ਘਰ ਤੱਕ ਵੇਚ ਰਹੇ ਹਨ। ਪਰਵਾਸ ਕਾਰਨ ਪਿੰਡ ਵਿਚ ਆਬਾਦੀ ਦੀ ਗਿਣਤੀ-ਮਿਣਤੀ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਦਸ ਸਾਲਾਂ ਵਿਚ ਪਿੰਡ ਵਿਚ ਰਹਿ ਰਹੇ 12-15 ਪਰਿਵਾਰਾਂ ਨੇ ਵਿਦੇਸ਼ ਵਿਚ ਆਪਣੇ ਬੱਚਿਆਂ ਦੀ ਸਿੱਖਿਆ ਲਈ ਪੈਸੇ ਇਕੱਠੇ ਕਰਨ ਖਾਤਰ ਆਪਣੀ ਖੇਤੀਬਾੜੀ ਜ਼ਮੀਨ ਜਾਂ ਜੱਦੀ ਘਰਾਂ ਨੂੰ ਵੇਚਣਾ ਚੁਣਿਆ ਹੈ।
ਪਿੰਡ ਦੀ ਸਰਪੰਚ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਪਰਿਵਾਰਾਂ ਨੇ ਆਪਣੀ ਸੰਪਤੀ ਬਿਲਡਰਾਂ, ਪ੍ਰਾਪਰਟੀ ਡੀਲਰਾਂ ਜਾਂ ਹੋਰ ਖਰੀਦਦਾਰਾਂ ਨੂੰ ਵੇਚੀ ਹੈ।
ਮੰਦਭਾਗਾ ਹੈ ਕਿ ਬੱਚਿਆਂ ਦੀ ਵਿਦੇਸ਼ ‘ਚ ਪੜ੍ਹਾਈ ਫੰਡ ਕਰਨ ਲਈ ਇਨ੍ਹਾਂ ਨੂੰ ਵਾਜਬ ਕੀਮਤ ਤੋਂ ਕਾਫ਼ੀ ਹੇਠਲਾ ਭਾਅ ਮਿਲਿਆ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਦੇ ਅੰਦਰ ਇਕ ਏਕੜ ਜ਼ਮੀਨ ਦੀ ਕੀਮਤ ਇਸ ਵੇਲੇ 22-25 ਲੱਖ ਹੈ, ਪਰ ਪਿੰਡ ਵਾਸੀਆਂ ਨੇ ਇਸ ਨੂੰ ਸਿਰਫ਼ 15 ਲੱਖ ਵਿਚ ਵੇਚਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਿੰਡ ਦੀ ਆਬਾਦੀ 6000 ਹੈ ਤੇ 2,353 ਰਜਿਸਟਰਡ ਵੋਟਰ ਹਨ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ 888 ਵੋਟਰ ਪਹਿਲਾਂ ਹੀ ਵਿਦੇਸ਼ ਵਸ ਚੁੱਕੇ ਹਨ। ਵੋਟਰਾਂ ਦੀ ਗਿਣਤੀ ਸਿਰਫ਼ 1465 ਰਹਿ ਗਈ ਹੈ।
ਪਰਵਾਸ ਦੇ ਸਿੱਟੇ ਵਜੋਂ ਪਿੰਡ ਦੇ ਜ਼ਿਆਦਾਤਰ ਘਰ ਜਾਂ ਤਾਂ ਖਾਲੀ ਹਨ, ਜਾਂ ਫਿਰ ਜਿੰਦਰੇ ਲੱਗੇ ਹੋਏ ਹਨ। ਕਈ ਘਰਾਂ ਨੂੰ ਨੌਕਰ ਜਾਂ ਬਜ਼ੁਰਗ ਸੰਭਾਲ ਰਹੇ ਹਨ। ਪਿੰਡ ਦੇ ਇਕ ਵਾਸੀ ਅਜੀਤ ਸਿੰਘ ਨੇ ਦੱਸਿਆ ਕਿ ਯੂਪੀ ਤੇ ਬਿਹਾਰ ਤੋਂ ਆਏ ਪਰਵਾਸੀ ਜੱਦੀ ਵਾਸੀਆਂ ਨਾਲੋਂ ਪਿੰਡ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਹਨ, ਕਿਉਂਕਿ ਇਨ੍ਹਾਂ ਨੂੰ ਐੱਨਆਰਆਈ ਲੋਕਾਂ ਦੀਆਂ ਜਾਇਦਾਦਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ।
ਅਜੀਤ ਸਿੰਘ ਦਾ ਆਪਣਾ ਪਰਿਵਾਰ ਵੀ ਅਮਰੀਕਾ ਵਿਚ ਹੈ, ਪਰ ਉਹ ਪਿੰਡ ਰਹਿ ਰਹੇ ਹਨ। ਉਨ੍ਹਾਂ ਕਿਹਾ, ‘ਮੇਰੇ ਵਰਗੇ ਲੋਕਾਂ ਜਿਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਡੂੰਘੀਆਂ ਹਨ, ਨੂੰ ਵਿਦੇਸ਼ੀ ਧਰਤੀ ਖ਼ੁਦ ਨੂੰ ਜੇਲ੍ਹ ‘ਚ ਰੱਖਣ ਵਾਂਗ ਲੱਗਦੀ ਹੈ।’ ਪਿੰਡ ਵਾਸੀ ਸੂਬੇਦਾਰ ਸਰਦਾਰ ਸਿੰਘ (80) ਨੇ ਕਿਹਾ ਕਿ ਉਨ੍ਹਾਂ ਵੀ ਪਰਵਾਸ ਦੇ ਅਸਰ ਹੰਢਾਏ ਹਨ। ਉਨ੍ਹਾਂ ਦੇ ਦੋ ਪੁੱਤਰ ਪੁਰਤਗਾਲ ਤੇ ਬੈਲਜੀਅਮ ਵਿਚ ਹਨ। ਹਾਲਾਂਕਿ ਪਿਛਲੇ 30 ਸਾਲਾਂ ਵਿਚ ਵਿਦੇਸ਼ਾਂ ‘ਚ ਵਸੇ ਪਰਵਾਸੀਆਂ ਵੱਲੋਂ ਭੇਜੀ ਮਦਦ ਨਾਲ ਪਿੰਡ ਦੀ ਨੁਹਾਰ ਵੀ ਬਦਲੀ ਹੈ। ਪਿੰਡ ਵਿਚ ਸੜਕਾਂ ਪੱਕੀਆਂ ਹੋਈਆਂ ਹਨ, ਸੀਵਰੇਜ ਜ਼ਮੀਨਦੋਜ਼ ਹੋਇਆ ਹੈ, ਡਿਸਪੈਂਸਰੀ ਤੇ ਹੋਰ ਸਿਹਤ ਸਹੂਲਤਾਂ ਹਨ, ਪਰ ਇਸ ਦੇ ਬਾਵਜੂਦ ਨਵੀਂ ਪੀੜ੍ਹੀ ਵਿਦੇਸ਼ ‘ਚ ਜ਼ਿੰਦਗੀ ਜਿਊਣ ਲਈ ਤਾਂਘਦੀ ਹੈ। ਇਸ ਲਈ ਉਹ ਜ਼ਮੀਨਾਂ ਤੇ ਘਰ ਵੇਚਣ ਜਿਹੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਹਨ।
ਪਿੰਡ ਦੇ ਇਕ ਨੌਜਵਾਨ ਵਾਸੀ ਲਵਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਤੇ ਸਮਾਜਿਕ ਸੁਰੱਖਿਆ ਦੀ ਕਮੀ ਕਾਰਨ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਚੰਗੇ ਮੌਕੇ ਤਲਾਸ਼ਦੀ ਹੈ। ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ 800 ਤੋਂ ਵੱਧ ਲੋਕ ਵਿਦੇਸ਼ਾਂ ਵਿਚ ਰਹਿ ਰਹੇ ਹਨ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …