ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਸਬਜ਼ੀਆਂ ਅਤੇ ਹੋਰ ਫਸਲਾਂ ਦੀ ਪੈਦਾਵਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ 64 ਏਕੜ ‘ਚ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਲੰਗਰ ਘਰ ‘ਚ ਸੇਵਾਵਾਂ ਦੇਣ ਵਾਲੇ ਆਕਾਸ਼ ਸਿੰਘ ਖਾਲਸਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਗੁਰੂ ਨਾਨਕ ਦੇਵ ਜੀ ਦੇ ਖੇਤਾਂ ‘ਚ 15 ਏਕੜ ਭੂਮੀ ‘ਤੇ ਸੂਰਜਮੁਖੀ ਅਤੇ 10 ਏਕੜ ‘ਚ ਜੈਤੂਨ ਬੀਜੀ ਗਈ ਹੈ। ਇਸੇ ਤਰ੍ਹਾਂ ਮੱਕੀ ਅਤੇ ਚਾਵਲ ਆਦਿ ਫਸਲ ਵੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਬੈਂਗਣ, ਘੀਆ, ਲੋਕੀ, ਟਿੰਡੇ, ਘੀਆ ਤੋਰੀ, ਕਰੇਲੇ ਆਦਿ ਕਈ ਹੋਰ ਸਬਜ਼ੀਆਂ ਬਿਲਕੁਲ ਤਿਆਰ ਹੋ ਚੁੱਕੀਆਂ ਹਨ, ਜੋ ਸੰਗਤਾਂ ਲਈ ਰੋਜ਼ਾਨਾ ਵਰਤਾਏ ਜਾਣ ਵਾਲੇ ਲੰਗਰ ‘ਚ ਪਕਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਸ਼ਰਧਾਲੂਆਂ ਦੀ ਜਾਣਕਾਰੀ ਲਈ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਅਤੇ ਬਾਗ਼ ਦੇ ਨਜ਼ਦੀਕ ਗੁਰਮੁਖੀ ‘ਚ ਲਿਖੇ ਬੋਰਡ ਵੀ ਲਗਾਏ ਗਏ ਹਨ।
ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐਮ.ਯੂ.) ਦੇ ਚੀਫ ਐਗਜ਼ੀਕਿਊਟਿਵ ਅਫਸਰ (ਸੀਈਓ) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਖੇਤਾਂ ‘ਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਦਾਲਾਂ ਨਾਲ ਹੀ ਤਿਆਰ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਪ੍ਰਸਾਦਿ ਵਜੋਂ ਦੇਣ ਲਈ ਅੰਬ, ਸੰਗਤਰੇ, ਕੇਲੇ, ਮੁਸੱਮੀਆਂ, ਅਮਰੂਦ ਆਦਿ ਵੀ ਗੁਰਦੁਆਰਾ ਸਾਹਿਬ ਦੇ ਬਾਗ਼ ‘ਚ ਲਗਾਏ ਗਏ ਹਨ।