Breaking News
Home / ਪੰਜਾਬ / ਢੀਂਡਸਾ ਨੇ ਸੁਖਬੀਰ ਨੂੰ ਦੱਸਿਆ ਫਰਜ਼ੀ ਪ੍ਰਧਾਨ

ਢੀਂਡਸਾ ਨੇ ਸੁਖਬੀਰ ਨੂੰ ਦੱਸਿਆ ਫਰਜ਼ੀ ਪ੍ਰਧਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ‘ਫ਼ਰਜ਼ੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ‘ਨਾਮਜ਼ਦ ਡੈਲੀਗੇਟ’ ਤੋਂ ਮੋਹਰ ਲਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਅੰਦਰੂਨੀ ਚੋਣਾਂ ਲਈ ਅਪਣਾਈ ਗਈ ਪ੍ਰਕਿਰਿਆ ਇੱਕ ਤਰ੍ਹਾਂ ਨਾਲ ਖਾਨਾਪੂਰਤੀ ਸੀ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਜਾਵੇ। ਅਕਾਲੀ ਦਲ ਦੇ ‘ਬਾਗੀ’ ਆਗੂ ਨੇ ਕਿਹਾ ਕਿ ਪਾਰਟੀ ਅੰਦਰ ਪ੍ਰਧਾਨ ਦੀ ਚੋਣ ਲਈ ਬਾਕਾਇਦਾ ਇੱਕ ਪ੍ਰਕਿਰਿਆ ਰਹੀ ਹੈ। ਸਭ ਤੋਂ ਪਹਿਲਾਂ ਡੈਲੀਗੇਟਾਂ ਦੀ ਚੋਣ ਹੁੰਦੀ ਹੈ, ਉਸ ਤੋਂ ਬਾਅਦ ਸਰਕਲ ਜਥੇਦਾਰ ਚੁਣੇ ਜਾਂਦੇ ਹਨ ਤੇ ਫਿਰ ਡੈਲੀਗੇਟਾਂ ਵੱਲੋਂ ਪ੍ਰਧਾਨ ਚੁਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਜੋ ਪ੍ਰਕਿਰਿਆ ਚਲਾਈ ਗਈ, ਇੱਕ ਤਰ੍ਹਾਂ ਨਾਲ ਫਰਜ਼ੀ ਸੀ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਮਹਿਜ਼ ਇੱਕ ਸਿਆਸੀ ਪਾਰਟੀ ਨਹੀਂ ਬਲਕਿ ਇਹ ਲੋਕ ਲਹਿਰ ਹੈ ਤੇ ਇਸ ਪਾਰਟੀ ਅੰਦਰ ਅੰਦਰੂਨੀ ਜਮਹੂਰੀਅਤ ਖ਼ਤਮ ਹੋਣਾ ਪੰਜਾਬ ਦੇ ਸਿੱਖਾਂ ਲਈ ਸਭ ਤੋਂ ਵੱਧ ਦੁਖਦਾਈ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਮੈਂਬਰ ਨਾ ਹੋਣ ਦਾ ਸਵਾਲ ਖੜ੍ਹਾ ਕਰਨ ਵਾਲਿਆਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਉਹ (ਢੀਂਡਸਾ) ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਹੀ ਨਹੀਂ ਮੰਨਦੇ। ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸੁਧਾਰ ਲਿਆਉਣਾ ਅਤੇ ਜਮਹੂਰੀਅਤ ਕਾਇਮ ਕਰਨਾ ਹੀ ਪ੍ਰਮੁੱਖ ਏਜੰਡਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੋਟੇ ਬਾਦਲ ਦੀ ਕਾਰਜਪ੍ਰਣਾਲੀ ਤੋਂ ਪਾਰਟੀ ਦੇ ਬਹੁ-ਗਿਣਤੀ ਆਗੂ ਨਿਰਾਸ਼ ਹਨ ਅਤੇ ਮੌਕਾ ਆਉਣ ‘ਤੇ ਪਾਰਟੀ ਦੇ ਹੋਰ ਆਗੂ ਵੀ ਇਸ ਬਾਰੇ ਬੋਲਣਗੇ। ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਕੋਈ ਜਾਤੀ ਲੜਾਈ ਨਹੀਂ ਹੈ ਪਰ ਜਦੋਂ ਇੱਕ ਵਿਅਕਤੀ ਦੇ ਵਿਵਹਾਰ ਕਰਕੇ ਪਾਰਟੀ ‘ਚ ਨਿਘਾਰ ਵਧ ਰਿਹਾ ਹੋਵੇ ਤਾਂ ਸਾਰਾ ਕੁਝ ਚੁੱਪਚਾਪ ਬੈਠ ਕੇ ਨਹੀਂ ਦੇਖਿਆ ਜਾ ਸਕਦਾ।
ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਪਾਰਟੀ ਦੇ ਦਸ ਸਾਲਾ ਸਾਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਇਰਦ-ਗਿਰਦ ਜਿਨ੍ਹਾਂ ਵਿਅਕਤੀਆਂ ਨੇ ਘੇਰਾ ਵਗਲਿਆ ਹੋਇਆ ਸੀ, ਉਹ ਇੱਕ ਤਰ੍ਹਾਂ ਨਾਲ ਮੁਕੰਮਲ ਰੂਪ ਵਿੱਚ ‘ਮਾਫ਼ੀਆ’ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਪਾਰਟੀ ਪ੍ਰਧਾਨ ਦੇ ਕਰੀਬੀ ਅਜਿਹੇ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣ-ਦੇਣ ਨਹੀਂ ਤੇ ਇਹ ਵਿਅਕਤੀ ਪਾਰਟੀ ਦੇ ਨਫ਼ੇ-ਨੁਕਸਾਨ ਪ੍ਰਤੀ ਸੋਚਣ ਦੀ ਥਾਂ ਆਪਣੀਆਂ ਜੇਬਾਂ ਭਰਨ ਲਈ ਹਮੇਸ਼ਾ ਜੁਗਾੜ ‘ਚ ਰਹਿੰਦੇ ਹਨ। ਅਜਿਹੇ ਵਿਅਕਤੀ ਰਾਜਨੀਤੀ ਨੂੰ ਧੰਦਾ ਸਮਝਕੇ ਪੈਸਾ ਕਮਾਉਣ ਲਈ ਹੀ ਆਉਂਦੇ ਹਨ। ਇਸ ਲਈ ਸੁਖਬੀਰ ਬਾਦਲ ਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪ੍ਰਭਾਵ ਕਾਰਨ ਹੀ ਅਕਾਲੀ ਦਲ ਦਾ ਲੋਕਾਂ ‘ਚ ਅਧਾਰ ਘਟਿਆ ਹੈ ਤੇ 2017 ਦੀਆਂ ਚੋਣਾਂ ‘ਚ ਹੋਈ ਹਾਰ ਤੋਂ ਸਬਕ ਲੈ ਕੇ ਸੁਧਾਰ ਕਰਨ ਦੀ ਥਾਂ ਨਿਘਾਰ ਵਾਲੇ ਹੀ ਕਦਮ ਚੁੱਕੇ ਗਏ ਹਨ। ਉਨ੍ਹਾਂ ਦੁਹਰਾਇਆ ਕਿ ਜੇਕਰ ਪਾਰਟੀ ਬਚਾਉਣੀ ਹੈ ਤਾਂ ਸੁਖਬੀਰ ਬਾਦਲ ਨੂੰ ਲਾਂਭੇ ਕਰਨਾ ਹੀ ਪਵੇਗਾ।
ਅਕਾਲੀ ਦਲ ਨੂੰ ਛੱਡ ਪਿਤਾ ਨਾਲ ਜਾ ਸਕਦੇ ਨੇ ਪਰਮਿੰਦਰ ਢੀਂਡਸਾ
ਚੰਡੀਗੜ੍ਹ : ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਦੇ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਹਨ। ਭਾਵੇਂ ਕਿ ਉਨ੍ਹਾਂ ਨੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ ਅਤੇ ਮੀਡੀਆ ਸਾਹਮਣੇ ਨਹੀਂ ਆ ਰਹੇ, ਪਰ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਪੁੱਤ ਦੇ ਆਪਣੇ ਪਿਤਾ ਨਾਲ ਜਾਣ ਦੇ ਕੀਤੇ ਜਾ ਰਹੇ ਦਾਅਵੇ ਅਤੇ ਪਰਮਿੰਦਰ ਵਲੋਂ ਪਾਰਟੀ ਸਮਾਗਮਾਂ ਤੋਂ ਦੂਰੀ ਬਣਾਉਣ ਤੋਂ ਸੰਕੇਤ ਮਿਲਦਾ ਹੈ ਕਿ ਵਿਧਾਇਕ ਦਲ ਦੇ ਆਗੂ ਕਦੇ ਵੀ ਬਗਾਵਤ ਕਰ ਸਕਦੇ ਹਨ।
ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਅੰਮ੍ਰਿਤਸਰ ਵਿਖੇ ਡੈਲੀਗੇਟ ਮੀਟਿੰਗ ਅਤੇ ਸਥਾਪਨਾ ਦਿਵਸ ਸਮਾਗਮ ਤੋਂ ਦੂਰੀ ਬਣਾਈ ਰੱਖੀ। ਇਸੇ ਤਰ੍ਹਾਂ ਪਟਿਆਲਾ ਵਿਚ ਦਿੱਤੇ ਗਏ ਧਰਨੇ ਵਿਚ ਵੀ ਉਨ੍ਹਾਂ ਸ਼ਮੂਲੀਅਤ ਨਹੀਂ ਕੀਤੀ।
ਜੇਕਰ ਪਰਮਿੰਦਰ ਅਕਾਲੀ ਦਲ ਤੋਂ ਬਗਾਵਤ ਕਰ ਜਾਂਦੇ ਹਨ ਤਾਂ ਪਾਰਟੀ ਨੂੰ ਸਦਨ ਵਿਚ ਵਿਧਾਇਕ ਦਲ ਦਾ ਆਗੂ ਬਣਾਉਣ ਦੇ ਨਾਲ-ਨਾਲ ਖਜ਼ਾਨੇ ਦੀ ਸਥਿਤੀ ‘ਤੇ ਸਰਕਾਰ ਨੂੰ ਘੇਰਨ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਸਮੇਂ ਪਾਰਟੀ ਕੋਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਸੀਨੀਅਰ ਆਗੂ ਹਨ। ਬਿਕਰਮ ਮਜੀਠੀਆ ਸਦਨ ਵਿਚ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਘੇਰ ਕੇ ਸਰਕਾਰ ਲਈ ਸੰਕਟ ਜ਼ਰੂਰ ਪੈਦਾ ਕਰਦੇ ਹਨ, ਪਰ ਜੇਕਰ ਮਜੀਠੀਆ ਨੂੰ ਵਿਧਾਇਕ ਦਲ ਦਾ ਆਗੂ ਬਣਾ ਦਿੱਤਾ ਜਾਂਦਾ ਹੈ ਤਾਂ ਪਰਿਵਾਰਵਾਦ ਦਾ ਇਕ ਹੋਰ ਆਰੋਪ ਪਾਰਟੀ ਲੀਡਰਸ਼ਿਪ ‘ਤੇ ਲੱਗ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਪਾਰਟੀ ਪਹਿਲਾਂ ਹੀ ਗੰਭੀਰ ਸੰਕਟ ਵਿਚ ਫਸੀ ਹੋਈ ਹੈ।

Check Also

ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਪਾਲ ਬਿੱਟੂ ਭਾਜਪਾ ’ਚ ਹੋਏ ਸ਼ਾਮਲ

ਕਰਮਜੀਤ ਕੌਰ ਚੌਧਰੀ ਟਿਕਟ ਨਾ ਮਿਲਣ ਕਰਕੇ ਕਾਂਗਰਸ ਪਾਰਟੀ ਨਾਲ ਚੱਲ ਰਹੇ ਸਨ ਨਾਰਾਜ਼ ਨਵੀਂ …