4 ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ 5 ਅਧਿਆਪਕ
ਰਾਮਪੁਰਾ ਫੂਲ : ਪੰਜਾਬ ਦੇ ਬਹੁਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ ਤੇ ਕਈ ਪਿੰਡਾਂ ‘ਚ ਪੰਚਾਇਤਾਂ ਵਲੋਂ ਅਧਿਆਪਕਾਂ ਦੀ ਘਾਟ ਕਾਰਨ ਸਕੂਲਾਂ ਨੂੰ ਤਾਲੇ ਲਗਾ ਕੇ ਬੰਦ ਕਰਨ ਦੀਆਂ ਖਬਰਾਂ ਅਕਸਰ ਹੀ ਪੜ੍ਹਨ ਨੂੰ ਮਿਲਦੀਆਂ ਹਨ। ਉਥੇ ਹੀ ਸਿੱਖਿਆ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਕੋਠੇ ਮੱਲੂਆਣਾ ਦੇ ਦੋ ਸਕੂਲਾਂ ‘ਚ ਲੋੜੋਂ ਵੱਧ ਅਧਿਆਪਕਾਂ ਦੀ ਗਿਣਤੀ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਮਹਿਰਾਜ ਪਿੰਡ ਦੇ ਕੋਠੇ ਮੱਲੂਆਣਾ ਵਿਖੇ ਸਰਕਾਰੀ ਮਿਡਲ ਸਕੂਲ ਦੀ ਤ੍ਰਾਸਦੀ ਵੇਖੋ ਕਿ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਸਿਰਫ ਚਾਰ ਹੀ ਹਨ, ਪਰ ਉਨ੍ਹਾਂ ਨੂੰ ਪੜ੍ਹਾਉਣ ਲਈ ਪੰਜ ਅਧਿਆਪਕ ਲਗਾਏ ਹੋਏ ਹਨ। ਇਸੇ ਤਰ੍ਹਾਂ ਹੀ ਕੋਠੇ ਮੱਲੂਆਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੰਜ ਬੱਚੇ ਹਨ, ਜਦਕਿ ਦੋ ਅਧਿਆਪਕ ਇਨ੍ਹਾਂ ਨੂੰ ਪੜ੍ਹਾ ਰਹੇ ਹਨ। ਪਹਿਲਾਂ ਭਾਵੇਂ ਮਿਡਲ ਸਕੂਲ ਵਿਚ ਤਿੰਨ ਅਧਿਆਪਕ ਸਨ ਪਰ 13 ਸਤੰਬਰ ਨੂੰ ਦੋ ਹੋਰ ਨਵੇਂ ਅਧਿਆਪਕ ਲਗਾ ਦਿੱਤੇ ਗਏ। ਸੂਤਰਾਂ ਅਨੁਸਾਰ ਪਿਛਲੇ ਸਾਲ ਇਸ ਸਕੂਲ ਵਿਚ 14 ਬੱਚੇ ਸਨ ਪਰ ਹੌਲੀ-ਹੌਲੀ ਬੱਚਿਆਂ ਦੀ ਗਿਣਤੀ ਘਟ ਕੇ ਚਾਰ ਤੱਕ ਸੀਮਤ ਰਹਿ ਗਈ। ਜ਼ਿਕਰਯੋਗ ਹੈ ਕਿ ਪਿੰਡ ਮਹਿਰਾਜ ਨਗਰ ਪੰਚਾਇਤ ਅਧੀਨ 9 ਸਕੂਲ ਹਨ ਪਰ ਕੋਠੇ ਮੱਲੂਆਣਾ ਸਕੂਲ ਦੀ ਤ੍ਰਾਸਦੀ ਇਹ ਹੈ ਕਿ ਇਹ ਪਿੰਡ ਤੋਂ ਦੋ ਕਿਲੋਮੀਟਰ ਦੂਰ ਖੇਤਾਂ ਵਿਚ ਸਥਿਤ ਹੈ। ਕੋਠੇ ਮੱਲੂਆਣਾ ਵਿਖੇ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਸਹੂਲਤ ਨਹੀਂ ਹੈ, ਜਿਸ ਕਾਰਨ ਬੱਚਿਆਂ ਨੂੰ ਪੈਦਲ ਹੀ ਦੋ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈਂਦਾ ਹੈ। ਸਕੂਲ ਦੂਰ ਹੋਣ ਕਾਰਨ ਮਾਪੇ ਇਸ ਸਕੂਲ ਵਿਚ ਬੱਚੇ ਨੂੰ ਭੇਜਣ ਤੋਂ ਡਰਦੇ ਹਨ। ਪਿੰਡ ਦੇ ਬਹੁਤੇ ਚੰਗੇ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ, ਜਿਨ੍ਹਾਂ ਨੂੰ ਸਕੂਲ ਵੈਨਾਂ ਘਰੋਂ ਲੈਣ ਆਉਂਦੀਆਂ ਹਨ। ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਨਿੱਜੀ ਵਾਹਨਾਂ ‘ਤੇ ਸਕੂਲ ਆਉਣਾ ਪੈਂਦਾ ਹੈ। ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਦੀ ਗਿਣਤੀ ਘੱਟ ਹੋਣ ਕਾਰਨ ਸਾਰਾ ਦਿਨ ਵਿਹਲੇ ਰਹਿ ਕੇ ਸਮਾਂ ਲੰਘਾਉਣਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਇਸ ਸਕੂਲ ਵਿਚ ਸਮਾਜਿਕ ਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਨਵੀਂ ਤਾਇਨਾਤੀ ਕਰ ਦਿੱਤੀ ਗਈ ਹੈ, ਉਥੇ ਪਿੰਡ ਮਹਿਰਾਜ ਦੇ ਸਰਕਾਰੀ ਹਾਈ ਸਕੂਲ ਲੜਕੀਆਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਵਿਸ਼ੇ ਦੇ ਅਧਿਆਪਕ ਦੀ ਅਸਾਮੀ ਖਾਲੀ ਪਈ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …