ਅਬੋਹਰ/ਬਿਊਰੋ ਨਿਊਜ਼ : ਭਾਜਪਾ ਹਾਈਕਮਾਨ ਵਲੋਂ ਅਬੋਹਰ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਰਾਜਨੀਤੀ ਦੇ ਖੇਤਰ ‘ਚ ਵੱਡਾ ਕੱਦ ਰੱਖਣ ਵਾਲੇ ਆਗੂ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨ ‘ਤੇ ਜਿੱਥੇ ਇਕ ਪਾਸੇ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਹੀ ਭਾਜਪਾ ਦੇ ਪੁਰਾਣੇ ਵਰਕਰਾਂ ਵਿਚ ਨਾਰਾਜ਼ਗੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਲੜੀ ਤਹਿਤ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਭਾਜਪਾ ਹਾਈਕਮਾਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਅਰੁਣ ਨਾਰੰਗ ਮੌਜੂਦਾ ਸਮੇਂ ਪੰਜਾਬ ਪ੍ਰਦੇਸ਼ ਭਾਜਪਾ ਦੇ ਕਾਰਜਕਾਰਨੀ ਮੈਂਬਰ, ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਅਤੇ ਜ਼ਿਲ੍ਹਾ ਮਾਨਸਾ ਦੇ ਆਬਜ਼ਰਵਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ।
ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਈਕਮਾਨ ਨੇ ਪੰਜਾਬ ਦੀ ਪੁਰਾਣੀ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਨਵੀਂ ਲੀਡਰਸ਼ਿਪ ਹੱਥ ਪਾਰਟੀ ਦੀ ਕਮਾਨ ਸੰਭਾਲੀ ਹੈ, ਜਿਸ ਤਹਿਤ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਛੱਡਣਗੇ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੈਂਬਰ ਦੇ ਤੌਰ ‘ਤੇ ਕੰਮ ਕਰਦੇ ਰਹਿਣਗੇ।
ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਸੰਪਰਕ ‘ਚ ਰਹਾਂਗਾ : ਅਸ਼ਵਨੀ ਸ਼ਰਮਾ
ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਕੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੇ ਰੂਪ ‘ਚ, ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਦੇ ਰੂਪ ‘ਚ, ਪਾਰਟੀ ਦੇ ਦੋ ਵਾਰ ਪੰਜਾਬ ਭਾਜਪਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ ਸਹਿਯੋਗ ਦਿੱਤਾ ਹੈ। ਵਿਸ਼ੇਸ਼ ਕਰਕੇ ਕਿਸਾਨ ਅੰਦੋਲਨ ਦੌਰਾਨ, ਜਿਸ ‘ਚ ਕਾਰਜਕਰਤਾਵਾਂ ‘ਤੇ ਹਮਲੇ ਹੋ ਰਹੇ ਸਨ ਤੇ ਉਨ੍ਹਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਸੀ, ਉਸ ਸਮੇਂ ਵੀ ਪਾਰਟੀ ਨਾਲ ਤੇ ਮੇਰੇ ਨਾਲ ਖੜ੍ਹੇ ਰਹੇ। ਇਹ ਮੈਂ ਕਦੇ ਵੀ ਨਹੀਂ ਭੁੱਲਾਂਗਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਸੰਪਰਕ ‘ਚ ਰਹਾਂਗਾ ਤੇ ਮੈਂ ਹਮੇਸ਼ਾ ਤੁਹਾਡੇ ਲਈ ਨਿੱਜੀ ਤੌਰ ‘ਤੇ ਉਪਲਬਧ ਰਹਾਂਗਾ।
Check Also
ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਰਾਜਾ ਵੜਿੰਗ ’ਤੇ ਕੀਤਾ ਸਿਆਸੀ ਹਮਲਾ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ ਗਿੱਦੜਬਾਹਾ/ਬਿਊਰੋ ਨਿਊਜ਼ : ਗਿੱਦੜਬਾਹਾ ਵਿਧਾਨ ਸਭਾ …