ਕਿਹਾ : ‘ਸਿਰ ਏਨਾ ਵੀ ਨਾ ਝੁਕਾਓ ਕਿ ਦਸਤਾਰ ਹੀ ਡਿੱਗ ਜਾਵੇ’
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ਖਿਲਾਫ ਆਵਾਜ਼ ਚੁੱਕੀ ਅਤੇ ਬਾਗ਼ੀ ਲਹਿਜ਼ੇ ਵਿੱਚ ਹਾਈਕਮਾਨ ਨੂੰ ਸਿਆਸੀ ਨਸੀਹਤ ਵੀ ਦਿੱਤੀ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਤੋਂ ਨਾਰਾਜ਼ ਗਰੁੱਪ ਜੀ-23 ਦੇ ਆਗੂਆਂ ਨਾਲ ਪਿਛਲੇ ਦਿਨੀਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸੇ ਕੜੀ ਵਿੱਚ ਸੋਨੀਆ ਗਾਂਧੀ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਵੀ ਮੀਟਿੰਗ ਕੀਤੀ ਅਤੇ ਹੋਰ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਇਹ ਰਜ਼ਾਮੰਦੀ ਵਾਲੀ ਸੁਰ ਜਾਖੜ ਨੂੰ ਠੀਕ ਨਹੀਂ ਜਾਪ ਰਹੀ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਹਾਈਕਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਹੈ ਕਿ ‘ਝੁਕ ਕੇ ਸਲਾਮ ਕਰਨ ਵਿਚ ਕੀ ਹਰਜ ਹੈ, ਪਰ ਸਿਰ ਨੂੰ ਏਨਾ ਨਾ ਝੁਕਾਓ ਕਿ ਦਸਤਾਰ ਹੀ ਡਿੱਗ ਜਾਵੇ।’ ਸੁਨੀਲ ਜਾਖੜ ਨੇ ਇੱਕ ਤਰੀਕੇ ਨਾਲ ਕਿਹਾ ਹੈ ਕਿ ਪਾਰਟੀ ਤੋਂ ਨਾਰਾਜ਼ ਇਨ੍ਹਾਂ ਲੋਕਾਂ ਨੂੰ ਮਨਾਉਣ ਨਾਲ ਨਾ ਸਿਰਫ਼ ਰੁਤਬੇ ਨੂੰ ਸੱਟ ਲੱਗੇਗੀ ਬਲਕਿ ਪਾਰਟੀ ਅੰਦਰ ਬਗ਼ਾਵਤ ਦੇ ਰਾਹ ਵੀ ਖੁੱਲ੍ਹਣਗੇ। ਕੇਡਰ ਵਿਚ ਨਿਰਾਸ਼ਾ ਆ ਸਕਦੀ ਹੈ।
ਚੇਤੇ ਰਹੇ ਕਿ ਸੁਨੀਲ ਜਾਖੜ ਆਮ ਤੌਰ ‘ਤੇ ਹਾਈਕਮਾਨ ਖ਼ਿਲਾਫ਼ ਤਿੱਖੇ ਸੁਰ ਨਹੀਂ ਰੱਖਦੇ ਹਨ, ਪਰ ਜਦੋਂ ਤੋਂ ਬਹੁਗਿਣਤੀ ਵਿਧਾਇਕਾਂ ਦੇ ਮਸ਼ਵਰੇ ਨੂੰ ਨਜ਼ਰਅੰਦਾਜ਼ ਕਰਕੇ ਮੁੱਖ ਮੰਤਰੀ ਦੀ ਕੁਰਸੀ ਚਰਨਜੀਤ ਚੰਨੀ ਦੇ ਹਵਾਲੇ ਕੀਤੀ ਗਈ ਸੀ, ਉਦੋਂ ਤੋਂ ਜਾਖੜ ਹਾਈਕਮਾਨ ਤੋਂ ਬਹੁਤੇ ਖ਼ੁਸ਼ ਨਜ਼ਰ ਨਹੀਂ ਆ ਰਹੇ ਹਨ। ਇਸ ਤੋਂ ਪਹਿਲਾਂ ਜਾਖੜ ਨੇ ਸੀਨੀਅਰ ਆਗੂ ਅੰਬਿਕਾ ਸੋਨੀ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਸੀ, ਜਿਨ੍ਹਾਂ ਨੇ ਜਾਖੜ ਦੇ ਮੁੱਖ ਮੰਤਰੀ ਬਣਨ ‘ਤੇ ਰਾਹ ਰੋਕੇ ਸਨ।