Breaking News
Home / Uncategorized / ਪੰਜਾਬ ਭਾਜਪਾ ਦੀਆਂ ਨਵੀਆਂ ਨਿਯੁਕਤੀਆਂ ਤੋਂ ਟਕਸਾਲੀ ਆਗੂਆਂ ਵਿੱਚ ਨਿਰਾਸ਼ਾ

ਪੰਜਾਬ ਭਾਜਪਾ ਦੀਆਂ ਨਵੀਆਂ ਨਿਯੁਕਤੀਆਂ ਤੋਂ ਟਕਸਾਲੀ ਆਗੂਆਂ ਵਿੱਚ ਨਿਰਾਸ਼ਾ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਇਕਾਈ ਦੇ ਸੂਬਾਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿੱਚ ਟਕਸਾਲੀਆਂ ਅਤੇ ਸਾਬਕਾ ਕਾਂਗਰਸੀ ਤੇ ਅਕਾਲੀਆਂ ਦਰਮਿਆਨ ਸਮਤੋਲ ਬਣਾਉਣ ਦੇ ਯਤਨਾਂ ਦੇ ਬਾਵਜੂਦ ਪਾਰਟੀ ਦਾ ਇੱਕ ਧੜਾ ਸਖ਼ਤ ਨਾਰਾਜ਼ਗੀ ਪ੍ਰਗਟਾ ਰਿਹਾ ਹੈ। ਭਾਜਪਾ ਦੇ ਟਕਸਾਲੀ ਆਗੂਆਂ ਨੇ ਸੂਬਾਈ ਅਹੁਦੇਦਾਰਾਂ ਦੀ ਨਿਯੁਕਤੀ ਦੇ ਮਾਮਲੇ ‘ਤੇ 24 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਵੀ ਸੱਦ ਲਈ ਹੈ। ਮੀਟਿੰਗ ਦਾ ਸੱਦਾ ਦੇਣ ਵਾਲੇ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਮੀਟਿੰਗ ਸੱਦੇ ਜਾਣ ਦੀ ਪੁਸ਼ਟੀ ਕੀਤੀ ਹੈ। ਪਾਰਟੀ ਦੇ ਆਗੂਆਂ ਨੇ ਨਿਯੁਕਤੀਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਮਿਹਨਤ ਕਰਨ ਵਾਲੇ ਵਰਕਰ ਤੇ ਆਗੂ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਇੱਕ ਸੀਨੀਅਰ ਆਗੂ ਨੇ ਕਿਹਾ ਕਿ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵਿੱਚ ਕਈ ਅਜਿਹੇ ਦਲ ਬਦਲੂਆਂ ਨੂੰ ਅਹਿਮਤੀਅਤ ਦਿੱਤੀ ਗਈ ਹੈ ਜਿਨ੍ਹਾਂ ਨੇ ਪਿਛੋਕੜ ਵਿੱਚ ਦਬਬਦਲੀ ਦਾ ਰਿਕਾਰਡ ਕਾਇਮ ਕਰਦਿਆਂ ਦੋ ਤੋਂ ਤਿੰਨ ਪਾਰਟੀਆਂ ਵੀ ਬਦਲੀਆਂ ਸਨ। ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭਾਜਪਾ ਆਗੂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਦੇ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਹਰੀ ਝੰਡੀ ਦਿੱਤੀ ਸੀ। ਇਨ੍ਹਾਂ ਨਿਯੁਕਤੀਆਂ ਵਿੱਚ ਜ਼ਿਆਦਾਤਰ ਅਹੁਦੇਦਾਰੀਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪਸੰਦ ਮੁਤਾਬਕ ਕੀਤੀਆਂ ਗਈਆਂ ਹਨ।
ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਅਹੁਦੇਦਾਰਾਂ ਦੀ ਇਸ ਸੂਚੀ ਵਿੱਚ ਸੀਨੀਅਰ ਖਾਸ ਕਰ ਕੇ ਟਕਸਾਲੀ ਆਗੂਆਂ ਨੂੰ ਵੱਡੇ ਪੱਧਰ ‘ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਭਾਵ ਕੁਰਬਾਨੀ ਕਰਨ ਵਾਲਿਆਂ ਦਾ ਅਪਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ 75 ਫੀਸਦੀ ਬਾਹਰੀ ਵਿਅਕਤੀਆਂ ਨੂੰ ਸੂਚੀ ਵਿੱਚ ਥਾਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਰਾਸਰ ਧੱਕਾ ਅਤੇ ਬੇਇਨਸਾਫੀ ਹੈ। ਗਰੇਵਾਲ ਨੇ ਕਿਹਾ ਕਿ 24 ਸਤੰਬਰ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਪੰਜਾਬ ਭਾਜਪਾ ਦਫ਼ਤਰ ਚੰਡੀਗੜ੍ਹ ਵਿਚ ਭਾਜਪਾ ਆਗੂਆਂ ਦੀ ਮੀਟਿੰਗ ਸੱਦੀ ਹੈ।
ਉਨ੍ਹਾਂ ਪੰਜਾਬ ਭਰ ਤੋਂ ਸਾਰੇ ਭਾਜਪਾਈਆਂ ਨੂੰ ਮੀਟਿੰਗ ਵਿੱਚ ਖੁੱਲ੍ਹਾ ਸੱਦਾ ਦਿੰਦੇ ਹੋਏ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਚੰਡੀਗੜ੍ਹ ਪਹੁੰਚਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੀਨੀਅਰ ਆਗੂਆਂ ਦੀ ਰਾਇ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਆਰਐੱਸਐੱਸ ਦੇ ਇੱਕ ਆਗੂ ਨੇ ਕਿਹਾ ਕਿ ਪੁਰਾਣੇ ਆਗੂ ਜੋ ਦਹਾਕਿਆਂ ਤੋਂ ਲੋਕਾਂ ‘ਚ ਵਿਚਰ ਰਹੇ ਹਨ, ਨੂੰ ਨਜ਼ਰਅੰਦਾਜ਼ ਕਰਨ ਨਾਲ ਪਾਰਟੀ ਕਾਡਰ ਵਿੱਚ ਮਾਯੂਸੀ ਆਵੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਕਾਡਰ ਅਧਾਰਿਤ ਪਾਰਟੀ ਮੰਨਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਵਿੱਚ ਹੋ ਰਹੀ ਹਲਚਲ ਨੂੰ ਦੇਖਿਆ ਜਾਵੇ ਤਾਂ ਜਾਖੜ ਦੀ ਨਿਯੁਕਤੀ ਤੋਂ ਬਾਅਦ ਭਗਵਾਂ ਪਾਰਟੀ ਵਿੱਚ ਕਤਾਰਬੰਦੀ ਸਪੱਸ਼ਟ ਤੌਰ ‘ਤੇ ਦਿਖਾਈ ਦੇਣ ਲੱਗੀ ਹੈ। ਭਾਜਪਾ ਦੇ ਨਵੇਂ ਪ੍ਰਧਾਨ ਜਿਨ੍ਹਾਂ ਦਾ ਪਿਛੋਕੜ ਕਾਂਗਰਸੀ ਹੈ ਦੇ ਇਰਦ-ਗਿਰਦ ਸਾਬਕਾ ਕਾਂਗਰਸੀ ਆਗੂ ਜੋ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਹੀ ਹਿੱਸਾ ਹਨ, ਹੀ ਦੇਖੇ ਜਾਂਦੇ ਹਨ।
ਜਾਖੜ ਦੇ ਸੂਬਾ ਪ੍ਰਧਾਨ ਬਣਨ ਨਾਲ ਪਾਰਟੀ ਅੰਦਰਲੀ ਸਥਿਤੀ ‘ਚ ਇੱਕਦਮ ਬਦਲਾਅ ਆ ਗਿਆ। ਦਲ ਬਦਲੂ ਆਗੂਆਂ ਨੇ ਦਫ਼ਤਰ ‘ਚ ਫੇਰੀਆਂ ਵਧਾ ਦਿੱਤੀਆਂ ਤੇ ਟਕਸਾਲੀ ਆਗੂਆਂ ਨੇ ਆਪਣਾ ਘੇਰਾ ਸੀਮਤ ਕਰ ਲਿਆ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਬਿਨਾਂ ਸ਼ੱਕ ਪਾਰਟੀ ਦੇ ਟਕਸਾਲੀ ਕਾਡਰ ਨੂੰ ਪਹਿਲਾਂ ਤਾਂ ਸਾਬਕਾ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਨਿਯੁਕਤ ਕੀਤੇ ਜਾਣ ਦੀ ਕਾਰਵਾਈ ਹਜ਼ਮ ਨਹੀਂ ਹੋ ਰਹੀ ਤੇ ਹੁਣ ਅਹੁਦੇਦਾਰੀਆਂ ਵਿੱਚ ਵੀ ਕਾਂਗਰਸੀਆਂ ਦਾ ਦਬਦਬਾ ਹੋ ਗਿਆ ਹੈ। ਪਾਰਟੀ ਦੇ ਇੱਕ ਆਗੂ ਨੇ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਆਰਐੱਸਐੱਸ ਦੇ ਪਿਛੋਕੜ ਵਾਲੇ ਆਗੂਆਂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਰਹੀ ਹੈ। ਇਸ ਲਈ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਪੈਰ ਜਮਾਉਣਾ ਹੈ। ਸੰਸਦੀ ਚੋਣਾਂ ‘ਚ ਹੁਣ ਜਦੋਂ ਕੁੱਝ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਭਾਜਪਾ ਦੇ ਕੌਮੀ ਆਗੂਆਂ ਵੱਲੋਂ ਸੁਨੀਲ ਜਾਖੜ ਦੀ ਅਗਵਾਈ ਵਾਲੀ ਨਵੀਂ ਟੀਮ ਦਾ ਪਲੇਠਾ ਇਮਤਿਹਾਨ ਇਨ੍ਹਾਂ ਚੋਣਾਂ ‘ਚ ਦੇਖਿਆ ਜਾਣਾ ਹੈ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …