10.4 C
Toronto
Saturday, March 7, 2026
spot_img
Homeਪੰਜਾਬਭਾਜਪਾ ਆਗੂਆਂ ਦੇ ਭੜਕਾਊ ਨਾਅਰਿਆਂ ਖਿਲਾਫ ਅਵਾਜ਼ ਚੁੱਕਣ ਵਾਲੇ ਜੱਜ ਦਾ 'ਅੱਧੀ'...

ਭਾਜਪਾ ਆਗੂਆਂ ਦੇ ਭੜਕਾਊ ਨਾਅਰਿਆਂ ਖਿਲਾਫ ਅਵਾਜ਼ ਚੁੱਕਣ ਵਾਲੇ ਜੱਜ ਦਾ ‘ਅੱਧੀ’ ਰਾਤ’ ਨੂੰ ਕੀਤਾ ਗਿਆ ਸੀ ਤਬਾਦਲਾ

ਜਸਟਿਸ ਮੁਰਲੀਧਰਨ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਫੁੱਲਾਂ ਨਾਲ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਤੋਂ ‘ਅੱਧੀ ਰਾਤ’ ਨੂੰ ਕੀਤੇ ਤਬਾਦਲੇ ਮਗਰੋਂ ਚੰਡੀਗੜ੍ਹ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਲਫ਼ ਲੈਣ ਲਈ ਪੁੱਜੇ ਜਸਟਿਸ ਐੱਸ. ਮੁਰਲੀਧਰ ਦਾ ਸਵਾਗਤ ਕਰਨ ਲਈ ਭਰਵੇਂ ਮੀਂਹ ਦੇ ਬਾਵਜੂਦ ਅਦਾਲਤੀ ਕੰਪਲੈਕਸ ਵਿੱਚ ਵਕੀਲਾਂ ਦਾ ਹੜ੍ਹ ਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੱਲੋਂ ਜਸਟਿਸ ਐੱਸ. ਮੁਰਲੀਧਰ ਨੂੰ ਜੱਜ ਵਜੋਂ ਸਹੁੰ ਚੁਕਵਾਈ ਗਈ।
ਦਿੱਲੀ ਹਿੰਸਾ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਤੋਂ ‘ਅੱਧੀ ਰਾਤ’ ਨੂੰ ਕੀਤੇ ਤਬਾਦਲੇ ਮਗਰੋਂ ਜਸਟਿਸ ਮੁਰਲੀਧਰ ਨੇ ਇੱਥੇ ਚੀਫ ਜਸਟਿਸ ਤੋਂ ਬਾਅਦ ਦੇ ਸਭ ਤੋਂ ਸੀਨੀਅਰ ਜੱਜ ਵਜੋਂ ਜੁਆਇਨ ਕੀਤਾ ਹੈ। ਉਨ੍ਹਾਂ ਵਲੋਂ ਟੈਕਸ, ਰਿੱਟ ਅਤੇ ਸਿਵਲ ਮਾਮਲਿਆਂ ਦੀ ਸੁਣਵਾਈ ਕੀਤੀ ਜਾਇਆ ਕਰੇਗਾ। ਜਸਟਿਸ ਮੁਰਲੀਧਰ ਨੂੰ ਦਿੱਤੇ ਟੈਕਸ ਰੋਸਟਰ ‘ਤੇ ਬਹਿਸ ਛਿੜ ਗਈ ਹੈ ਕਿਉਂਕਿ ਕੁਝ ਕਾਨੂੰਨੀ ਮਾਹਿਰਾਂ ਨੇ ਇਸ ‘ਤੇ ‘ਨਿਰਾਸ਼ਾ’ ਪ੍ਰਗਟਾਈ ਹੈ। ਕੁਝ ਵਕੀਲਾਂ ਦਾ ਕਹਿਣਾ ਹੈ ਕਿ ਹਾਈ ਕੋਰਟਾਂ, ਵਿਸ਼ੇਸ਼ ਕਰਕੇ ਬੰਬਈ ਹਾਈਕੋਰਟ, ਵਿੱਚ ਟੈਕਸ ਬੈਂਚ ਦੀ ਅਗਵਾਈ ਚੀਫ ਜਸਟਿਸ ਜਾਂ ਸਭ ਤੋਂ ਸੀਨੀਅਰ ਜੱਜ ਵੱਲੋਂ ਹੀ ਕੀਤੀ ਜਾਂਦੀ ਹੈ ਜਦਕਿ ਕੁਝ ਹੋਰਾਂ ਦਾ ਕਹਿਣਾ ਹੈ ਕਿ ਜਸਟਿਸ ਮੁਰਲੀਧਰ ਨੂੰ ਉਨ੍ਹਾਂ ਦੇ ਵੱਡੇ ਤਜਰਬੇ ਦੇ ਆਧਾਰ ‘ਤੇ ਕੋਈ ਬਹੁਤ ਅਹਿਮ ਕੇਸਾਂ ਵਾਲਾ ਰੋਸਟਰ ਵੀ ਦਿੱਤਾ ਜਾ ਸਕਦਾ ਸੀ।
ਇਸੇ ਦੌਰਾਨ ਹਾਈ ਕੋਰਟ ਦੀਆਂ ਸੜਕਾਂ ‘ਤੇ ਵਕੀਲਾਂ ਦੀ ਵੱਡੀ ਭੀੜ ਰਹੀ। ਵੱਡੀ ਗਿਣਤੀ ਵਿੱਚ ਐਡਵੋਕੇਟ ਅਤੇ ਵਕੀਲ ਜਸਟਿਸ ਮੁਰਲੀਧਰ ਦਾ ਸਵਾਗਤ ਕਰਨ ਲਈ ਪੁੱਜੇ। ਸੜਕਾਂ ‘ਤੇ ਉਨ੍ਹਾਂ ਦੇ ਸਵਾਗਤ ਲਈ ਹੋਰਡਿੰਗ ਲੱਗੇ ਹੋਏ ਸਨ, ਜਿਨ੍ਹਾਂ ‘ਚੋਂ ਇੱਕ ‘ਤੇ ਲਿਖਿਆ ਸੀ, ”ਦਿੱਲੀ ਦੇ ਨੁਕਸਾਨ ਨਾਲ ਪੰਜਾਬ ਦਾ ਫ਼ਾਇਦਾ”। ਹਾਈਕੋਰਟ ਦੇ ਆਡੀਟੋਰੀਅਮ ਵਿੱਚ ਵਕੀਲਾਂ ਨੇ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਭੇਟ ਕਰਕੇ ਸਵਾਗਤ ਕੀਤਾ। ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਾਈ ਕੋਰਟ ਦੇ ਮੌਜੂਦਾ ਅਤੇ ਸੇਵਾਮੁਕਤ ਜੱਜਾਂ, ਨੌਕਰਸ਼ਾਹਾਂ, ਰਿਸ਼ਤੇਦਾਰਾਂ ਅਤੇ ਐਡਵੋਕੇਟਾਂ ਦੀ ਹਾਜ਼ਰੀ ਵਿੱਚ ਜਸਟਿਸ ਮੁਰਲੀਧਰ ਨੇ ‘ਭਾਰਤ ਦੇ ਸੰਵਿਧਾਨ ਪ੍ਰਤੀ ਭਰੋਸੇ ਅਤੇ ਵਫ਼ਾਦਾਰੀ’ ਦੀ ਸਹੁੰ ਚੁੱਕੀ। ਜਸਟਿਸ ਮੁਰਲੀਧਰ ਨੂੰ ਹਾਈ ਕੋਰਟ ਦੇ ਕੌਲਿਜੀਅਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਚੀਫ ਜਸਟਿਸ ਝਾਅ ਅਤੇ ਜਸਟਿਸ ਰਾਜੀਵ ਸ਼ਰਮਾ ਹਨ। ਜਸਟਿਸ ਮੁਰਲੀਧਰ ਦੇ ਤਬਾਦਲੇ ਨਾਲ ਜੱਜਾਂ ਦੀ ਗਿਣਤੀ ਵਧ ਕੇ 56 ਹੋ ਗਈ ਹੈ ਜਦਕਿ ਕੁੱਲ 85 ਅਸਾਮੀਆਂ ਹਨ।

RELATED ARTICLES
POPULAR POSTS