ਨਵਜੋਤ ਸਿੱਧੂ ਸਤਿਕਾਰਯੋਗ ਆਗੂ: ਦੇਵੇਂਦਰ ਯਾਦਵ; ਖੁੱਲ੍ਹੀ ਚਰਚਾ ਵਿੱਚ ਲਿਆ ਹਿੱਸਾ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਡੀਗੜ੍ਹ ਰੋਡ ‘ਤੇ ਸਥਿਤ ਮੋਤੀ ਨਗਰ ਇਲਾਕੇ ‘ਚ ਐਮਸਨ ਰਿਜ਼ੌਰਟ ‘ਚ ਖੁੱਲ੍ਹੀ ਚਰਚਾ ‘ਚ ਹਿੱਸਾ ਲੈਣ ਲਈ ਪੁੱਜੇ। ਇਸ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਰਹੇ। ਦੋਵਾਂ ਨੇ ਫਿਰ ਆਖਿਆ ਕਿ ਕਾਂਗਰਸ 13 ਲੋਕ ਸਭਾ ਸੀਟਾਂ ‘ਤੇ ਇਕੱਲਿਆਂ ਚੋਣ ਲੜੇਗੀ, ਜਿਸ ਲਈ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਦੱਸਿਆ ਕਿ 8 ਲੋਕ ਸਭਾ ਹਲਕਿਆਂ ‘ਚ ਇਹ ਖੁੱਲ੍ਹੀ ਚਰਚਾ ਹੋ ਚੁੱਕੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਵਰਕਰ ਪੰਜਾਬ ਇੰਚਾਰਜ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੋਟੋ ਹਰ ਥਾਂ ਲੱਗੇ। ਉਨ੍ਹਾਂ ਕਿਹਾ ਕਿ ਕਾਫ਼ੀ ਸਾਰੇ ਪੰਜਾਬ ਦੇ ਆਗੂ ਹਨ ਜਿਨ੍ਹਾਂ ਦੀ ਫੋਟੋ ਪੋਸਟਰ ਵਿੱਚ ਨਹੀਂ ਹੈ। ਪੰਜਾਬ ਕਾਂਗਰਸ ਦੇ ਅਹੁਦੇਦਾਰ ਅਨੁਸਾਰ ਹੀ ਫੋਟੋ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵੀ ਕਿਸੇ ਸਮੇਂ ਸਾਬਕਾ ਹੋ ਜਾਵੇਗਾ। ਇਸ ਲਈ ਜ਼ਰੂਰੀ ਨਹੀਂ ਕਿ ਜੇ ਉਹ ਸਾਬਕਾ ਹੋ ਜਾਣਗੇ ਤਾਂ ਉਨ੍ਹਾਂ ਦੀ ਫੋਟੋ ਹਰ ਥਾਂ ਲੱਗੇ। ਫੋਟੋ ਕਲਚਰ ਅਕਾਲੀ ਦਲ ਵਿੱਚ ਹੈ ਜਿੱਥੇ ਪੂਰੇ ਪਰਿਵਾਰ ਦੀ ਫੋਟੋ ਲਾਉਣੀ ਜ਼ਰੂਰੀ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰ ਵਰਕਰ ਨਾਲ ਖੁੱਲ੍ਹ ਕੇ ਗੱਲ ਕੀਤੀ ਜਾ ਸਕੇ। ਪੰਜਾਬ ਕਾਂਗਰਸ ‘ਚ ਸਭ ਕੁਝ ਠੀਕ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇੱਕ ਸਤਿਕਾਰਯੋਗ ਆਗੂ ਹਨ। ਕਾਂਗਰਸ ਪਾਰਟੀ ਇੱਕ ਪਰਿਵਾਰ ਹੈ ਤੇ ਹਰ ਪਰਿਵਾਰ ‘ਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 11 ਫਰਵਰੀ ਨੂੰ ਸਮਰਾਲਾ ‘ਚ ਵਰਕਰ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਹੋਣਗੇ।