Breaking News
Home / Uncategorized / ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਦੀ ਲੁਧਿਆਣਾ ‘ਚ ਹੋਈ ਮੀਟਿੰਗ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਦੀ ਲੁਧਿਆਣਾ ‘ਚ ਹੋਈ ਮੀਟਿੰਗ

ਭਾਰਤ ਬੰਦ ਸਬੰਧੀ 32 ਕਿਸਾਨ ਜਥੇਬੰਦੀਆਂ ਵੱਲੋਂ ਲਾਮਬੰਦੀ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵੱਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਵਿੱਢਣ ਖਾਤਰ ਵਿਚਾਰਾਂ ਹੋਈਆਂ।
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਬਲਬੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਇਸ ਦੌਰਾਨ 16 ਫਰਵਰੀ ਦੇ ਬੰਦ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕਦਿਆਂ ਕਿਸਾਨ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ।
ਇਸੇ ਤਰ੍ਹਾਂ ਕਿਸਾਨਾਂ ਦੀ ਪਿੰਡ ਪੱਧਰ ਤੱਕ ਲਾਮਬੰਦੀ ਲਈ 9 ਫਰਵਰੀ ਨੂੰ ਤਹਿਸੀਲ ਪੱਧਰ ‘ਤੇ ਰੋਸ ਮਾਰਚ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਮੀਟਿੰਗ ਦੌਰਾਨ 32 ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਫ਼ਲ ਕਰਨ ਲਈ 16 ਫਰਵਰੀ ਨੂੰ ਜ਼ਿਲ੍ਹਿਆਂ ਤੇ ਤਹਿਸੀਲ ਕੇਂਦਰਾਂ ਦੀਆਂ ਮੁੱਖ ਸੜਕਾਂ ਅਤੇ ਚੌਕਾਂ ‘ਤੇ ਵੱਡੇ ਇਕੱਠ ਕਰਕੇ ਜਾਮ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ, ਕਰਜ਼ਾ ਮੁਕਤੀ, ਸੰਘੀ ਢਾਂਚੇ ਉੱਪਰ ਹੋ ਰਹੇ ਹਮਲਿਆਂ ਕਾਰਨ ਸੂਬੇ ਦੇ ਅਧਿਕਾਰਾਂ ‘ਤੇ ਵੱਜ ਰਹੀ ਸੱਟ ਅਤੇ ਐੱਮਐੱਸਪੀ ਦੇ ਸਵਾਲ ‘ਤੇ ਭਵਿੱਖੀ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਲਈ 18 ਫਰਵਰੀ ਨੂੰ ਚੰਡੀਗੜ੍ਹ ਵਿੱਖੇ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਡਾ. ਦਰਸ਼ਨਪਾਲ, ਪਰਮਿੰਦਰ ਸਿੰਘ ਪਾਲ ਮਾਜਰਾ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ ਹਾਜ਼ਰ ਸਨ।

Check Also

‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ

ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …