ਚੰਡੀਗੜ੍ਹ : ਕਬੱਡੀ ਖੇਡਦਿਆਂ ਲੱਗੀ ਇੱਕ ਸੱਟ ਨੇ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਇੰਦਰਜੀਤ ਸਿੰਘ ਸੇਖੋਂ ਦਾ ਖੇਡ ਕਰੀਅਰ ਖ਼ਤਮ ਕਰ ਦਿੱਤਾ ਸੀ। ਉਹ ਆਪਣੇ ਪਿੰਡ ਦੀ ਟੀਮ ਤੋਂ ਖੇਡਣ ਮਗਰੋਂ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਵਿੱਚ ਵੀ ਰਹੇ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। 1990ਵਿਆਂ ਵਿੱਚ ਪਾਕਿਸਤਾਨ ਵਿਰੁੱਧ ਖੇਡਿਆ ਗਿਆ ਮੁਕਾਬਲਾ ਵੀ ਉਨ੍ਹਾਂ ਦੇ ਖੇਡ ਜੀਵਨ ਦਾ ਅਹਿਮ ਹਿੱਸਾ ਸੀ ਪਰ ਇੱਕ ਮੈਚ ਦੌਰਾਨ ਲੱਤ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਖੇਡ ਛੱਡਣੀ ਪਈ।
ਹੁਣ ਦਹਾਕਿਆਂ ਬਾਅਦ ਉਨ੍ਹਾਂ ਨੇ ਆਪਣੇ ਤਜਰਬੇ ਤੋਂ ਸਬਕ ਲੈਂਦਿਆਂ ਕਬੱਡੀ ਖਿਡਾਰੀਆਂ ਲਈ ਅਹਿਮ ਪਹਿਲ ਕੀਤੀ ਹੈ। ਪੰਜਾਬ ਵਿੱਚ ਪਹਿਲੀ ਵਾਰ ਕਿਸੇ ਕਬੱਡੀ ਪ੍ਰਮੋਟਰ ਅਤੇ ਪ੍ਰਬੰਧਕ ਨੇ ਸੱਤ ਖਿਡਾਰੀਆਂ ਦਾ ਇੱਕ-ਇੱਕ ਕਰੋੜ ਰੁਪਏ ਦਾ ਬੀਮਾ ਕਰਵਾਇਆ ਹੈ। ਇਹ ਬੀਮਾ ਤਿੰਨ ਸਾਲਾਂ ਲਈ ਹੈ ਅਤੇ ਇਸ ਤਹਿਤ ਬਿਮਾਰੀ, ਸੱਟ ਜਾਂ ਹਾਦਸੇ ਦੀ ਸੂਰਤ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੁਰੱਖਿਆ ਮਿਲੇਗੀ। ਸੇਖੋਂ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਕਬੱਡੀ ਅੱਜ ਵਾਂਗ ਪੈਸੇ ਵਾਲੀ ਖੇਡ ਨਹੀਂ ਸੀ ਅਤੇ ਖਿਡਾਰੀਆਂ ਕੋਲ ਸੱਟਾਂ ਦਾ ਵਧੀਆ ਇਲਾਜ ਕਰਵਾਉਣ ਲਈ ਪੈਸੇ ਨਹੀਂ ਹੁੰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਪਿਛਲੇ ਕੁਝ ਸਾਲਾਂ ਤੋਂ ਕਬੱਡੀ ਟੂਰਨਾਮੈਂਟ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਖੇਡ ਵਿੱਚ ਪੈਸਾ ਆਉਣ ਦੇ ਬਾਵਜੂਦ ਨੌਜਵਾਨ ਖਿਡਾਰੀ ਇਲਾਜ ਲਈ ਪੈਸੇ ਦੀ ਕਮੀ ਨਾਲ ਜੂਝਦੇ ਹਨ।
ਕਈ ਖਿਡਾਰੀਆਂ ਦੀ ਸਾਰੀ ਕਮਾਈ ਇਲਾਜ ‘ਤੇ ਖ਼ਰਚ ਹੋ ਜਾਂਦੀ ਹੈ। ਬੀਮਾ ਇਸ ਸਮੱਸਿਆ ਦਾ ਹੱਲ ਬਣੇਗਾ। ਬੀਮੇ ਅਧੀਨ ਆਉਣ ਵਾਲੇ ਸੱਤ ਖਿਡਾਰੀਆਂ ਵਿੱਚ ਬੁਲੇਟ ਖਿਰਨਵਾਲੀ, ਅੰਬਾ ਸੂਰ ਸਿੰਘ, ਅੰਮ੍ਰਿਤ ਔਲਖ, ਛੋਟਾ ਨਾਥ, ਦੁੱਲਾ ਚੱਠਾ, ਜੱਗੂ ਹਕਮਵਾਲੀਆ ਅਤੇ ਫਤਿਹ ਜੰਡ ਸ਼ਾਮਲ ਹਨ।

