Breaking News
Home / ਪੰਜਾਬ / ਪੰਜ ਰੁਪਏ ਦੇ ਨਕਲੀ ਸਿੱਕਿਆਂ ਦਾ ‘ਕਾਲਾ ਧੰਦਾ’ ਪੂਰੇ ਜ਼ੋਰਾਂ ‘ਤੇ

ਪੰਜ ਰੁਪਏ ਦੇ ਨਕਲੀ ਸਿੱਕਿਆਂ ਦਾ ‘ਕਾਲਾ ਧੰਦਾ’ ਪੂਰੇ ਜ਼ੋਰਾਂ ‘ਤੇ

ਟੋਲ ਪਲਾਜ਼ਿਆਂ ਤੋਂ ਵੱਡੀ ਗਿਣਤੀ ਵਿਚ ਪ੍ਰਾਪਤ ਹੋ ਰਹੇ ਹਨ 5 ਰੁਪਏ ਦੇ ਨਕਲੀ ਸਿੱਕੇ
ਬਠਿੰਡਾ : ਦੇਸ਼ ਵਿਚ 5 ਰੁਪਏ ਦੇ ਨਕਲੀ ਸਿੱਕਿਆਂ ਦਾ ‘ਕਾਲਾ-ਧੰਦਾ’ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਹੋਰਨਾਂ ਸਾਧਨਾਂ ਤੋਂ ਇਲਾਵਾ ਟੋਲ ਪਲਾਜ਼ਿਆਂ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਪ੍ਰਾਪਤ ਹੋ ਰਹੇ ਪੰਜ ਰੁਪਏ ਦੇ ਨਕਲੀ ਸਿੱਕੇ ਦੇਸ਼ ਦੀ ਆਰਥਿਕਤਾ ਨੂੰ ‘ਖੋਰਾ’ ਲਾ ਰਹੇ ਹਨ।
ਫ਼ਿਕਰਮੰਦੀ ਤਾਂ ਇੱਥੋਂ ਤੱਕ ਹੈ ਕਿ ਧਿਆਨ ਵਿਚ ਲਿਆਉਣ ਦੇ ਬਾਵਜੂਦ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਦਾ ਨਾ ਤਾਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕੋਈ ਨੋਟਿਸ ਲਿਆ ਅਤੇ ਨਾ ਹੀ ਨੋਇਡਾ ਮੁਦਰਾ ਟਕਸਾਲ ਨੇ ਪੜਤਾਲ ਕਰਨ ਦੀ ਖੇਚਲ ਕੀਤੀ। ਹੁਣ ਹਰਿਆਣਾ ਦੇ ਬਹਾਦਰਗੜ੍ਹ ਵਿਖੇ 5 ਰੁਪਏ ਦੇ ਨਕਲੀ ਸਿੱਕੇ ਬਣਾਉਣ ਅਤੇ ਟੋਲ ਪਲਾਜ਼ਿਆਂ ਰਾਹੀਂ ਬਾਜ਼ਾਰ ਵਿਚ ਖਪਾਉਣ ਦਾ ਮਾਮਲਾ ਸਾਹਮਣੇ ਆਉਣ ‘ਤੇ ‘ਬਿੱਲੀ’ ਥੈਲਿਓਂ ਬਾਹਰ ਆ ਗਈ ਹੈ।
ਇਕ ਮਹਿਲਾ ਸਣੇ ਫੜੇ ਗਏ ਚਾਰ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਸਿਰਫ਼ ਤਿੰਨ ਮਹੀਨਿਆਂ ਵਿਚ 3 ਕਰੋੜ ਰੁਪਏ ਦੇ ਨਕਲੀ ਸਿੱਕੇ ਬਣਾ ਕੇ ਬਾਜ਼ਾਰ ਵਿਚ ਖਪਾ ਚੁੱਕੇ ਹਨ। ਜਦੋਂਕਿ ਸੂਤਰਾਂ ਦਾ ਕਹਿਣਾ ਹੈ ਕਿ ਨਕਲੀ ਸਿੱਕਿਆਂ ਦਾ ਇਹ ਨਾਪਾਕ ਧੰਦਾ ਕਾਫ਼ੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਪੁਰਾਣੇ ਸਿੱਕੇ ਅਤੇ ਸਭਿਆਚਾਰਕ ਵਸਤਾਂ ਸੰਭਾਲ ਕੇ ਰੱਖਣ ਦੇ ਸ਼ੌਕੀਨ ਬੀਬੀ ਵਾਲਾ ਰੋਡ ਬਠਿੰਡਾ ਵਾਸੀ ਅਮਰੀਕ ਸਿੰਘ ਸ਼ੀਂਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ 5 ਰੁਪਏ ਦੇ ਨਕਲੀ ਸਿੱਕਿਆਂ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਸਨ, ਪ੍ਰੰਤੂ ਸਰਕਾਰੀ ਜਾਂ ਪ੍ਰਸ਼ਾਸਨਿਕ ਪੱਧਰ ‘ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। 14 ਅਕਤੂਬਰ 2018 ਨੂੰ ਬਠਿੰਡਾ ਵਿਖੇ ਖ਼ੂਨਦਾਨ ਸਬੰਧੀ ਹੋਏ ਇਕ ਸਮਾਗਮ ਮੌਕੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿੱਜੀ ਤੌਰ ‘ਤੇ ਮਿਲ ਕੇ ਅਮਰੀਕ ਸਿੰਘ ਨੇ ਬਾਜ਼ਾਰ ਵਿਚ 5 ਰੁਪਏ ਦੇ ਨਕਲੀ ਸਿੱਕੇ ਚੱਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ। ਵਿੱਤ ਮੰਤਰੀ ਨੇ ਉਸ ਸਮੇਂ ‘ਮੈਂ ਪਤਾ ਕਰਦਾ ਹਾਂ’ ਕਹਿ ਕੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਸੀ। ਬਾਅਦ ਵਿਚ ਵੀ ਉਨ੍ਹਾਂ ਇਸ ਅਤਿ ਗੰਭੀਰ ਮੁੱਦੇ ਦਾ ਕੋਈ ਨੋਟਿਸ ਨਹੀਂ ਲਿਆ। ਇਸ ਉਪਰੰਤ ਅਮਰੀਕ ਸਿੰਘ ਨੇ 20 ਫਰਵਰੀ 2019 ਨੂੰ ਟੋਲ ਪਲਾਜ਼ਿਆਂ ਤੋਂ ਪ੍ਰਾਪਤ ਹੋਏ ਨਕਲੀ ਸਿੱਕਿਆਂ ਦਾ ਪੈਕਟ ਬਣਾ ਕੇ ਭਾਰਤੀ ਮੁਦਰਾ ਟਕਸਾਲ ਨੋਇਡਾ ਦੇ ਮਾਰਕੀਟਿੰਗ ਮੈਨੇਜਰ ਨਾਰੇਸ਼ਵਰ ਨਾਥ ਨੂੰ ਜਾਂਚ ਕਰਨ ਅਤੇ ਰਿਪੋਰਟ ਦੇਣ ਲਈ ਭੇਜਿਆ ਸੀ, ਉਨ੍ਹਾਂ ਨੇ ਇਸ ਸਬੰਧੀ ਜਾਂਚ ਕਰਨ ਦੀ ਬਜਾਏ 1 ਮਾਰਚ 2019 ਨੂੰ ਬਿਨਾ ਪੈਕਟ ਖੋਲ੍ਹਿਆਂ ਹੀ ਵਾਪਸ ਭੇਜ ਦਿੱਤਾ ਸੀ । ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਵਿਚ ਚਾਰ ਮੁਦਰਾ ਟਕਸਾਲਾਂ ਕਲਕੱਤਾ, ਮੁੰਬਈ, ਨੋਇਡਾ ਅਤੇ ਹੈਦਰਾਬਾਦ ਵਿਖੇ ਸਥਿਤ ਹਨ। ਟੋਲ ਪਲਾਜ਼ਿਆਂ ‘ਤੇ ਪਰਚੀ ਕਟਵਾਉਣ ਸਮੇਂ ਰਾਹਗੀਰਾਂ ਨੂੰ ਜ਼ਿਆਦਾਤਰ 5 ਰੁਪਏ ਦੇ ਸਿੱਕੇ ਹੀ ਮੋੜੇ ਜਾਂਦੇ ਹਨ।

ਹਰਿਆਣਾ ਦੇ ਬਹਾਦਰਗੜ੍ਹ ‘ਚ ਨਕਲੀ ਸਿੱਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
3 ਕਰੋੜ ਤੋਂ ਜ਼ਿਆਦਾ ਦੇ ਸਿੱਕੇ ਮਾਰਕੀਟ ਵਿਚ ਭੇਜੇ, ਪੰਜ ਲੱਖ ਰੁਪਏ ਦੇ ਸਿੱਕੇ ਵੀ ਬਰਾਮਦ
ਬਹਾਦਰਗੜ੍ਹ : ਹਰਿਆਣਾ ਵਿਚ ਪੈਂਦੇ ਬਹਾਦਰਗੜ੍ਹ ਵਿਚ ਦਿੱਲੀ-ਰੋਹਤਕ ਰੋਡ ‘ਤੇ ਸਥਿਤ ਗਣਪਤੀ ਧਾਮ ਇੰਡਸਟਰੀ ਏਰੀਆ ਦੀ ਗਲੀ ਨੰਬਰ 2 ਵਿਚ ਪੰਜ ਰੁਪਏ ਦੇ ਨਕਲੀ ਸਿੱਕੇ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਫਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਛਾਪੇਮਾਰੀ ਕਰਕੇ ਮੌਕੇ ‘ਤੇ ਪੰਜ ਲੱਖ ਰੁਪਏ ਦੀ ਕੀਮਤ ਦੇ ਨਕਲੀ ਸਿੱਕੇ ਬਰਾਮਦ ਕੀਤੇ ਗਏ। ਸਿੱਕੇ ਬਣਾਉਣ ਵਾਲੀ ਮਸ਼ੀਨ ਜ਼ਬਤ ਕਰਕੇ ਫੈਕਟਰੀ ਸੀਲ ਕਰ ਦਿੱਤੀ ਗਈ ਹੈ। ਗਿਰੋਹ ਵਿਚ ਸ਼ਾਮਲ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀ ਮਹਿਲਾ ਦੀ ਮੱਦਦ ਨਾਲ ਨਕਲੀ ਸਿੱਕਿਆਂ ਨੂੰ ਦਿੱਲੀ ਐਨਸੀਆਰ ਸਮੇਤ ਗੁਜਰਾਤ ਅਤੇ ਮਹਾਰਾਸ਼ਟਰ ਤੱਕ ਹੋਟਲਾਂ ਅਤੇ ਟੋਲ ਪਲਾਜ਼ਾ ‘ਤੇ ਭੇਜਿਆ ਜਾ ਰਿਹਾ ਸੀ। ਗਣਪਤੀ ਧਾਮ ਇੰਡਸਟਰੀ ਏਰੀਆ ਵਿਚ ਤਿੰਨ ਮਹੀਨੇ ਤੋਂ ਨਕਲੀ ਸਿੱਕਿਆਂ ਦਾ ਕਾਰੋਬਾਰ ਚੱਲ ਰਿਹਾ ਸੀ। ਇਕ ਦਿਨ ਵਿਚ ਕਰੀਬ 4 ਲੱਖ ਰੁਪਏ ਦਾ ਸਿੱਕੇ ਤਿਆਰ ਕੀਤੇ ਜਾਂਦੇ ਸਨ।
ਇਕ ਸਿੱਕੇ ‘ਤੇ ਆਉਂਦੀ ਸੀ 25 ਪੈਸੇ ਲਾਗਤ : ਲੋਹੇ ਦੀ ਮੀਡੀਅਮ ਸਾਈਜ਼ ਦੀ ਪਲੇਟ ਨਾਲ ਡਾਈ ਦੇ ਜ਼ਰੀਏ ਸਿੱਕੇ ਤਿਆਰ ਕੀਤੇ ਜਾਂਦੇ ਸਨ। ਡਿਜ਼ਾਈਨ ਅਸਲੀ ਸਿੱਕਿਆਂ ਵਰਗਾ ਹੀ ਬਣਾਇਆ ਜਾਂਦਾ ਸੀ। ਜਿਸ ਤਰ੍ਹਾਂ ਦੇ ਨਿਸ਼ਾਨ ਅਸਲੀ ਸਿੱਕੇ ‘ਤੇ ਹੁੰਦੇ, ਉਸੇ ਤਰ੍ਹਾਂ ਦੇ ਨਿਸ਼ਾਨ ਇਨ੍ਹਾਂ ‘ਤੇ ਵੀ ਬਣਾਉਂਦੇ ਸਨ। ਫਿਰ ਉਨ੍ਹਾਂ ਨੂੰ ਪਾਲਿਸ਼ ਕਰਕੇ ਅਸਲੀ ਸਿੱਕਿਆਂ ਵਰਗਾ ਰੰਗ ਦਿੱਤਾ ਜਾਂਦਾ ਸੀ। ਪੰਜ ਰੁਪਏ ਦਾ ਇਕ ਸਿੱਕਾ ਤਿਆਰ ਕਰਨ ਵਿਚ 25 ਪੈਸੇ ਲਾਗਤ ਆਉਂਦੀ ਸੀ। ਇਨ੍ਹਾਂ ਨੂੰ ਸਪਲਾਈ ਲਈ 100 ਦੀ ਸੰਖਿਆ ਵਿਚ ਥੈਲੀਆਂ ਵਿਚ ਭਰਿਆ ਜਾਂਦਾ ਸੀ। ਥੈਲੀਆਂ ‘ਤੇ ਫਰਜ਼ੀ ਪਰਚੀਆਂ ਲਗਾ ਕੇ ਸਪਲਾਈ ਲਈ ਭੇਜਿਆ ਜਾਂਦਾ ਸੀ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …