5.5 C
Toronto
Wednesday, November 12, 2025
spot_img
Homeਪੰਜਾਬਲੰਗਰ ਦੇ ਭਾਂਡਿਆਂ 'ਚ ਕੈਨੇਡਾ ਭੇਜਦੇ ਸਨ ਡਰੱਗ, ਚਾਰ ਕਾਬੂ

ਲੰਗਰ ਦੇ ਭਾਂਡਿਆਂ ‘ਚ ਕੈਨੇਡਾ ਭੇਜਦੇ ਸਨ ਡਰੱਗ, ਚਾਰ ਕਾਬੂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਨਸ਼ਾ ਸਮਗਲਿੰਗ ਕਰਨ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਫਿਲੌਰ ਨੇੜਲੇ ਪਿੰਡ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਕੈਨੇਡਾ ਤੋਂ ਚਲਾਏ ਜਾ ਰਹੇ ਇਸ ਗਿਰੋਹ ਦੇ ਮੈਂਬਰਾਂ ਕੋਲੋਂ 4.75 ਕਿਲੋ ਕੈਟਾਮਾਈਨ ਤੇ 6 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਈਡੀ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੰਬੇ ਸਮੇਂ ਤੋਂ ਇਸ ਗਿਰੋਹ ਦੇ ਮੈਂਬਰਾਂ ਦਾ ਪਿੱਛਾ ਕਰ ਰਹੀਆਂ ਸਨ। ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਾਫੀ ਸਮੇਂ ਤੋਂ ਟੋਰਾਂਟੋ ਨਿਵਾਸੀ ਕਮਲਜੀਤ ਸਿੰਘ ਚੌਹਾਨ ‘ਤੇ ਨਜ਼ਰ ਰੱਖੀ ਹੋਈ ਸੀ। ਉਹ ਪਿੱਛੋਂ ਜਲੰਧਰ ਦੇ ਪਿੰਡ ਨਗਰ ਦਾ ਰਹਿਣ ਵਾਲਾ ਹੈ।
ਨਸ਼ਾ ਸਮਗੱਲਿੰਗ ਦਾ ਵੱਡਾ ਚਿਹਰਾ ਕੈਨੇਡੀਅਨ ਨਾਗਰਿਕ ਦਵਿੰਦਰ ਦੇਵ ਵੀ ਇਸੇ ਗਿਰੋਹ ਦਾ ਸਰਗਰਮ ਮੈਂਬਰ ਹੈ। ਉਹ ਮੂਲ ਰੂਪ ਵਿਚ ਸ੍ਰੀ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਖੰਨਾ ਵਿਖੇ ਰਹਿੰਦਾ ਹੈ। ਜਲੰਧਰ ਦਿਹਾਤੀ ਪੁਲਿਸ, ਕਾਊਂਟਰ ਇੰਟੈਲੀਜੈਂਸ ਤੇ ਈਡੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀਆਂ ਟੀਮਾਂ ਦੀ ਸਾਂਝੀ ਕਾਰਵਾਈ ‘ਚ ਦਵਿੰਦਰ ਦੇਵ (68), ਅਜੀਤ ਸਿੰਘ (45) ਤੇ ਤਿਰਲੋਚਨ ਸਿੰਘ (42) ਦੋਵੇਂ ਵਾਸੀ ਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ ਤੇ ਗੁਰਬਖਸ਼ ਸਿੰਘ (50) ਵਾਸੀ ਬੁੱਲੋਵਾਲ (ਹੁਸ਼ਿਆਰਪੁਰ) ਨੂੰ ਜੰਡੂ ਸਿੰਘਾ ਦੇ ਟੀ ਪੁਆਇੰਟ ‘ਤੇ ਵਿਸ਼ੇਸ਼ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਹ ਚਾਰੇ ਵਿਅਕਤੀ ਕਾਰ ‘ਤੇ ਸਵਾਰ ਹੋ ਜਾ ਰਹੇ ਸਨ।
ਇਨ੍ਹਾਂ ਤੋਂ ਲੰਗਰ ਬਣਾਉਣ ਵਾਲੇ ਭਾਂਡਿਆਂ ਵਿਚ ਲੁਕਾ ਕੇ ਲਿਜਾਈ ਜਾ ਰਹੀ 4.75 ਕਿਲੋ ਕੈਂਟਾਮਾਈਨ ਤੇ 6 ਕਿਲੋ ਅਫੀਮ ਬਰਾਮਦ ਕੀਤੀ ਗਈ। ਇਹ ਨਸ਼ੀਲੇ ਪਦਾਰਥ ਦੋਹਰੀ ਪਰਤ ਵਿਚ 7 ਵੱਡੀਆਂ ਕੜਾਹੀਆਂ ਵਿਚ ਪੈਕ ਕੀਤੇ ਗਏ ਸਨ। ਇਹ ਸਾਰੇ ਇਕ ਕੋਰੀਅਰ ਕੰਪਨੀ ਤੋਂ ਕੈਨੇਡਾ ਲਈ ਉਕਤ ਭਾਂਡਿਆਂ ‘ਚ ਲੁਕਾ ਕੇ ਰੱਖੇ ਗਏ ਨਸ਼ੀਲੇ ਪਦਾਰਥਾਂ ਨੂੰ ਕੈਨੇਡਾ ਲਈ ਕੋਰੀਅਰ ਕਰਨ ਜਾ ਰਹੇ ਸਨ।

RELATED ARTICLES
POPULAR POSTS