-16.5 C
Toronto
Tuesday, February 24, 2026
spot_img
Homeਭਾਰਤਡੇਰਾ ਪ੍ਰੇਮੀਆਂ ਦਾ ਭਾਜਪਾ ਦੀ ਸਰਕਾਰ ਤੋਂ ਮਨ ਹੋਇਆ ਖੱਟਾ

ਡੇਰਾ ਪ੍ਰੇਮੀਆਂ ਦਾ ਭਾਜਪਾ ਦੀ ਸਰਕਾਰ ਤੋਂ ਮਨ ਹੋਇਆ ਖੱਟਾ

ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਪਵੇਗਾ ਅਸਰ
ਸਿਰਸਾ/ਬਿਊਰੋ ਨਿਊਜ਼ : ਸਾਧਵੀਆਂ ਨਾਲ ਬਲਾਤਕਾਰ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਕੈਦ ਅਤੇ ਇਸ ਦੌਰਾਨ ਹੋਈਆਂ ਘਟਨਾਵਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਅਸਰ ਪਾ ਸਕਦੀਆਂ ਹਨ। ਸੂਤਰਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਕਾਨੂੰਨ ਨੂੰ ਟਿੱਚ ਜਾਣਦੇ ਰਹੇ ਹਨ ਪਰ ਵੋਟਾਂ ਵਾਲੀ ਸਿਆਸਤ ਕਾਰਨ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਸੀ। ઠਪਰ ਹੁਣ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਹਿੰਸਾ ਦੌਰਾਨ 38 ਪ੍ਰੇਮੀਆਂ ਦੇ ਮਾਰੇ ਜਾਣ, ਸੈਂਕੜਿਆਂ ਦੇ ਜ਼ਖ਼ਮੀ ਹੋਣ ਅਤੇ ਡੇਰੇ ਦੀ ਸੰਪਤੀ ਜ਼ਬਤ ਕੀਤੇ ਜਾਣ ਕਾਰਨ ਪ੍ਰੇਮੀ ਨਿਰਾਸ਼ਾ ਦੇ ਆਲਮ ਵਿੱਚ ਹਨ। ਡੇਰੇ ਦੇ ਤਰਜਮਾਨ ਨੇ ਕਿਹਾ, ‘ਡੇਰਾ ਪ੍ਰੇਮੀਆਂ ਦਾ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਤੋਂ ਮਨ ਖੱਟਾ ਹੋਣ ਦਾ ਕਾਰਨ ਸਪੱਸ਼ਟ ਹੈ। ਅਸੀਂ ਉਨ੍ਹਾਂ ਨੂੰ ਸੱਤਾ ਸੌਂਪੀ ਅਤੇ ਦੇਖੋ, ਬਦਲੇ ਵਿੱਚ ਉਨ੍ਹਾਂ ਨੇ ਸਾਨੂੰ ਕੀ ਦਿੱਤਾ ਹੈ।’
ਡੇਰਾ ਪੈਰੋਕਾਰਾਂ ਦੇ ਭਾਜਪਾ ਨਾਲ ਪਏ ਫਿੱਕ ਨੂੰ ਕਾਂਗਰਸ ਹਰਿਆਣਾ ਤੇ ਪੰਜਾਬ ਵਿੱਚ ਮੌਕੇ ਵਜੋਂ ਦੇਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ‘ਤੇ ਪ੍ਰਤੀਕਿਰਿਆ ਦੌਰਾਨ ਕੁੱਝ ਪੱਖ ਜਾਂ ਵਿਰੁੱਧ ਨਾ ਬੋਲਣਾ ਸਭ ਕੁੱਝ ਸਪੱਸ਼ਟ ਕਰਦਾ ਹੈ। ਹਰਿਆਣਾ ਵਿਚ ਕਾਂਗਰਸ ਦੇ ਸੂਬਾਈ ਮੁਖੀ ਅਸ਼ੋਕ ਤੰਵਰ, ਜੋ ਸਿਰਸਾ ਲੋਕ ਸਭਾ ਹਲਕਾ ਤੋਂ ਚੋਣ ਲੜਦੇ ਹਨ, ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਡੇਰਾ ਪ੍ਰੇਮੀਆਂ ਦੀਆਂ ਹਿੰਸਾ ਬਾਰੇ ਜ਼ਿਆਦਾ ਕਹਿਣ ਨਾਲੋਂ ਖੱਟਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸੂਤਰਾਂ ਮੁਤਾਬਕ ਡੇਰੇ ਦੇ ਸੰਭਾਵੀਂ ਮੁਖੀ ਜਸਮੀਤ ਸਿੰਘ ਦਾ ਸਹੁਰਾ ਹਰਮਿੰਦਰ ਸਿੰਘ ਜੱਸੀ ਬਠਿੰਡਾ ਤੋਂ ਕਾਂਗਰਸ ਦਾ ਸਾਬਕਾ ਵਿਧਾਇਕ ਹੈ ਅਤੇ ਭਵਿੱਖ ਵਿੱਚ ਉਸ ਵੱਲੋਂ ਵੀ ਡੇਰੇ ਦੀ ਸਿਆਸਤ ‘ਤੇ ਪ੍ਰਭਾਵ ਪਾਏ ਜਾਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਭਾਜਪਾ ਨੂੰ ਖੁੱਲ੍ਹਾ ਸਮਰਥਨ ਦਿੱਤਾ ਸੀ ਅਤੇ ਪਹਿਲੀ ਵਾਰ ਹਰਿਆਣਾ ‘ਚ ਭਗਵਾਂ ਪਾਰਟੀ ਸੱਤਾ ‘ਚ ਆਈ ਸੀ। ਚੋਣ ਮੁਹਿੰਮ ਦੌਰਾਨ 11 ਅਕਤੂਬਰ, 2014 ਨੂੰ ਸਿਰਸਾ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰੇ ਦੇ ਸਮਾਜ ਪ੍ਰਤੀ ਯੋਗਦਾਨ ਦਾ ਗੁਣਗਾਣ ਕੀਤਾ ਸੀ। ਹਰਿਆਣਾ ‘ਚ ਭਾਜਪਾ ਦੇ ਚੋਣ ਇੰਚਾਰਜ ਕੈਲਾਸ਼ ਵਿਜੈਵਰਗੀਆ 44 ਉਮੀਦਵਾਰਾਂ ਨੂੰ ਗੁਰਮੀਤ ਰਾਮ ਰਹੀਮ ਦੇ ਆਸ਼ੀਰਵਾਦ ਲਈ ਡੇਰੇ ‘ਤੇ ਲੈ ਕੇ ਗਏ ਸਨ। ਸੱਤਾ ‘ਚ ਆਉਣ ਬਾਅਦ ਸਪੀਕਰ ਕੰਵਰ ਪਾਲ ਸਮੇਤ 31 ਵਿਧਾਇਕ ਤੇ ਕਈ ਮੰਤਰੀ ਡੇਰੇ ‘ਚ ਨਤਮਸਤਕ ਹੋਏ ਸਨ। ਹਾਲ ਹੀ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਰਾਮ ਰਹੀਮ ਨਾਲ ਮੰਚ ਸਾਂਝਾ ਕੀਤਾ ਸੀ ਅਤੇ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਡੇਰਾ ਮੁਖੀ ਅੱਗੇ ਝੁਕਦਿਆਂ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ‘ਚੋਂ 51 ਲੱਖ ਰੁਪਏ ਦਿੱਤੇ ਸਨ। ਫਰਵਰੀ ‘ਚ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਭਾਜਪਾ-ਅਕਾਲੀ ਗੱਠਜੋੜ ਨੂੰ ਸਮਰਥਨ ਦਿੱਤਾ ਸੀ।

 

RELATED ARTICLES
POPULAR POSTS