Breaking News
Home / ਪੰਜਾਬ / ਪੰਜਾਬ ‘ਚ ਠੱਗੀ ਦਾ ਨੈਟਵਰਕ: ਬਟਾਲਾ ਵਿਚ ਇਕ ਟਰੈਵਲ ਏਜੰਟ ਗ੍ਰਿਫਤਾਰ, ਦਫਤਰ ਸੀਲ, ਪੁੱਛਗਿੱਛ ਜਾਰੀ

ਪੰਜਾਬ ‘ਚ ਠੱਗੀ ਦਾ ਨੈਟਵਰਕ: ਬਟਾਲਾ ਵਿਚ ਇਕ ਟਰੈਵਲ ਏਜੰਟ ਗ੍ਰਿਫਤਾਰ, ਦਫਤਰ ਸੀਲ, ਪੁੱਛਗਿੱਛ ਜਾਰੀ

ਕੁਵੈਤ ਭੇਜਣ ਦਾ ਸੁਪਨਾ ਦਿਖਾ 270 ਨੌਜਵਾਨਾਂ ਕੋਲੋਂ ਠੱਗੇ ਡੇਢ ਕਰੋੜ ਰੁਪਏ
ਜਾਅਲੀ ਵੀਜ਼ੇ ਤੇ ਜਾਅਲੀ ਟਿਕਟਾਂ ਹੱਥ ਫੜੀਆਂ
ਬਟਾਲਾ : ਕੁਵੈਤ ਭੇਜਣ ਦੇ ਨਾਮ ‘ਤੇ 270 ਨੌਜਵਾਨਾਂ ਕੋਲੋਂ ਕਰੀਬ ਡੇਢ ਕਰੋੜ ਰੁਪਏ ਠੱਗਣ ਦੇ ਆਰੋਪੀ ਇਕ ਟਰੈਵਲ ਏਜੰਟ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਏਜੰਟ ਨੇ ਗੁਰਦਾਸਪੁਰ ਰੋਡ ‘ਤੇ ਵੇਅ ਟੂ ਸਰਵਿਸ ਟੂਰ ਐਂਡ ਟਰੈਵਲ ਨਾਮਕ ਦਫਤਰ ਖੋਲ੍ਹਿਆ ਹੋਇਆ ਸੀ। ਫੜੇ ਗਏ ਏਜੰਟ ਦੇ ਨਾਲ ਕਈ ਹੋਰ ਵਿਅਕਤੀ ਵੀ ਇਸ ਠੱਗੀ ਵਿਚ ਸ਼ਾਮਲ ਹਨ। ਠੱਗੀ ਦਾ ਨੈਟਵਰਕ ਕੇਵਲ ਬਟਾਲਾ ਵਿਚ ਹੀ ਨਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫੈਲਿਆ ਹੋਇਆ ਹੈ। ਇਹ ਵਿਅਕਤੀ ਕੁਵੈਤ ਭੇਜਣ ਲਈ ਪਰਚੇ ਵੰਡ ਕੇ ਨੌਜਵਾਨਾਂ ਨੂੰ ਝਾਂਸੇ ਵਿਚ ਲੈਂਦੇ ਸਨ। ਕਿਸੇ ਤੋਂ 40 ਹਜ਼ਾਰ ਤੇ ਕਿਸੇ ਤੋਂ 60 ਹਜ਼ਾਰ ਅਤੇ ਕਿਸੇ ਕੋਲੋਂ 90 ਹਜ਼ਾਰ ਰੁਪਏ ਲਏ ਸਨ। ਪਾਸਪੋਰਟ ਆਪਣੇ ਕੋਲ ਰੱਖ ਲਏ, ਫਿਰ ਜਾਅਲੀ ਟਿਕਟਾਂ ਅਤੇ ਜਾਅਲੀ ਵੀਜ਼ੇ ਦੇ ਦਿੱਤੇ। ਜਦ ਪੀੜਤ ਆਪਣੇ ਪਾਸਪੋਰਟ ਲੈਣ ਦਫਤਰ ਪਹੁੰਚੇ ਤਾਂ ਦਫਤਰ ਬੰਦ ਮਿਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੂੰ ਆਰੋਪੀ ਏਜੰਟ ਕੋਲੋਂ ਹਾਲੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਪੁੱਛਗੱਛ ਚੱਲ ਰਹੀ ਹੈ। ਫੜਿਆ ਗਿਆ ਆਰੋਪੀ ਸੁਰਜੀਤ ਸਿੰਘ ਮੁੱਖ ਆਰੋਪੀ ਨਹੀਂ ਹੈ, ਇਸ ਦੇ ਪਿੱਛੇ ਕੋਈ ਹੋਰ ਹੈ। ਸੁਰਜੀਤ ਸਿੰਘ ਨੂੰ ਸਿਰਫ ਕਮਿਸ਼ਨ ਦੇ ਚੱਕਰ ਵਿਚ ਹੀ ਮੋਹਰਾ ਬਣਾਇਆ ਗਿਆ ਸੀ।
ਕਿਸੇ ਕੋਲੋਂ 60 ਹਜ਼ਾਰ ਤੇ ਕਿਸੇ ਕੋਲੋਂ 90 ਹਜ਼ਾਰ ਰੁਪਏ ਵਸੂਲੇ
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਹਨ। ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਪੈਫਲੈਟ ਮਿਲੇ, ਜਿਸ ਵਿਚ ਸਸਤੇ ਵਿਚ ਹੀ ਕੁਵੈਤ ਭੇਜਣ ਦੀ ਗੱਲ ਲਿਖੀ ਹੋਈ ਸੀ। ਬੇਰੁਜ਼ਗਾਰ ਹੋਣ ਦੇ ਕਾਰਣ ਨੌਜਵਾਨਾਂ ਨੇ ਕੁਵੈਤ ਜਾਣ ਲਈ ਪੈਂਫਲੈਟ ਵਿਚ ਦੱਸੇ ਗਏ ਨੰਬਰਾਂ ‘ਤੇ ਸੰਪਰਕ ਕੀਤਾ। ਇਨ੍ਹਾਂ ਨੌਜਵਾਨਾਂ ਨੂੰ ਗੁਰਦਾਸਪੁਰ ਰੋਡ ਸਥਿਤ ਵੇ ਟੂ ਸਕਸੈਸ ਟੂਰ ਐਂਡ ਟਰੈਵਲ ਦੇ ਦਫਤਰ ਵਿਚ ਬੁਲਾ ਕੇ ਕੁਵੈਤ ਭੇਜ ਕੇ ਵੱਡੀ ਨੌਕਰੀ ਦਿਵਾਉਣ ਦੇ ਵੱਡੇ-ਵੱਡੇ ਸੁਪਨੇ ਦਿਖਾਏ ਗਏ।
ਨੌਜਵਾਨਾਂ ਨੇ ਦੱਸਿਆ ਕਿ ਉਕਤ ਦਫਤਰ ਵਿਚ ਸੁਰਜੀਤ ਸਿੰਘ ਏਜੰਟ ਸੀ, ਜਿਸ ਨੇ ਕਿਸੇ ਕੋਲੋਂ 40 ਹਜ਼ਾਰ, ਕਿਸੇ ਕੋਲੋਂ 60 ਹਜ਼ਾਰ ਅਤੇ ਕਿਸੇ ਕੋਲੋਂ 90 ਹਜ਼ਾਰ ਰੁਪਏ ਤੱਕ ਕੁਵੈਤ ਭੇਜਣ ਲਈ ਲਏ ਸਨ ਅਤੇ ਸਾਰਿਆਂ ਦੇ ਪਾਸਪੋਰਟ ਆਪਣੇ ਕੋਲ ਰੱਖ ਲਏ। ਥੋੜ੍ਹੇ ਦਿਨਾਂ ਪਹਿਲਾਂ ਇਸ ਏਜੰਟ ਨੇ ਉਨ੍ਹਾਂ ਸਾਰਿਆਂ ਨੂੰ ਜਾਅਲੀ ਟਿਕਟਾਂ ਅਤੇ ਜਾਅਲੀ ਵੀਜ਼ੇ ਦੇ ਦਿੱਤੇ। ਜਦ ਉਹ ਆਪਣੇ ਪਾਸਪੋਰਟ ਉਕਤ ਏਕੰਟ ਲੈਣ ਪਹੁੰਚੇ ਤਾਂ ਦਫਤਰ ਬੰਦ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੁਰਜੀਤ ਸਿੰਘ ਗ੍ਰਿਫਤਾਰ ਕੀਤਾ।
ਆਰੋਪੀ ਨੇ ਕਿਹਾ, ਪਾਸਪੋਰਟ ਕਿਸੇ ਹੋਰ ਦੇ ਕੋਲ ਹਨ
ਨੌਜਵਾਨਾਂ ਦਾ ਇਹ ਵੀ ਆਰੋਪ ਹੈ ਕਿ ਪੁਲਿਸ ਨੇ ਉਕਤ ਏਜੰਟ ਸੁਰਜੀਤ ਸਿੰਘ ਦੇ ਦੋ ਸਾਥੀਆਂ ਨੂੰ ਵੀ ਕਾਬੂ ਕੀਤਾ ਸੀ, ਪਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜਦ ਸੁਰਜੀਤ ਸਿੰਘ ਨੂੰਂ ਉਨ੍ਹਾਂ ਆਪਣੇ ਪਾਸਪੋਰਟ ਦੇਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਸਾਰਿਆਂ ਦੇ ਪਾਸਪੋਰਟ ਪਿੰਡ ਦੁਲੋਵਾਲ ਦੇ ਇਕ ਵਿਅਕਤੀ ਕੋਲ ਹਨ। ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਕਹਿ ਰਹੀ ਹੈ ਕਿ ਜਿਸ ਵਿਅਕਤੀ ਕੋਲ ਪਾਸਪੋਰਟ ਹਨ, ਉਹ ਮਿਲ ਨਹੀਂ ਰਿਹਾ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਇਕ ਹਫਤੇ ਵਿਚ ਪਾਸਪੋਰਟ ਦਿਵਾਉਣ ਦਾ ਭਰੋਸਾ ਦਿਵਾਇਆ ਹੈ।
ਇਹ ਨੌਜਵਾਨ ਹੋਏ ਠੱਗੀ ਦਾ ਸ਼ਿਕਾਰ
ਠੱਗੀ ਦਾ ਸ਼ਿਕਾਰ ਨੌਜਵਾਨਾਂ ਵਿਚ ਯੁਗਰਾਜ ਸਿੰਘ ਨਿਵਾਸੀ ਧਾਰੀਵਾਲ, ਦੀਪਕ ਕੁਮਾਰ, ਮੰਗਾ ਮਸੀਹ ਨਿਵਾਸੀ ਪਿੰਡ ਸਾਬਰ ਗੋਰਾਇਆ, ਜਗਤਾਰ ਸਿੰਘ ਨਿਵਾਸੀ ਚੱਕਕੋਕੀ, ਭੁਪਿੰਦਰ ਸਿੰਘ ਨਿਵਾਸੀ ਫਤੇਹਪੁਰ, ਸੁਜਾਨ ਮਸੀਹ ਨਿਵਾਸੀ ਸਾਬਰ ਗੋਰਾਇਆ, ਸੱਗੂ ਮਸੀਹ ਨਿਵਾਸੀ ਡੇਢ ਗਵਾਰ, ਲੱਬਾ ਮਸੀਹ ਨਿਵਾਸੀ ਡੇਢ ਗਵਾਰ, ਅਕਾਸ਼ ਪਿੰਡ ਡੇਢ ਗਵਾਰ, ਰਾਜਵਿੰਦਰ ਸਿੰਘ ਪਿੰਡ ਚਕਕੋਕੀ, ਮੇਜਰ ਸਿੰਘ ਨਿਵਾਸੀ ਪਿੰਡ ਅਗਵਾਨ, ਮਨਦੀਪ ਸਿੰਘ ਨਿਵਾਸੀ ਗੁਰਦਾਸਪੁਰ, ਵਰਿੰਦਰ ਸਿੰਘ ਨਿਵਾਸੀ ਫੱਤੂਵਾਲ, ਮਨਜੀਤ ਸਿੰਘ ਨਿਵਾਸੀ ਧਿਆਨਪੁਰ, ਗੁਰਮੇਜ ਸਿੰਘ ਨਿਵਾਸੀ ਬਟਾਲਾ, ਅਮਰਜੀਤ ਨਿਵਾਸੀ ਅਜਨਾਲਾ, ਸੁਖਦੇਵ ਸਿੰਘ ਨਿਵਾਸੀ ਕਲਾਨੌਰ, ਕੁਲਦੀਪ ਸਿੰਘ ਨਿਵਾਸੀ ਕਲਾਨੌਰ, ਮਨਜੀਤ ਸਿੰਘ ਨਿਵਾਸੀ ਕਲਾਨੌਰ ਅਤੇ ਗੁਰਨਾਮ ਸਿੰਘ ਵੀ ਸ਼ਾਮਲ ਹੈ।
ਹੁਣ ਤੱਕ ਸਿਰਫ 16 ਪੀੜਤ ਹੀ ਆਏ ਸਾਹਮਣੇ
ਡੀਐਸਪੀ ਸਿਟੀ ਬਾਲਕ੍ਰਿਸ਼ਨ ਸਿੰਗਲਾ ਨੇ ਦੱਸਆ ਕਿ ਏਜੰਟ ਸੁਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਦੀਆਂ ਸ਼ਿਕਾਇਤ ਅਨੁਸਾਰ ਇਸਦਾ ਨੈਟਵਰਕ ਪੂਰੇ ਪੰਜਾਬ ਵਿਚ ਫੈਲਿਆ ਹੈ, ਹਾਲਾਂਕਿ ਪੁਲਿਸ ਇਸ ਗੱਲ ਦਾ ਪਤਾ ਕਰਵਾ ਰਹੀ ਹੈ। ਏਜੰਟ ਦੇ ਗੁਰਦਾਸਪੁਰ ਰੋਡ ‘ਤੇ ਦਫਤਰ ਵੇਅ ਟੂ ਸਕਸੈਸ ਟੂਰ ਐਂਡ ਟਰੈਵਲ ਨੂੰ ਸੀਲ ਕਰ ਦਿੱਤਾ ਗਿਆ ਹੈ। ਆਰੋਪੀ ਨੂੰ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ, ਕਿਉਂਕਿ ਆਰੋਪੀ ਕੋਲ ਪਾਸਪੋਰਟ ਅਤੇ ਹੋਰ ਕਈ ਨੌਜਵਾਨਾਂ ਦੇ ਡਾਕੂਮੈਂਟਸ ਹੋਣਗੇ, ਜੋ ਹਾਲੇ ਤੱਕ ਬਰਾਮਦ ਕਰਨੇ ਹਨ। ਡੀਐਸਪੀ ਨੇ ਕਿਹਾ ਕਿ ਉਕਤ ਨੌਜਵਾਨਾਂ ਵਿਚੋਂ ਹੁਣ ਤੱਕ ਉਨ੍ਹਾਂ ਕੋਲ 15-16 ਨੌਜਵਾਨਾਂ ਦੀ ਕੰਪਲੇਂਟ ਆਈ ਹੈ। ਆਰੋਪੀ ਸੁਰਜੀਤ ਸਿੰਘ ਨਿਵਾਸੀ ਈਸਾ ਨਗਰ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਚ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …