ਕੈਪਟਨ ਅਮਰਿੰਦਰ ਅਤੇ ਕੇਜਰੀਵਾਲ ‘ਤੇ ਲਗਾਏ ਝੂਠੇ ਦਾਅਵੇ ਕਰਨ ਦੇ ਇਲਜ਼ਾਮ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਸੂਬੇ ਦੇ ਸਾਰੇ ਹਲਕਿਆਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਕਾਲੀ ਆਗੂਆਂ ਨੇ ਕੈਪਟਨ ਸਰਕਾਰ ‘ਤੇ ਕਿਸਾਨਾਂ ਦੇ ਹਿੱਤਾਂ ਦਾ ਨੁਕਸਾਨ ਕਰਦਿਆਂ ਕੇਂਦਰ ਨਾਲ ਦੋਸਤਾਨਾ ਮੈਚ ਖੇਡਣ ਅਤੇ ‘ਆਪ’ ਉਤੇ ਜ਼ਰੂਰੀ ਵਸਤਾਂ ਸੋਧ ਐਕਟ ਲਾਗੂ ਕਰਨ ਲਈ ਸਹਿਮਤੀ ਦੇ ਕੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਵੱਖ-ਵੱਖ ਥਾਈਂ ਕੀਤੇ ਗਏ ਪ੍ਰਦਰਸ਼ਨਾਂ ਤਹਿਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ, ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ‘ਚ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ਵਿਚ ਧਰਨੇ ਦੀ ਅਗਵਾਈ ਕੀਤੀ। ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਫਿਕਸ ਮੈਚ ਖੇਡ ਕੇ ਕਿਸਾਨਾਂ ਦੀ ਹਮਾਇਤ ਕਰਨ ਦਾ ਸਿਰਫ ਦਿਖਾਵਾ ਕਰ ਰਹੇ ਹਨ। ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਦਰ ਕਿਨਾਰ ਕਰ ਕੇ ਕਿਸਾਨਾਂ ਦੇ ਹਿੱਤਾਂ ਦਾ ਨੁਕਸਾਨ ਕਰਨ ਲਈ ਲਿਆਂਦੀ ਡੀਬੀਟੀ ਯੋਜਨਾ ਵਾਸਤੇ ਸਹਿਮਤੀ ਦਿੱਤੀ ਤੇ ਕਿਸਾਨਾਂ ਦੇ ਹਿੱਤ ਵੀ ਵੇਚ ਦਿੱਤੇ। ਇਸੇ ਤਰ੍ਹਾਂ ‘ਆਪ’ ਨੇ ਵੀ ਹਮੇਸ਼ਾ ਕਿਸਾਨ ਅੰਦੋਲਨ ਦੇ ਖਿਲਾਫ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਦੀ ਸਰਕਾਰ ਨੇ ਦਿੱਲੀ ਵਿੱਚ ਖੇਤੀਬਾੜੀ ਕਾਨੂੰਨ ਲਾਗੂ ਕੀਤੇ। ਕੇਜਰੀਵਾਲ ਸਰਕਾਰ ਨੇ ਹੀ ਜਨਵਰੀ ਵਿੱਚ ਜੇਲ੍ਹਾਂ ‘ਚ ਝੂਠੇ ਦੋਸ਼ਾਂ ਹੇਠ ਡੱਕੇ ਸਿੱਖ ਨੌਜਵਾਨਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਹਾਲੇ ਵੀ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਕਮੇਟੀ ਦੀ ਰਿਪੋਰਟ ਵਿੱਚ ਸਪੱਸ਼ਟ ਦੱਸਿਆ ਗਿਆ ਹੈ ਕਿ ਉਸ ਨੇ ਸੋਧਿਆ ਹੋਇਆ ਜ਼ਰੂਰੀ ਵਸਤਾਂ ਐਕਟ ਲਾਗੂ ਕਰਨ ਲਈ ਸਹਿਮਤੀ ਦਿੱਤੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ‘ਚ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਝੂਠੇ ਲਾਰਿਆਂ ਦਾ ਘੜਾ ਭਰ ਗਿਆ ਹੈ। ਇਸ ਵਾਰ ਸੂਬੇ ਦੇ ਲੋਕ ਇਨ੍ਹਾਂ ਦੋਹਾਂ ਆਗੂਆਂ ਦੇ ਲਾਰਿਆਂ ਵਿੱਚ ਨਹੀਂ ਆਉਣਗੇ।
Check Also
ਦਿਲਜੀਤ ਦੁਸਾਂਝ ਨੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਮਾਨ ਬੋਲੇ : ਛੋਟੇ ਭਰਾ ਨਾਲ ਮੁਲਾਕਾਤ ਕਰਕੇ ਮਿਲਿਆ ਮਨ ਨੂੰ ਸਕੂਨ ਚੰਡੀਗੜ੍ਹ/ਬਿਊਰੋ …