Breaking News
Home / ਪੰਜਾਬ / ਨਵੀਆਂ ਚੁਣੌਤੀਆਂ ਲੈ ਕੇ ਆਵੇਗਾ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਸਾਲ

ਨਵੀਆਂ ਚੁਣੌਤੀਆਂ ਲੈ ਕੇ ਆਵੇਗਾ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਸਾਲ

ਸੁਖਬੀਰ ਬਾਦਲ ਨੂੰ ਢੀਂਡਸਿਆਂ ਨੇ ਪਾਏ ਚਿੰਤਾ ‘ਚ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੋਂ ਕਿਨਾਰਾ ਕਰਨ ਦੇ ਮਾਮਲੇ ਨੂੰ ਰਾਜਨੀਤਕ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਇਸ ਵੇਲੇ ਸਾਬਕਾ ਵਿੱਤ ਮੰਤਰੀ ਢੀਂਡਸਾ ਪੰਜਾਬ ਵਿਧਾਨ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਵਿਚ ਪਿਛਲੇ ਦਿਨੀ ਕਰਵਾਏ ਗਏ ਡੈਲੀਗੇਟ ਇਜਲਾਸ ਵਿਚ ਵੀ ਹਾਜ਼ਰ ਨਹੀਂ ਹੋਏ ਸਨ ਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਨਾਲ ਹੀ ਰਾਜਨੀਤੀ ਦੇ ਅਖਾੜੇ ਵਿਚ ਆਵੇਗਾ। ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਇਸ ਮੁੱਦੇ ‘ਤੇ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਕਿਉਂਕਿ ਸਾਬਕਾ ਵਿੱਤ ਮੰਤਰੀ ਢੀਂਡਸਾ ਡੈਲੀਗੇਟ ਇਜਲਾਸ ਵਿਚ ਇਸ ਕਰਕੇ ਸ਼ਿਰਕਤ ਨਹੀਂ ਕਰ ਸਕੇ ਸਨ ਕਿਉਂਕਿ ਉਹ ਕਿਸੇ ਸਮਾਜਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਮੁੰਬਈ ਗਏ ਹੋਏ ਹਨ ਤੇ ਇਸ ਬਾਰੇ ਉਨ੍ਹਾਂ ਨੇ ਦਲ ਦੇ ਪ੍ਰਧਾਨ ਬਾਦਲ ਨੂੰ ਵੀ ਜਾਣਕਾਰੀ ਦਿੱਤੀ ਸੀ ਪਰ ਮਾਮਲਾ ਜਾਣਕਾਰੀ ਦੇਣ ਤਕ ਸੀਮਤ ਨਹੀਂ ਜਾਪਦਾ। ਉਨ੍ਹਾਂ ਦਾ ਇਕ ਕਰੀਬੀ ਰਿਸ਼ਤੇਦਾਰ ਵੀ ਇਜਲਾਸ ਵਿਚ ਨਹੀਂ ਸੀ ਪੁੱਜਿਆ। ਉਸ ਦੀ ਗੈਰ ਹਾਜ਼ਰੀ ਦੇ ਵੱਖ ਵੱਖ ਅਰਥ ਕੱਢੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਮਾਝੇ ਦੇ ਕੁਝ ਸੀਨੀਅਰ ਆਗੂਆਂ ਨੇ ਆਪਣਾ ਵੱਖਰਾ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ ਪਰ ਇਸ ਦਲ ਨੂੰ ਅਜੇ ਤਕ ਲੋਕਾਂ ਵੱਲੋਂ ਉਹ ਮਾਨਤਾ ਨਹੀਂ ਮਿਲ ਸਕੀ ਜਿਸ ਦੀ ਤਵੱਕੋ ਕੀਤੀ ਜਾਂਦੀ ਸੀ ਪਰ ਸੀਨੀਅਰ ਢੀਂਡਸਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਦੇਣ ਦੀ ਸੰਭਾਵਨਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸਾਲ 2000 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਲਈ ਵੱਖਰਾ ਦਲ ਬਣਾ ਲਿਆ ਸੀ ਪਰ ਉਸ ਸਮੇਂ ਬਾਦਲ ਪੰਜਾਬ ਵਿਚ ਸ਼ਕਤੀਸ਼ਾਲੀ ਆਗੂ ਸਨ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਉਸ ਵੇਲੇ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਤੇ ਦੋਵੇਂ ਸਰਕਾਰਾਂ ਉਨ੍ਹਾਂ ਦੀ ਪਿੱਠ ‘ਤੇ ਸਨ ਪਰ ਇਸ ਵੇਲੇ ਅਕਾਲੀ ਦਲ ਪੰਜਾਬ ਵਿੱਚ ਵਿਰੋਧੀ ਧਿਰ ਵਿੱਚ ਹੈ ਤੇ ਕੇਂਦਰ ਸਰਕਾਰ ਵੱਲੋਂ ਪਿਛਲੀ ਸਰਕਾਰ ਵਾਂਗ ਹਮਾਇਤ ਦੇਣ ਦੀ ਸੰਭਾਵਨਾ ਮੱਧਮ ਹੈ। ਭਾਜਪਾ ਦਾ ਵੱਡੇ ਢੀਂਡਸਾ ਪ੍ਰਤੀ ਨਰਮ ਵਤੀਰਾ ਹੀ ਨਹੀਂ ਸਗੋਂ ਹਮਾਇਤ ਦੇਣ ਦੇ ਚਰਚੇ ਹਨ। ਸੰਗਰੂਰ ਵਿੱਚ ਕੀਤੇ ਗਏ ਇਕੱਠ ਵਿਚ ਸੰਗਰੂਰ ਜ਼ਿਲੇ ਦਾ ਭਾਜਪਾ ਪ੍ਰਧਾਨ ਵੀ ਹਾਜ਼ਰ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਹਿਮ ਚੁਣੌਤੀ ਵਿਧਾਇਕ ਦਲ ਦਾ ਨੇਤਾ ਦੀ ਚੋਣ ਕਰਨ ਵੇਲੇ ਆਉਣ ਦੀ ਸੰਭਾਵਨਾ ਹੈ। ਉਹ ਢੀਂਡਸਾ ਦੀ ਥਾਂ ਕਿਸ ਵਿਧਾਇਕ ਨੂੰ ਵਿਧਾਇਕ ਦਲ ਦਾ ਆਗੂ ਬਣਾਉਣਗੇ। ਕੀ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਆਗੂ ਬਣਾ ਸਕਦੇ ਹਨ ਪਰ ਇਸ ਗੱਲ ਨੂੰ ਲੈ ਕੇ ਹੀ ਵਿਵਾਦ ਖੜ੍ਹਾ ਹੋਣ ਦੀ ਸੰਭਾਵਨਾ ਹੈ ਕਿ ਇਹ ਅਹੁਦਾ ਵੀ ਪਰਿਵਾਰ ਵਿਚ ਦੇ ਦਿੱਤਾ। ਜੇ ਉਸ ਨੂੰ ਨਹੀਂ ਬਣਾਇਆ ਜਾਂਦਾ ਤਾਂ ਫਿਰ ਕਿਸ ਨੂੰ ਵਿਧਾਇਕ ਦਲ ਦਾ ਆਗੂ ਬਣਾਇਆ ਜਾਵੇ, ਬਾਰੇ ਸੁਆਲ ਖੜ੍ਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆ ਸਕਦੀਆਂ ਹਨ ਤੇ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਟਕਸਾਲੀ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਦੇਣ ਦੀਆਂ ਤਿਆਰੀਆਂ ਵਿਚ ਹਨ। ਇਸ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਰਦੁਆਰਾ ਚੋਣਾਂ ਹੋਣ ਦੀ ਸਥਿਤੀ ਵਿਚ ਅਕਾਲੀ ਦਲ ਦੀ ਰਾਜਨੀਤੀ ਕੀ ਮੋੜ ਲੈਂਦੀ ਹੈ, ਉਸ ਦਾ ਨਿਤਾਰਾ ਹੋਣ ਦੇ ਆਸਾਰ ਬਣ ਜਾਣਗੇ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …