ਮੋਬਾਈਲ ‘ਤੇ ਮੂਵੀ ਬਣਾਉਣ ਤੋਂ ਹੋਈ ਤਕਰਾਰ, ਬਲਾਕ ਪ੍ਰਧਾਨ ਦੀ ਪੱਗ ਲੱਥੀ
ਲੰਬੀ/ਬਿਊਰੋ ਨਿਊਜ਼ :
ਇੱਥੇ ਪੰਜਾਬ ਕਾਂਗਰਸ ਦੇ ਧਰਨੇ ਦੌਰਾਨ ਸਟੇਜ ਤੋਂ ਮੋਬਾਈਲ ‘ਤੇ ਵੀਡੀਓ ਬਣਾਉਣ ਦੇ ਮਾਮਲੇ ‘ਤੇ ਖੁੱਡੀਆਂ ਅਤੇ ਅਬੁਲਖੁਰਾਣਾ ਧੜਿਆਂ ਦੇ ਕਾਂਗਰਸੀ ਵਰਕਰ ਖਹਿਬੜ ਪਏ। ਇਸ ਹੱਥੋਪਾਈ ਵਿੱਚ ਬਲਾਕ ਕਾਂਗਰਸ ਪ੍ਰਧਾਨ ਗੁਰਬਾਜ਼ ਸਿੰਘ ਵਣਵਾਲਾ ਦੀ ਪੱਗ ਲੱਥ ਗਈ ਤੇ ਅਬੁਲਖੁਰਾਣਾ ਧੜੇ ਦੇ ਜਸਪਾਲ ਸਿੰਘ ਨੂੰ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ। ਇਸ ਤਕਰਾਰ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਲੀਡਰਸ਼ਿਪ ਸਟੇਜ ‘ਤੇ ਮੌਜੂਦ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਸਟੇਜ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਸਨ। ਜਾਣਕਾਰੀ ਅਨੁਸਾਰ ਕਾਂਗਰਸ ਆਗੂ ਜਗਪਾਲ ਸਿੰਘ ਅਬੁਲਖੁਰਾਣਾ ਦੇ ਸੰਬੋਧਨ ਕਰਨ ਮੌਕੇ ਉਨ੍ਹਾਂ ਦਾ ਸਮਰਥਕ ਜਸਪਾਲ ਸਿੰਘ ਸਟੇਜ ‘ਤੇ ਖੜ੍ਹ ਕੇ ਮੋਬਾਈਲ ‘ਤੇ ਵੀਡੀਓ ਬਣਾਉਣ ਲੱਗ ਪਿਆ। ਬਲਾਕ ਪ੍ਰਧਾਨ ਗੁਰਬਾਜ਼ ਸਿੰਘ ਵਣਵਾਲਾ ਨੇ ਦੱਸਿਆ ਕਿ ਜਸਪਾਲ ਸਿੰਘ ਵੱਲੋਂ ਮੂਵੀ ਬਣਾਉਂਦੇ ਸਮੇਂ ਉਸ ਦਾ ਮੋਬਾਈਲ ਜ਼ਿਲ੍ਹਾ ਪ੍ਰਧਾਨ ਖੁੱਡੀਆਂ ਦੀ ਪੱਗ ਨਾਲ ਲੱਗ ਗਿਆ। ਇਸ ‘ਤੇ ਜ਼ਿਲ੍ਹਾ ਪ੍ਰਧਾਨ ਨੇ ਉਸ ਨੂੰ ਸਟੇਜ ਤੋਂ ਹੇਠਾਂ ਜਾ ਕੇ ਵੀਡੀਓ ਬਣਾਉਣ ਲਈ ਆਖਿਆ ਪਰ ਜਸਪਾਲ ਸਿੰਘ ਕਥਿਤ ਅਪਸ਼ਬਦ ਬੋਲਣ ਲੱਗਿਆ। ਇਸ ‘ਤੇ ਜ਼ਿਲ੍ਹਾ ਪ੍ਰਧਾਨ ਨੇ ਉਸ ਨੂੰ ਹੱਥ ਨਾਲ ਪਾਸੇ ਕਰ ਦਿੱਤਾ। ਇਸ ਦੌਰਾਨ ਪਿਛਾਂਹ ਖੜ੍ਹੇ ਯੂਥ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਪ੍ਰਤੀ ਉਸ ਦੇ ਗ਼ੈਰਇਖ਼ਲਾਕੀ ਵਰਤਾਰੇ ‘ਤੇ ਇਤਰਾਜ਼ ਜਤਾਉਂਦਿਆਂ ਉਸ ਨੂੰ ਸਟੇਜ ਤੋਂ ਹੇਠਾਂ ਖਿੱਚ ਲਿਆ। ਇਸ ਕਰਕੇ ਜਸਪਾਲ ਸਿੰਘ ਨੂੰ ਖੁੱਡੀਆਂ ਧੜੇ ਦੇ ਬਲਾਕ ਪ੍ਰਧਾਨ ਗੁਰਬਾਜ਼ ਸਿੰਘ ਵਣਵਾਲਾ ਸਮੇਤ ਵਰਕਰਾਂ ਦੇ ਭਖਵੇਂ ਰੋਹ ਦਾ ਸ਼ਿਕਾਰ ਹੋਣਾ ਪਿਆ। ਇਸ ਕਰਕੇ ਦੋਹਾਂ ਧੜਿਆਂ ਵਿੱਚ ਤਕਰਾਰ ਵਧ ਗਈ ਤੇ ਪੱਖੇ ਵਿੱਚ ਵੱਜਣ ਕਰਕੇ ਗੁਰਬਾਜ਼ ਸਿੰਘ ਵਣਵਾਲਾ ਦਾ ਕੁੜਤਾ ਫਟ ਗਿਆ ਤੇ ਪੱਗ ਵੀ ਉੱਤਰ ਗਈ। ਪੁਲਿਸ ਅਮਲੇ ਨੇ ਦੋਵੇਂ ਧੜਿਆਂ ਨੂੰ ਵੱਖੋ-ਵੱਖ ਕੀਤਾ। ਇਸ ਘਟਨਾ ਦੌਰਾਨ ਸਟੇਜ ਦੀ ਕਾਰਵਾਈ ਵਿੱਚ ਕੋਈ ਰੁਕਾਵਟ ਨਹੀਂ ਪੈਣ ਦਿੱਤੀ ਗਈ।
ਕੋਲਿਆਂਵਾਲੀ ਨੂੰ ਜੇਲ੍ਹ ਡੱਕਾਂਗੇ: ਅਮਰਿੰਦਰ
ਕਾਂਗਰਸ ਵੱਲੋਂ ਨੌਕਰੀ ਘੁਟਾਲੇ ਖ਼ਿਲਾਫ਼ ਲੰਬੀ ਥਾਣੇ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ‘ਤੇ ਅਕਾਲੀ ਆਗੂ ਦਿਆਲ ਸਿੰਘ ‘ਕੋਲਿਆਂਵਾਲੀ’ ਨੂੰ ਰਵੀ ਸਿੱਧੂ ਵਾਂਗ ਪਹਿਲੇ ਦਿਨ ਜੇਲ੍ਹ ਵਿੱਚ ਡੱਕਿਆ ਜਾਵੇਗਾ। ਕੈਪਟਨ ਅਮਰਿੰਦਰ ਨੇ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਨੇੜਲੇ ਆਗੂਆਂ ‘ਤੇ ਨੌਕਰੀਆਂ ਦੀ ਸੌਦੇਬਾਜ਼ੀ ਕਰਨ ਤੇ ਭ੍ਰਿਸ਼ਟਾਚਾਰ ਸਹਾਰੇ ਵੱਡੀਆਂ ਜਾਇਦਾਦਾਂ ਬਣਾਉਣ ਜਿਹੇ ਗੰਭੀਰ ਦੋਸ਼ ਲਾਏ।
ਜਗਰਾਉਂ: ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਨੂੰ ਚੰਗਾ ਹੁੰਗਾਰਾ
ਜਗਰਾਉਂ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਨੂੰ ਬੁੱਧਵਾਰ ਨੂੰ ਇੱਥੇ ਭਰਵਾਂ ਹੁੰਗਾਰਾ ਮਿਲਿਆ। ਮੀਂਹ ਦੇ ਬਾਵਜੂਦ ਵੱਡੀ ਗਿਣਤੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਹੋਏ ਸਨ ਅਤੇ ਪੈਲੇਸ ਦੇ ਖਚਾਖਚ ਭਰੇ ਹਾਲ ਵਿੱਚ ਬੈਠ ਕੇ ਸਾਬਕਾ ਮੁੱਖ ਮੰਤਰੀ ਨੇ ਇੱਕ-ਇੱਕ ਕਰਕੇ ਸਭ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਜਵਾਬ ਦਿੱਤੇ। ਇਕੱਠ ਵਿੱਚ ਸ਼ਾਮਲ ਕੁਝ ਕਾਂਗਰਸੀਆਂ ਨੇ ਜਦੋਂ ਪਾਰਟੀ ਨਾਲ ਸਬੰਧਤ ਸਵਾਲ ਪੁੱਛਣੇ ਚਾਹੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਪਾਰਟੀ ਬਾਰੇ ਗੱਲ ਪਾਰਟੀ ਪਲੇਟਫਾਰਮ ‘ਤੇ ਕੀਤੀ ਜਾਵੇ ਕਿਉਂਕਿ ਇਹ ਪ੍ਰੋਗਰਾਮ ਸਿਰਫ਼ ਆਮ ਲੋਕਾਂ ਲਈ ਹੈ।ਇਸ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸਵਾਈਐਲ ਮੁੱਦੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੀਅਤ ਅਤੇ ਨੀਤੀ ਵਿੱਚ ਖੋਟ ਹੈ। ਰਾਜ ਦੇ ਪਾਣੀਆਂ ਲਈ ਸਹੀ ਲੜਾਈ ਲੜਨ ਦੀ ਥਾਂ ਉਹ ਪੰਚਾਇਤਾਂ ਰਾਹੀਂ ਮਤੇ ਪੁਆ ਕੇ ਆਪਣੇ ਅਨੁਕੂਲ ਸਿਆਸੀ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਵਿੱਚ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …