Breaking News
Home / ਪੰਜਾਬ / ਖੱਟਰ ਸਰਕਾਰ ਫੇਲ੍ਹ

ਖੱਟਰ ਸਰਕਾਰ ਫੇਲ੍ਹ

ਬਾਬੇ ਨੂੰ ਜੇਲ੍ਹ
ਰੋ-ਰੋ ਕੇ ਬਾਬਾ ਮੰਗਣ ਲੱਗਾ ਰਹਿਮ ਦੀ ਭੀਖ
ਰੋਹਤਕ : ਜਿਹੜਾ ਖੁਦ ਨੂੰ ਰੱਬ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਸਰਕਾਰਾਂ ਦੀ ਸਰਕਾਰ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਦੇਸ਼ ਦੀ ਸਿਆਸਤ ਨੂੰ ਘੁਮਾਉਣ ਵਾਲਾ ਸਮਝ ਬੈਠਾ ਸੀ ਉਹ ਏਨਾ ਹਲਕਾ ਤੇ ਏਨਾ ਬੌਣਾ ਨਿਕਲੇਗਾ, ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ। ਰੋਹਤਕ ਦੀ ਸੋਨਾਰੀਆ ਜੇਲ੍ਹ ਜਦੋਂ ਸੀਬੀਆਈ ਦੀ ਅਦਾਲਤ ਦਾ ਰੂਪ ਧਾਰ ਕੇ ਦੋ ਭੈਣਾਂ ਦੇ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੀ ਤਿਆਰੀ ਕਰ ਰਹੀ ਸੀ, ਤਦ ਅਦਾਲਤ ਮੂਹਰੇ ਹੱਥ ਜੋੜੀ ਖੜ੍ਹਾ ਗੁਰਮੀਤ ਥਰ-ਥਰ ਕੰਬ ਰਿਹਾ ਸੀ। ਉਸ ਦੀਆਂ ਲੱਤਾਂ ਉਸਦਾ ਹੀ ਵਜ਼ਨ ਨਹੀਂ ਚੁੱਕ ਪਾ ਰਹੀਆਂ ਸਨ। ਸਾਧਵੀ ਭੈਣਾਂ ਦੇ 16 ਸਾਲਾ ਸੰਘਰਸ਼ ਮੂਹਰੇ ਖੁਦ ਨੂੰ ਰਾਮ ਰਹੀਮ ਸਿੰਘ ਇੰਸਾ ਦੱਸਣ ਵਾਲਾ ਗੁਰਮੀਤ ਹਾਰ ਗਿਆ। ਜਿਵੇਂ ਹੀ ਸੀਬੀਆਈ ਦੇ ਮਾਣਯੋਗ ਜੱਜ ਜਗਦੀਪ ਸਿੰਘ ਨੇ 20 ਸਾਲਾ ਸਜ਼ਾ ਦਾ ਫੈਸਲਾ ਸੁਣਾਇਆ ਤਾਂ ਰੋ-ਰੋ ਕੇ ਰਹਿਮ ਦੀ ਭੀਖ ਮੰਗਦਿਆਂ-ਮੰਗਦਿਆਂ ਬਾਬਾ ਧੜੰਮ ਦੇਣੀ ਜ਼ਮੀਨ ‘ਤੇ ਹੀ ਬੈਠ ਗਿਆ, ਅਸਲ ਵਿਚ ਜ਼ਮੀਨ ‘ਤੇ ਹੀ ਪਸਰਿਆ ਗੁਰਮੀਤ ਰੋ-ਰੋ ਦੁਹਾਈ ਪਾ ਰਿਹਾ ਸੀ ਕਿ ਮੈਂ ਸਮਾਜ ਸੇਵੀ ਹਾਂ, ਮੈਂ ਪ੍ਰਧਾਨ ਮੰਤਰੀ ਜੀ ਦੇ ਸਫਾਈ ਅਭਿਆਨ ਨਾਲ ਜੁੜਿਆ ਹਾਂ, ਖੂਨਦਾਨ ਕੈਂਪ ਲਗਾਉਂਦਾ ਹਾਂ, ਮੇਰੇ ‘ਤੇ ਦਯਾ ਕਰੋ, ਮੇਰੇ ‘ਤੇ ਰਹਿਮ ਕਰੋ, ਪਰ ਉਸਦੀਆਂ ਇਹ ਦਲੀਲਾਂ ਕੋਈ ਕੰਮ ਨਾ ਆਈਆਂ। ਅਦਾਲਤ ਨੇ ਹੁਕਮ ਦਿੱਤਾ ਕਿ ਜੇਲ੍ਹ ਵਿਚ ਆਮ ਕੈਦੀਆਂ ਵਾਂਗ ਹੀ ਗੁਰਮੀਤ ਨੂੰ ਰੱਖਿਆ ਜਾਵੇ ਤੇ ਦੋਵਾਂ ਬਲਾਤਕਾਰ ਮਾਮਲਿਆਂ ਵਿਚ ਵੱਖੋ-ਵੱਖਰੀ 10-10 ਸਾਲ ਦੀ ਸਜ਼ਾ ਸੁਣਾਈ, ਜੋ ਵੱਖੋ-ਵੱਖ ਚੱਲੇਗੀ। ਭਾਵ 2037 ਤੱਕ ਬਾਬਾ ਹੁਣ ਜੇਲ੍ਹ ਦੀਆਂ ਰੋਟੀਆਂ ਹੀ ਤੋੜੇਗਾ। ਇਸ ਦੇ ਨਾਲ ਹੀ ਅਦਾਲਤ ਨੇ 15-15 ਲੱਖ ਦਾ ਜੁਰਮਾਨਾ ਵੀ ਲਾਇਆ ਹੈ, ਜਿਨ੍ਹਾਂ ਵਿਚੋਂ 14-14 ਲੱਖ ਪੀੜਤ ਦੋਵਾਂ ਸਾਧਵੀਆਂ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਫਿਲਹਾਲ ਰੋਹਤਕ ਦੀ ਜੇਲ੍ਹ ਵਿਚ ਬਾਬੇ ਦੇ ਨਾ ਦਿਨ ਕਟ ਰਹੇ ਹਨ ਤੇ ਨਾ ਰਾਤ ਗੁਜ਼ਰ ਰਹੀ ਹੈ। ਉਹ ਆਪਣੀ ਬੈਰਕ ਵਿਚ ਇਕ ਪਾਣੀ ਵਾਲੇ ਘੜੇ, ਇਕ ਮੱਘ ਤੇ ਦੋ ਕੰਬਲਾਂ ਦੇ ਸਹਾਰੇ ਬੱਸ ਹੁਣ ਵਕਤ ਲੰਘਾ ਰਿਹਾ ਹੈ। ਪਹਿਲੀ ਰਾਤ ਉਸ ਨੇ ਪੁਲਿਸ ਦੇ ਦਬਾਅ ਤੋਂ ਬਾਅਦ ਮਸਾਂ ਚੱਪਾ ਕੁ ਰੋਟੀ ਹੀ ਖਾਧੀ।
ਨਾਂ ਦੇ ਪ੍ਰੇਮੀ, ਕੰਮ ਅੱਤਵਾਦੀਆਂ ਵਾਲੇ
ਬਾਬੇ ਨੂੰ ਛੁਡਾਉਣ ਦੀ ਸਾਜ਼ਿਸ਼ ਨਾਕਾਮ, ਸਮਰਥਕਾਂ ਨੇ ਮੀਡੀਆ ਦੀਆਂ ਗੱਡੀਆਂ ਸਮੇਤ ਕਰੋੜਾਂ ਦਾ ਕੀਤਾ ਨੁਕਸਾਨ
34 ਦੀ ਗਈ ਜਾਨ, 27 ਦੀ ਪਹਿਚਾਣ, 12 ਪੰਜਾਬ ਦੇ
ਚੰਡੀਗੜ੍ਹ : 25 ਅਗਸਤ ਨੂੰ ਹਰਿਆਣਾ ਦੀ ਖੱਟਰ ਸਰਕਾਰ ਅਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਦੇ ਚੱਲਦਿਆਂ ਪੰਚਕੂਲਾ ਵਿਚ ਲੱਖਾਂ ਦੀ ਗਿਣਤੀ ਵਿਚ ਡੇਰੇ ਦੇ ਸਮਰਥਕ ਪਹੁੰਚ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਗੁੰਡੇ ਅਨਸਰ ਸ਼ਾਮਲ ਸਨ, ਜੋ ਡੇਰੇ ਪ੍ਰਬੰਧਕਾਂ ਦੇ ਇਸ਼ਾਰੇ ‘ਤੇ ਜਾਨ ਲੈਣ ਅਤੇ ਜਾਨ ਦੇਣ ਲਈ ਤਿਆਰ ਸਨ। ਬੇਸ਼ੱਕ ਇਹ ਦੋਸ਼ੀ ਕਰਾਰ ਦਿੱਤੇ ਗਏ ਬਾਬੇ ਨੂੰ ਪੁਲਿਸ ਤੋਂ ਛੁਡਾ ਕੇ ਭਜਾਉਣ ਵਿਚ ਤਾਂ ਕਾਮਯਾਬ ਨਹੀਂ ਹੋ ਸਕੇ, ਪਰ ਪੰਚਕੂਲਾ ਨੂੰ ਅੱਗ ਦੀ ਭੱਠੀ ਵਿਚ ਤਬਦੀਲ ਕਰ ਦਿੱਤਾ। ਜਿੱਥੇ ਮੀਡੀਏ ਦੀਆਂ ਗੱਡੀਆਂ, ਸਰਕਾਰੀ ਦਫਤਰ, ਪ੍ਰਾਈਵੇਟ ਅਦਾਰੇ, ਆਮ ਵਾਹਨ ਤੇ ਆਮ ਲੋਕਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਅਜਿਹੇ ਹਾਲਾਤ ਪੰਜਾਬ ਵਿਚ ਵੀ ਕੁਝ ਥਾਈਂ ਤੇ ਹਰਿਆਣਾ ਵਿਚ ਵੀ ਕਈ ਥਾਈਂ ਵੇਖਣ ਨੂੰ ਮਿਲੇ, ਜਿੱਥੇ ਡੇਰਾ ਸਮਰਥਕਾਂ ਨੇ ਹਿੰਸਕ ਰੂਪ ਅਖਤਿਆਰ ਕੀਤਾ। ਇਸ ਹਿੰਸਾ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੂੰ ਹਥਿਆਰਾਂ ਦੀ ਵੀ ਵਰਤੋਂ ਕਰਨੀ ਗਈ, ਜਿਸ ਤਹਿਤ ਆਪਣੀ ਹੀ ਲਾਈ ਅੱਗ ਵਿਚ ਝੁਲਸਦਿਆਂ ਡੇਰੇ ਦੇ 34 ਸਮਰਥਕ ਮਾਰੇ ਗਏ। ਜਿਨ੍ਹਾਂ ਵਿਚੋਂ 32 ਦੀਆਂ ਲਾਸ਼ਾਂ ਪੰਚਕੂਲੇ ਹਸਪਤਾਲ ਵਿਚ ਸਨ, ਜਿਥੋਂ 27 ਦੀ ਪਹਿਚਾਣ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 13 ਹਰਿਆਣਾ ਨਾਲ ਸਬੰਧਤ ਹਨ, 12 ਪੰਜਾਬ ਨਾਲ, ਇਕ ਉਤਰਾਖੰਡ ਨਾਲ ਤੇ ਇਕ ਰਾਜਸਥਾਨ ਦਾ ਵਾਸੀ ਸੀ।
ਜੀਂਦ ਦਾ ਵਾਸੀ ਜੱਜ ਜਗਦੀਪ ਨਹੀਂ ਡਰਿਆ ਜਬਰ ਤੋਂ
ਸਾਲ 2001 ਵਿਚ ਵਾਜਪਾਈ ਨੂੰ ਗੁੰਮਨਾਮ ਖਤ ਲਿਖ ਕੇ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੀਆਂ ਸਾਧਵੀ ਭੈਣਾਂ 16 ਸਾਲ ਲੜਦੀਆਂ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਆਪਣਾ ਭਰਾ ਵੀ ਖੋਇਆ ਤੇ ਮੀਡੀਆ ਵਿਚ ਮਾਮਲੇ ਨੂੰ ਸਾਹਮਣੇ ਲਿਆਉਣ ਵਾਲਾ ਪੱਤਰਕਾਰ ਛੱਤਰਪਤੀ ਵੀ ਗਵਾਇਆ। ਲਗਾਤਾਰ ਧਮਕੀਆਂ, ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਦੋਵੇਂ ਭੈਣਾਂ ਨੇ ਬਿਨਾ ਡਰਿਆਂ ਲੜਾਈ ਲੜੀ ਤੇ ਆਖਰ ਸੱਚ ਦੀ ਜਿੱਤ ਹੋਈ। ਸੱਚ ਨੂੰ ਜਿਤਾਉਣ ਵਾਲੇ ਜੱਜ ਜਗਦੀਪ ਸਿੰਘ ਨੇ ਵੀ ਸਾਬਤ ਕਰ ਦਿੱਤਾ ਕਿ ਇਨਸਾਫ ਅਜੇ ਜਿਊਂਦਾ ਹੈ। ਨਾ ਉਨ੍ਹਾਂ ਨੂੰ ਸਰਕਾਰੀ ਦਬਾਅ ਝੁਕਾ ਸਕਿਆ, ਨਾ ਉਨ੍ਹਾਂ ਨੂੰ ਬਾਬੇ ਦਾ ਤਾਮ-ਝਾਮ ਤੇ ਨਾ ਹੀ ਪੰਚਕੂਲਾ ਵਿਚ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਬਾਬੇ ਦੇ ਗੁੰਡੇ ਸਮਰਥਕ ਸਹੀ ਫੈਸਲੇ ਤੋਂ ਭਟਕਾ ਸਕੇ। ਸਖਤ ਫੈਸਲਿਆਂ ਲਈ ਜਾਣੇ ਜਾਂਦੇ ਜਗਦੀਪ ਸਿੰਘ ਨੇ ਬਿਨਾ ਕਿਸੇ ਦਬਾਅ ਤੋਂ ਫੈਸਲਾ ਲੈਂਦੇ ਹੋਏ 15 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਵਾਈ ਤੇ ਨਾਲ ਹੀ ਗੁਰਮੀਤ ਨੂੰ ਜੰਗਲੀ ਦਰਿੰਦਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਆਮ ਕੈਦੀ ਵਾਂਗ ਹੀ ਜੇਲ੍ਹ ਵਿਚ ਰਹਿਣਾ ਪਵੇਗਾ। ਜੀਂਦ ਨਿਵਾਸੀ ਜਗਦੀਪ ਸਿੰਘ 2012 ਵਿਚ ਨਿਆਇਕ ਸੇਵਾ ‘ਚ ਆਏ। ਉਹ ਪੰਜਾਬ-ਹਰਿਆਣਾ ਹਾਈਕੋਰਟ ਵਿਚ 2000 ਤੋਂ 2012 ਤੱਕ ਵਕਾਲਤ ਕਰਦੇ ਰਹੇ। ਫੈਸਲਾ ਸੁਣਾਏ ਜਾਣ ਤੋਂ ਬਾਅਦ ਜਗਦੀਪ ਸਿੰਘ ਨੂੰ ਜੈਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …