-12.7 C
Toronto
Saturday, January 31, 2026
spot_img
Homeਪੰਜਾਬਭਾਜਪਾ ਆਗੂ ਕਾਰਪੋਰੇਟਾਂ ਦੇ ਅੰਨ੍ਹੇ ਭਗਤ ਨਾ ਬਣਨ

ਭਾਜਪਾ ਆਗੂ ਕਾਰਪੋਰੇਟਾਂ ਦੇ ਅੰਨ੍ਹੇ ਭਗਤ ਨਾ ਬਣਨ

ਕਿਸਾਨਾਂ ਦਾ ਕਹਿਣਾ : ਕਿਸਾਨਾਂ ਦੇ ਜਜ਼ਬਾਤਾਂ ਨਾਲ ਨਾ ਖੇਡਣ ਭਾਜਪਾ ਆਗੂ
ਚੰਡੀਗੜ੍ਹ : ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪੜਾਅਵਾਰ ਅਗਾਂਹ ਵਧਾਏ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਕਿਸਾਨ ਅੰਦੋਲਨ ਖਿਲਾਫ ਕੇਂਦਰ ਦੀਆਂ ਚਾਲਾਂ ਦੇ ਟਾਕਰੇ ਦਾ ਸੱਦਾ ਦਿੱਤਾ ਹੈ। ਸੂਬੇ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ‘ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ, ਮੋਗਾ ਦੇ ਸਾਈਲੋ ਦੇ ਬਾਹਰ ਤੇ ਹੋਰਨਾਂ ਥਾਵਾਂ ‘ਤੇ ਧਰਨੇ ਚੱਲ ਰਹੇ ਹਨ। ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਭਾਜਪਾ ਆਗੂਆਂ ਨੂੰ ਕਾਰਪੋਰੇਟ ਦੇ ਅੰਨ੍ਹੇ ਭਗਤ ਬਣਨ ਦੀ ਥਾਂ ਕਿਸਾਨੀ ਹਿੱਤਾਂ ਦੀ ਗੱਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਭਾਜਪਾ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦੇ ਘਰਾਂ ਤੇ ਕਾਰੋਬਾਰੀ ਟਿਕਾਣਿਆਂ ਅੱਗੇ ਸ਼ਾਂਤਮਈ ਵਿਰੋਧ ਜਾਰੀ ਰਹੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਜਥੇਬੰਦੀਆਂ ਹਿੰਸਾ ਜਾਂ ਹਿੰਸਕ ਅੰਦੋਲਨ ਦੇ ਮੁੱਢੋਂ ਹੀ ਖਿਲਾਫ਼ ਹਨ। ਇਸ ਦੇ ਨਾਲ ਹੀ ਪੰਜਾਬ ਦੇ ਭਾਜਪਾ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਜਜ਼ਬਾਤਾਂ ਨਾਲ ਨਾ ਖੇਡਣ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਕੌਮੀ ਪੱਧਰ ‘ਤੇ ਅੰਦੋਲਨਾਂ ਦੀ ਅਗਵਾਈ ਕਰਨ ਵਾਲੀ ਮੇਧਾ ਪਾਟੇਕਰ ਦੀ ਪੰਜਾਬ ਫੇਰੀ ਅਤੇ ਐੱਫ.ਸੀ.ਆਈ ਦੇ ਦਫ਼ਤਰਾਂ ਮੂਹਰੇ ਕਿਸਾਨਾਂ ਦੇ ਵੱਡੇ ਇਕੱਠ ਭਵਿੱਖ ਵਿੱਚ ਕਿਸਾਨੀ ਸੰਘਰਸ਼ ਦੀ ਮਸ਼ਾਲ ਹੋਰ ਭਖਣ ਦਾ ਸਪੱਸ਼ਟ ਸੰਕੇਤ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਨੇ ਕਣਕ ਦੀ ਫ਼ਸਲ ਦੀ ਸਾਂਭ ਸੰਭਾਲ ਕਰਨੀ ਹੈ, ਜਿਸ ਕਾਰਨ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਪਿਛਲੇ ਇੱਕ ਹਫ਼ਤੇ ਤੋਂ ਕਿਸਾਨ ਬੀਬੀਆਂ ਦੇ ਜਥੇ ਲਗਾਤਾਰ ਦਿੱਲੀ ਜਾ ਰਹੇ ਹਨ। ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਲੁਧਿਆਣਾ, ਮੁਹਾਲੀ, ਮੋਗਾ, ਕਪੂਰਥਲਾ ਆਦਿ ਜ਼ਿਲ੍ਹਿਆਂ ਤੋਂ ਕਿਸਾਨਾਂ ਤੇ ਮਹਿਲਾਵਾਂ ਦੇ ਕਾਫ਼ਲੇ ਡਿਊਟੀਆਂ ਮੁਤਾਬਿਕ ਦਿੱਲੀ ਦੇ ਮੋਰਚਿਆਂ ‘ਚ ਪੁੱਜ ਰਹੇ ਹਨ।

 

RELATED ARTICLES
POPULAR POSTS