Breaking News
Home / ਪੰਜਾਬ / ਹੁਨਰਮੰਦ ਸਿੱਖਿਆ ਦੀ ਲੋੜ ਅਨੁਸਾਰ ਪਾਠਕ੍ਰਮ ਤਿਆਰ ਕਰਨ ‘ਤੇ ਜ਼ੋਰ

ਹੁਨਰਮੰਦ ਸਿੱਖਿਆ ਦੀ ਲੋੜ ਅਨੁਸਾਰ ਪਾਠਕ੍ਰਮ ਤਿਆਰ ਕਰਨ ‘ਤੇ ਜ਼ੋਰ

ਚੰਡੀਗੜ੍ਹ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ‘ਚ ਕਿਹਾ ਕਿ ਸਿੱਖਿਆ ਸੰਸਥਾਨ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ। ਇਸ ਸਬੰਧੀ ਉਨ੍ਹਾਂ ਸੰਸਥਾਵਾਂ ਨੂੰ ਵੱਖਰਾ ਢਾਂਚਾ ਸਥਾਪਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਵਿੱਚ ਰੱਟੇ ਮਾਰਨ ਦੀ ਥਾਂ ਹੁਨਰੀ ਸਿੱਖਿਆ ਨੂੰ ਅੱਗੇ ਰੱਖਿਆ ਹੈ, ਜੋ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਸੰਸਥਾਵਾਂ ਨੂੰ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵੇਲੇ ਲੋੜ ਹੈ ਕਿ ਹੁਨਰਮੰਦ ਸਿੱਖਿਆ ਅਨੁਸਾਰ ਹੀ ਪਾਠਕ੍ਰਮ ਤਿਆਰ ਕੀਤੇ ਜਾਣ ਤਾਂ ਕਿ ਵਿਦਿਆਰਥੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਆਪ ਹੀ ਹੱਲ ਕਰਨ। ਉਹ ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਦੇ 100ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹਰਿਆਣਾ ਦੇ ਰਾਜਪਾਲ ਬੰਦਾਰੂ ਦੱਤਾਤ੍ਰੇਆ ਵੀ ਮੌਜੂਦ ਸਨ।
ਰਾਸ਼ਟਰਪਤੀ ਨੇ ਇੱਥੇ ਸ਼ਤਾਬਦੀ ਗੇਟ ਤੇ ਸੈਮੀ ਕੰਡਕਟਰ ਰਿਸਰਚ ਸੈਂਟਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਇੰਜਨੀਅਰਿੰਗ ਕਾਲਜ 1921 ਵਿੱਚ ਲਾਹੌਰ ਵਿਚ ਸਥਾਪਤ ਹੋਇਆ ਸੀ। 1960 ਤੋਂ ਮਗਰਲੇ ਦਹਾਕਿਆਂ ਵਿਚ ਹਾਲਾਤ ਸਾਜ਼ਗਾਰ ਨਹੀਂ ਸਨ ਤੇ ਇਸ ਕਾਲਜ ਨੇ ਦੇਸ਼ ਨੂੰ ਔਖੇ ਵੇਲੇ 17 ਮਿਜ਼ਾਇਲ ਇੰਜਨੀਅਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਤਕ ਇਸ ਕਾਲਜ ਨੇ ਮਹਾਨ ਵਿਗਿਆਨੀ ਪੈਦਾ ਕੀਤੇ ਹਨ। ਉਨ੍ਹਾਂ ਭਾਰਤੀ ਪੁਲਾੜ ਖੇਤਰ ਵਿਚ ਸਤੀਸ਼ ਧਵਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ, ਜੋ ਇਸੇ ਕਾਲਜ ਦੇ ਵਿਦਿਆਰਥੀ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਦੀ 1982 ਵਿਚ ਡਿਗਰੀ ਕਰਨ ਵਾਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਵੀ ਉਚੇਚਾ ਜ਼ਿਕਰ ਕੀਤਾ, ਜਿਸ ਨੇ ਭਾਰਤ ਦਾ ਵਿਸ਼ਵ ਵਿਚ ਨਾਂ ਰੌਸ਼ਨ ਕੀਤਾ। ਉਨ੍ਹਾਂ ਆਧੁਨਿਕ ਖੋਜ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਖੋਜ ਕੇਂਦਰ ਦੇਸ਼ ਦੇ ਚੋਣਵੇਂ ਕੇਂਦਰਾਂ ਵਿਚੋਂ ਇਕ ਹੈ।
ਸਵਿਤਾ ਕੋਵਿੰਦ ਵੱਲੋਂ ਸੁਖਨਾ ਨੇੜੇ ਪੰਛੀਸ਼ਾਲਾ ਦਾ ਉਦਘਾਟਨ
ਚੰਡੀਗੜ੍ਹ : ਚੰਡੀਗੜ੍ਹ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਅਤੇ ਸੁਖਨਾ ਝੀਲ ਦੇ ਨਜ਼ਦੀਕ ਪੰਛੀਸ਼ਾਲਾ ਬਣਾਈ ਗਈ ਹੈ ਜਿਸ ਦਾ ਉਦਘਾਟਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਨੇ ਕੀਤਾ। ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪਤਨੀ ਪੁਸ਼ਪਾ ਦੇਵੀ ਅਤੇ ਰਾਸ਼ਟਰਪਤੀ ਦੀ ਧੀ ਵੀ ਹਾਜ਼ਰ ਸਨ। ਇਹ ਪੰਛੀਸ਼ਾਲਾ ਸਿੰਗਾਪੁਰ ਦੇ ਜੁਰੋਂਗ ਬਰਡ ਪਾਰਕ ਦੀ ਤਰਜ਼ ‘ਤੇ ਬਣਾਈ ਗਈ ਹੈ ਜਿਸ ਵਿੱਚ ਸੈਲਾਨੀ ਦੇਸੀ ਅਤੇ ਵਿਦੇਸ਼ੀ ਪੰਛੀ ਦੇਖ ਸਕਣਗੇ। ਇਹ ਪਾਰਕ ਸੈਲਾਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ।
ਟਿੱਕਰੀ ਬਾਰਡਰ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ
ਦ੍ਰਿੜ੍ਹ ਇਰਾਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦੀ ਲੋੜ ‘ਤੇ ਜ਼ੋਰ
ਨਵੀਂ ਦਿੱਲੀ : ਨਵੀਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਬੀਬੀਆਂ ਨੇ ਸੰਭਾਲੀ। ਇਸ ਮੌਕੇ ਦ੍ਰਿੜ੍ਹ ਇਰਾਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਸਟੇਜ ਤੋਂ ਸੂਬਾਈ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਹਿਲਾ ਜਥੇਬੰਦੀ ਦੀ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਕਿਹਾ ਕਿ ਅੰਗਰੇਜ਼ ਹਕੂਮਤ ਨੇ ਆਪਣੇ ਰਾਜ ਦੌਰਾਨ ਭਾਰਤ ਦੀ ਖੇਤੀ ਸਮੇਤ ਹੋਰ ਵਸੀਲਿਆਂ ਅਤੇ ਕਿਰਤ ਦੀ ਲੁੱਟ ਬਹੁਤ ਤੇਜ਼ ਕੀਤੀ ਹੋਈ ਸੀ। ਭਾਰਤ ਦੇ ਨੌਜਵਾਨ ਰੁਜ਼ਗਾਰ ਦੀ ਭਾਲ ਤੇ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾ ਰਹੇ ਸਨ। ਕਰਤਾਰ ਸਿੰਘ ਸਰਾਭਾ ਵੀ ਉਚੇਰੀ ਸਿੱਖਿਆ ਦੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਸੀ। ਉੱਥੇ ਵੀ ਭਾਰਤ ਦੇ ਲੋਕਾਂ ਦਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਸ ਦੇ ਖ਼ਿਲਾਫ਼ ਚੱਲ ਰਹੀ ਲਹਿਰ ਦੌਰਾਨ ਸਰਾਭੇ ਦਾ ਮੇਲ ਉੱਥੇ ਭਾਰਤ ਦੇ ਇਨਕਲਾਬੀਆਂ ਨਾਲ ਹੋਇਆ ਜੋ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਿਉਂਤਾਂ ਬਣਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਨੇ ਅਹਿਮ ਰੋਲ ਨਿਭਾਇਆ। ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਅਤੇ ਭਾਰਤੀ ਲੋਕਾਂ ਦੀ ਲੁੱਟ ਪੂਰੀ ਤਰ੍ਹਾਂ ਖ਼ਤਮ ਕਰਾਉਣ ਲਈ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ।
ਅੰਗਰੇਜ਼ ਹਕੂਮਤ ਨੇ ਆਪਣੇ ਮੁਖ਼ਬਰਾਂ ਰਾਹੀ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸਦੇ ਛੇ ਸਾਥੀਆਂ ਸਮੇਤ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੇ ਦਿੱਤੀ।
ਬੁਲਾਰਿਆਂ ਕਿਹਾ ਕਿ ਭਾਰਤ ਦੇ ਕਿਰਤੀ ਲੋਕਾਂ ਦੀ ਲੁੱਟ ਖ਼ਤਮ ਕਰਾਉਣ ਲਈ ਦੇਸ਼ ਦੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੰਗਰੇਜ਼ ਭਾਰਤ ‘ਚੋਂ ਚਲੇ ਗਏ ਪਰ ਸਾਮਰਾਜੀਆਂ ਵੱਲੋਂ ਅੱਜ ਇੱਥੋਂ ਦੀਆਂ ਦਲਾਲ ਹਕੂਮਤਾਂ ਦੇ ਗੱਠਜੋੜ ਸਦਕਾ ਲੁੱਟ ਪਹਿਲਾਂ ਨਾਲੋਂ ਵੀ ਤੇਜ਼ ਕੀਤੀ ਹੋਈ ਹੈ। ਕਿਸਾਨਾਂ ਵੱਲੋਂ ਤਿਆਰ ਕੀਤੀ ਜਾਂਦੀ ਸਾਰੀ ਉਪਜ ‘ਤੇ ਕਬਜ਼ਾ ਕਰਵਾਉਣ, ਅਨਾਜ, ਸਬਜ਼ੀਆਂ ਅਤੇ ਫਲਾਂ ਦੀਆਂ ਮੰਡੀਆਂ ਦਾ ਭੋਗ ਪਾ ਕੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਲਈ ਮੋਦੀ ਸਰਕਾਰ ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਧੱਕੇ ਨਾਲ ਲਾਗੂ ਕਰਨ ‘ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਮਰਾਜੀ, ਜਾਗੀਰਦਾਰਾਂ ਹੱਥੋਂ ਕਿਰਤੀ ਲੋਕਾਂ ਦੀ ਲੁੱਟ ਖ਼ਤਮ ਕਰਾਉਣ ਲਈ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆਂ ਸ਼ਹੀਦਾਂ ਨੂੰ ਸਿਰਫ ਬੁੱਤਾਂ ‘ਤੇ ਹਾਰ ਪਾ ਕੇ ਸਰਧਾਂਜਲੀਆਂ ਦੇਣ ਦੀ ਬਜਾਏ ਦ੍ਰਿੜ੍ਹ ਇਰਾਦੇ ਨਾਲ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣ ਦੀ ਲੋੜ ਹੈ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਰੱਖਿਆ ਜਾਵੇਗਾ

 

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …