-16 C
Toronto
Friday, January 30, 2026
spot_img
Homeਪੰਜਾਬਹਰਿਆਣਾ 'ਚ ਪੰਜਾਬੀ ਭਾਸ਼ਾ ਨੂੰ ਵੇਦਾਵਾ ਦੇਣ ਦਾ ਪੰਜਾਬੀ ਲੇਖਕ ਸਭਾ ਨੇ...

ਹਰਿਆਣਾ ‘ਚ ਪੰਜਾਬੀ ਭਾਸ਼ਾ ਨੂੰ ਵੇਦਾਵਾ ਦੇਣ ਦਾ ਪੰਜਾਬੀ ਲੇਖਕ ਸਭਾ ਨੇ ਜਤਾਇਆ ਰੋਸ

ਹਰਿਆਣਾ ‘ਚ ਮਾਂ ਬੋਲੀ ਪੰਜਾਬੀ ਨਾਲ ਹੋਇਆ ਧੋਖਾ ਬਰਦਾਸ਼ਤ ਨਹੀਂ : ਬਲਕਾਰ ਸਿੱਧੂ
ਖੱਟਰ ਦੇ ਘਰ ਮੂਹਰੇ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ : ਦੀਪਕ ਚਨਾਰਥਲ
ਚੰਡੀਗੜ੍ਹ : ਹਰਿਆਣਾ ਵਿਚ ਪੰਜਾਬੀ ਭਾਸ਼ਾ ਨੂੰ ਵੇਦਾਵਾ ਦੇਣ ‘ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਤਕੜਾ ਵਿਰੋਧ ਜਤਾਇਆ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਦੀ ਅਗਵਾਈ ਹੇਠ ਸਭਾ ਦੇ ਸਮੂਹ ਅਹੁਦੇਦਾਰਾਂ ਨੇ ਹਰਿਆਣਾ ਸਰਕਾਰ ਦੇ ਫੈਸਲੇ ਦੀ ਨਿੰਦਾ ਕਰਦਿਆਂ ਆਖਿਆ ਕਿ ਸਾਜਿਸ਼ ਤਹਿਤ ਪਹਿਲਾਂ ਪੰਜਾਬੀ ਨੂੰ ਚੰਡੀਗੜ੍ਹ ‘ਚੋਂ ਬਾਹਰ ਕੀਤਾ ਜਾ ਰਿਹਾ ਹੈ ਤੇ ਇਸੇ ਸਾਜਿਸ਼ ਦੇ ਤਹਿਤ ਹੁਣ ਹਰਿਆਣਾ ਵਿਚ ਵੀ ਖੱਟਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਦੀ ਥਾਂ ‘ਤੇ ਤੇਲਗੂ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਤਾ ਜਾ ਰਿਹਾ ਹੈ। ਬਲਕਾਰ ਸਿੱਧੂ ਨੇ ਆਖਿਆ ਕਿ ਅਸੀਂ ਕਿਸੇ ਵੀ ਭਾਸ਼ਾ ਦੇ ਖਿਲਾਫ ਨਹੀਂ, ਜੇਕਰ ਹਰਿਆਣਾ ਤੇਲਗੂ ਦਾ ਵਿਸਥਾਰ ਚਾਹੁੰਦਾ ਹੈ ਤਾਂ ਸਾਨੂੰ ਕੋਈ ਹਰਜ਼ ਨਹੀਂ, ਪਰ ਇਸ ਖਿੱਤੇ ਦੀ ਸਥਾਨਕ ਭਾਸ਼ਾ ਮਾਂ ਬੋਲੀ ਪੰਜਾਬੀ ਨੂੰ ਸਕੂਲਾਂ ਵਿਚੋਂ ਵੀ ਬਾਹਰ ਕਰਕੇ ਤੇ ਸੂਬੇ ਵਿਚੋਂ ਦੂਜੀ ਭਾਸ਼ਾ ਦਾ ਦਰਜਾ ਖੋਹ ਕੇ ਜੋ ਧੋਖਾ ਮਾਂ ਬੋਲੀ ਪੰਜਾਬੀ ਨਾਲ ਕੀਤਾ ਜਾ ਰਿਹਾ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ।
ਇਸ ਸਬੰਧ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਪੰਜਾਬੀ ਲੇਖਕ ਸਭਾ ਆਪਣੀ ਟੀਮ ਦੇ ਨਾਲ-ਨਾਲ ਆਪਣੀ ਸੋਚ ਤੇ ਸੂਝ ਵਾਲੀਆਂ ਹੋਰ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਛੇਤੀ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਜਿੱਥੇ ਆਪਣੇ ਰੋਸ ਦਾ ਪ੍ਰਗਟਾਵਾ ਕਰਾਂਗੇ, ਉਥੇ ਹੀ ਮਾਂ ਬੋਲੀ ਪੰਜਾਬੀ ਦਾ ਹਰਿਆਣਾ ਵਿਚ ਰੁਤਬਾ ਬਹਾਲ ਰੱਖਣ ਦੀ ਇਕ ਵਾਰ ਤੋਂ ਸਨਿਮਰ ਬੇਨਤੀ ਵੀ ਕਰਾਂਗੇ।
ਦੀਪਕ ਚਨਾਰਥਲ ਨੇ ਆਖਿਆ ਕਿ ਜੇਕਰ ਸਾਡੀ ਤਦ ਵੀ ਨਾ ਸੁਣੀ ਗਈ ਤਾਂ ਅਸੀਂ ਰੋਸ ਧਰਨੇ ਦੇਣੋਂ ਵੀ ਪਿੱਛੇ ਨਹੀਂ ਹਟਾਂਗੇ ਅਤੇ ਜੇ ਲੋੜ ਪਈ ਤਾਂ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਮੂਹਰੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਖਾਤਰ ਧਰਨਾ ਵੀ ਦਿੱਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਦੀ ਥਾਂ ‘ਤੇ ਹਰਿਆਣਾ ਨੇ ਤੇਲਗੂ ਨੂੰ ਮੁੜ ਦੂਜੀ ਭਾਸ਼ਾ ਦਾ ਦਰਜਾ ਦਿੰਦਿਆਂ ਸਕੂਲਾਂ ਵਿਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦਾ ਫੈਸਲਾ ਲਿਆ ਹੈ। ਜਦੋਂ ਕਿ ਇਸ ਸਮੇਂ ਹਰਿਆਣਾ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਲ ਸੀ।

RELATED ARTICLES
POPULAR POSTS