4.8 C
Toronto
Tuesday, April 21, 2026
spot_img
Homeਪੰਜਾਬਵਿਰੋਧੀਆਂ ਨੂੰ ਲੋਕ ਸਭਾ 'ਚ ਬੋਲਣ ਨਹੀਂ ਦਿੰਦੀ ਮੋਦੀ ਸਰਕਾਰ : ਸਿਮਰਨਜੀਤ...

ਵਿਰੋਧੀਆਂ ਨੂੰ ਲੋਕ ਸਭਾ ‘ਚ ਬੋਲਣ ਨਹੀਂ ਦਿੰਦੀ ਮੋਦੀ ਸਰਕਾਰ : ਸਿਮਰਨਜੀਤ ਸਿੰਘ ਮਾਨ

ਨਰਿੰਦਰ ਮੋਦੀ ਸਰਕਾਰ ‘ਤੇ ਤਾਨਾਸ਼ਾਹੀ ਦੇ ਲਗਾਏ ਆਰੋਪ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਮਾਘੀ ਮੇਲੇ ਮੌਕੇ ਡੇਰਾ ਭਾਈ ਮਸਤਾਨ ਸਿੰਘ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਨਰਿੰਦਰ ਮੋਦੀ ਸਰਕਾਰ ਉਪਰ ਤਾਨਾਸ਼ਾਹੀ ਦੇ ਆਰੋਪ ਲਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਉਨ੍ਹਾਂ ਨੂੰ ਪਾਰਟੀਮੈਂਟ ਵਿੱਚ ਵੀ ਬੋਲਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਸੋਚ ਕਰਕੇ ਹੀ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਮੋਦੀ ਸਰਕਾਰ ਨੂੰ ਕਥਿਤ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ‘ਸਿੱਖਾਂ ਦੀ ਗੱਲ’ ਕਰਨ ਵਾਲੇ ਲੋਕਾਂ ਨੂੰ ਹੀ ਭੇਜਣ ਦੀ ਅਪੀਲ ਕੀਤੀ. ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਜੇਕਰ ਸਿੱਖ ਵਿਰੋਧੀ ਜਾਣਗੇ ਤਾਂ ਉਹ ਪੰਜਾਬ ਤੇ ਸਿੱਖਾਂ ਦਾ ਭਲਾ ਨਹੀਂ ਕਰ ਸਕਣਗੇ. ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ, ਹਰਪਾਲ ਸਿੰਘ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਜੰਟ ਸਿੰਘ ਕੱਦੂ, ਬਲਵੰਤ ਸਿੰਘ ਗੋਪਾਲਾ, ਪਰਮਜੀਤ ਸਿੰਘ ਕੌਰ ਮੜ੍ਹਾਕਾ ਅਤੇ ਨਿਸ਼ਾਨ ਸਿੰਘ ਵੀ ਮੌਜੂਦ ਸਨ। ਇਸ ਮੌਕੇ ਹੋਰ ਆਗੂਆਂ ਨੇ ਵੀ ਆਰੋਪ ਲਾਇਆ ਕਿ ਸੂਬਾ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਨਾਕਾਮ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।
‘ਨਰਮਾ ਕਾਸ਼ਤਕਾਰਾਂ ਨਾਲ ਬੇਇਨਸਾਫ਼ੀ ਕਰ ਰਿਹੈ ਕੇਂਦਰ’
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਨਰਮੇ ਦੀ ਫ਼ਸਲ ‘ਤੇ ਐੱਮਐੱਸਪੀ ਨਾ ਦੇ ਕੇ ਕਿਸਾਨਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਜੋ ਕੀਮਤ ਮੌਜੂਦਾ ਸਮੇਂ ਮਿਲ ਰਹੀ ਹੈ, ਉਸ ਨਾਲ ਤਾਂ ਨਰਮਾ ਪੈਦਾ ਕਰਨ ਵਾਲੇ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਨੀਤੀ ਕਿਸਾਨ ਵਿਰੋਧੀ ਅਤੇ ਪੰਜਾਬ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰਮੇ ਦੀ ਸਹੀ ਕੀਮਤ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਨਰਮਾ ਪੈਦਾ ਕਰਨ ਵਾਲੇ ਕਿਸਾਨ ਆਪਣੀ ਫਸਲ ਪ੍ਰਾਈਵੇਟ ਤੌਰ ‘ਤੇ ਅਰਬ ਮੁਲਕਾਂ ਵਿਚ ਭੇਜ ਕੇ ਚੰਗੀ ਕੀਮਤ ਪ੍ਰਾਪਤ ਕਰ ਸਕਦੇ ਹਨ ਪਰ ਕੇਂਦਰ ਵੱਲੋਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਫ਼ਸਲਾਂ ਅਤੇ ਹੋਰ ਵਸਤਾਂ ਦੇ ਵਪਾਰ ਲਈ ਨਾ ਖੋਲ੍ਹ ਕੇ ਹੋਰ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਸ ਪੰਜਾਬ ਵਿਰੋਧੀ ਨੀਤੀ ਦਾ ਤਿਆਗ ਕਰ ਕੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਦਮ ਚੁੱਕਣੇ ਚਾਹੀਦੇ ਹਨ।

 

RELATED ARTICLES
POPULAR POSTS