ਕਈ ਵਿਭਾਗਾਂ ਵਿਚ ਨੌਕਰੀਆਂ ਦਿਵਾਉਣ ਦੇ ਹੋਏ ਖੁਲਾਸੇ
ਐੱਸ. ਏ. ਐੱਸ. ਨਗਰ/ਬਿਊਰੋ ਨਿਊਜ਼
ਮੁਹਾਲੀ ਪੁਲਿਸ ਨੇ ਪੰਜਾਬ ਪੁਲਿਸ ਤੇ ਹੋਰਨਾਂ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਜਾਅਲੀ ਸਰਟੀਫਿਕੇਟ ਤੇ ਡਿਗਰੀਆਂ ਬਣਾਉਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਦੀ ਪਹਿਚਾਣ ਮੁੱਖ ਸਰਗਣਾ ਰਾਜ ਕੁਮਾਰ ਉਰਫ ਰਾਜੂ ਵਾਸੀ ਡੱਬਵਾਲੀ ਕਲਾਂ ਫਾਜ਼ਿਲਕਾ, ਸੰਜੇ ਕੁਮਾਰ ਉਰਫ ਸੋਨੂੰ ਵਾਸੀ ਬਲਟਾਣਾ ਅਤੇ ਚੰਦਰ ਕੁਮਾਰ ਵਾਸੀ ਢਕੋਲੀ ਜ਼ੀਰਕਪੁਰ ਵਜੋਂ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਟੌਰ ਪੁਲਿਸ ਦੀ ਇਸ ਕਾਮਯਾਬੀ ਨਾਲ ਜਿਥੇ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਹੋਣ ਵਾਲੇ ਧੋਖਾਧੜੀ ਨੂੰ ਨੱਥ ਪਈ ਹੈ, ਉਥੇ ਇਸ ਜਾਅਲਸਾਜ਼ੀ ਦਾ ਸ਼ਿਕਾਰ ਹੋਣ ਵਾਲੇ ਕਈ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਡੱਕਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ।ઠ
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਦਸਵੀਂ, ਬਾਰ੍ਹਵੀਂ, ਬੀ. ਏ, ਡਿਪਲੋਮਾ, ਬੀ. ਏ.ਐਮ.ਐਸ. ਆਦਿ ਤੋਂ ਇਲਾਵਾ ਪੰਜਾਬ ਵਾਸੀ, ਜਾਤੀ ਅਤੇ ਚਾਲ ਚੱਲਣ ਦੇ ਸਰਟੀਫਿਕੇਟ ਬਰਾਮਦ ਹੋਏ ਹਨ। ਉਕਤ ਤਿੰਨਾਂ ਮੁਲਜ਼ਮਾਂ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਤਿੰਨੇ ਮੁਲਜ਼ਮਾਂ ਨੂੰ 23 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਥਾਣਾ ਮਟੌਰ ਦੇ ਮੁਖੀ ਮਹੇਸ਼ ਸੈਣੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹਾਲੀ ਵਿਚਲੇ ਫੇਜ਼-7 ਵਿਚ ਜਾਅਲੀ ਡਿਗਰੀਆਂ ਬਣਾਉਣ ਵਾਲਾ ਇੱਕ ਗੈਂਗ ਰਹਿ ਰਿਹਾ ਹੈ। ਪੁਲਿਸ ਨੇ ਰਾਤ ਸਮੇਂ ਜਦੋਂ ਛਾਪਾ ਮਾਰਿਆ ਤਾਂ ਰਾਜ ਕੁਮਾਰ ਨਾਂ ਦਾ ਇੱਕ ਮੁਲਜਮ ਜਾਅਲੀ ਸਰਟੀਫਿਕੇਟਾਂ ਸਮੇਤ ਕਾਬੂ ਕੀਤਾ, ਪੁਲਿਸ ਨੇ ਉਸਦੀ ਨਿਸ਼ਾਨਦੇਹੀ ‘ਤੇ ਜ਼ੀਰਕਪੁਰ ਤੋਂ ਉਸਦੇ ਦੋ ਸਾਥੀ ਸੰਜੇ ਕੁਮਾਰ ਤੇ ਚੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਕਤ ਮੁਲਜ਼ਮ 2009 ਤੋਂ ਇਹ ਧੰਦਾ ਚਲਾ ਰਹੇ ਸਨ। ਉਕਤ ਮੁਲਜ਼ਮ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੇ ਸਨ, ਜਦੋਂ ਕਿ ਮੁਲਜਮ ਰਾਜ ਕੁਮਾਰ ਦਾ ਵੀ ਫਾਜ਼ਿਲਕਾ ਤੋਂ ਆਪਣਾ ਜਾਅਲੀ ਸਰਟੀਫਿਕੇਟ ਬਣਵਾਇਆ ਹੋਇਆ ਹੈ।
ਰੇਲਵੇ, ਐਫ.ਸੀ.ਆਈ. ਵਿਭਾਗ ਦਿੱਲੀ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਮਾਰੀ ਠੱਗੀ
ਮੁਲਜਮ ਰਾਜ ਕੁਮਾਰ ਨੇ ਦਿੱਲੀ ਦੇ ਕੁਝ ਬੰਦਿਆਂ ਨਾਲ ਮਿਲ ਕੇ ਪਹਿਲਾਂ ਰੇਲਵੇ ਵਿਭਾਗ ਵਿਚ ਕਲਰਕਾਂ ਦੀ ਅਸਾਮੀ ਲਈ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਪਹਿਲਾਂ ਅਪਲਾਈ ਕਰਵਾਇਆ, ਜੁਆਇਨਿੰਗ ਲੈਟਰ ਵੀ ਦਿੱਤੇ, ਮਗਰੋਂ ਜੁਆਇਨਿੰਗ ਕਰਵਾਉਣ ਬਾਰੇ ਕਹਿ ਕੇ ਇੱਕ ਏ. ਸੀ.ਠੀਕ ਕਰਨ ਵਾਲੇ ਠੇਕੇਦਾਰ ਕੋਲ ਛੱਡਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਐਫ. ਸੀ.ਆਈ. ਵਿਭਾਗ ਦਿੱਲੀ ਵਿਚ ਨੌਕਰੀ ਦਿਵਾਉਣ ਦੇ ਨਾਂ ‘ਤੇ ਵੀ ਲੋਕਾਂ ਨਾਲ ਠੱਗੀ ਮਾਰੀ ਹੈ।
ਜਾਅਲੀ ਡਿਗਰੀਆਂ, ਲੈਪਟਾਪ, ਕੰਪਿਊਟਰ, ਪ੍ਰਿੰਟਰ, ਮੋਹਰਾਂ ਤੇ ਨਗਦੀ ਬਰਾਮਦ
ਪੁਲਿਸ ਨੇ ਤਿੰਨੇ ਮੁਲਜ਼ਮਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਡਿਗਰੀਆਂ, ਮਾਰਕਸ਼ੀਟਾਂ, 4 ਲੈਪਟਾਪ, 2 ਕੰਪਿਊਟਰ, 1 ਪ੍ਰਿੰਟਰ ਅਤੇ 96 ਹਜਾਰ ਦੀ ਨਗਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 2 ਸਰਕਾਰੀ ਸਕੂਲ ਫਾਜ਼ਿਲਕਾ ਅਤੇ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਦੀਆਂ ਜਾਅਲੀ ਮੋਹਰਾਂ, ਸੈਕਟਰੀ ਐਜੂਕੇਸ਼ਨ ਦੀ ਮੋਹਰ ਤੇ ਸਕੂਲ ਦੇ ਬੋਰਡ ਅਤੇ ਯੂਨੀਵਰਸਿਟੀ ਦੀਆਂ ਮੋਹਰਾਂ ਬਰਾਮਦ ਕੀਤੀਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ ਨੰਬਰ ਵਧਾਉਣ ਦਾ ਵੀ ਕਰਦਾ ਸੀ ਕੰਮ
ਰਾਜ ਕੁਮਾਰ ਦੀ ਪਤਨੀ ਪਰਮਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਅਕਸਰ ਉਸ ਨੂੰ ਇਹ ਕਹਿੰਦਾ ਸੀ ਕਿ ਉਸਦੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਕਿਸੇ ਨਾਲ ਸਬੰਧ ਹਨ ਅਤੇ ਉਹ ਪੇਪਰਾਂ ਦੀ ਰੀਚੈਕਿੰਗ ਕਰਵਾ ਕੇ ਨੰਬਰ ਵਧਵਾਉਣ ਦਾ ਵੀ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਰਾਜ ਕੁਮਾਰ 80% ਤੱਕ ਨੰਬਰ ਵਧਵਾਉਣ ਦੀ ਗੱਲ ਕਰਦਾ ਸੀ। ਉਧਰ ਪੁਲਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਈ ਮਾਰਕਸ਼ੀਟਾਂ ਵੀ ਮਿਲੀਆਂ ਹਨ। ਪੁਲਿਸ ਇਨ੍ਹਾਂ ਸਰਟੀਫਿਕੇਟਾਂ ਦੀ ਜਾਂਚ ਕਰੇਗੀ ਕਿ ਸੱਚਾਈ ਕੀ ਹੈ।
ਪੰਜਾਬ ਪੁਲਿਸ ‘ਚ ਭਰਤੀ ਹੋਏ ਕਾਂਸਟੇਬਲਾਂ ਦੀ ਮੈਰਿਟ ਵੀ ਸ਼ੱਕ ਦੇ ਘੇਰੇ ‘ਚ
ਰਾਜ ਕੁਮਾਰ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ 2011 ਵਿਚ ਪੁਲਿਸ ਭਰਤੀ ਦੌਰਾਨ ਉਸਨੇ ਭਰਤੀ ਹੋਣ ਵਾਲੇ ਕਈ ਨੌਜਵਾਨਾਂ ਦੀ ਮੈਰਿਟ ਵਧਾਉਣ ਲਈ ਪੈਸੇ ਲਏ ਸਨ ਤੇ ਕਈ ਕਾਂਸਟੇਬਲ ਭਰਤੀ ਵੀ ਹੋ ਗਏ ਹਨ।
ਪੁਲਿਸ ਟੀਮ ਦੀ ਸਫ਼ਲਤਾ ਦੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਹਾਲੀ ਜ਼ਿਲ੍ਹੇ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ
Check Also
ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ
ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …