Breaking News
Home / ਮੁੱਖ ਲੇਖ / ਸਿੱਖ ਪਰੰਪਰਾ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਮਹੱਤਵ

ਸਿੱਖ ਪਰੰਪਰਾ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਦੇ ਸਵੈਮਾਣ ਅਤੇ ਆਤਮ ਨਿਰਭਰਤਾ ਦਾ ਜ਼ਾਮਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ, ਸਮੁੱਚੇ ਸਿੱਖ ਸਰੋਕਾਰਾਂ, ਸਮੁੱਚੀਆਂ ਸਿੱਖ ਜਥੇਬੰਦਕ ਅਤੇ ਸਿੱਖ ਰਾਜਨੀਤਕ ਨੀਤੀਆਂ ਅਤੇ ਸਰਗਰਮੀਆਂ ਦੀ ਕੇਂਦਰੀ ਸੰਸਥਾ ਵਜੋਂ ਸਿੱਖ ਮਾਨਸਿਕਤਾ ਵਿਚ ਮਾਨਤਾ ਰੱਖਦਾ ਹੈ। ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਆਪ ਵਿਚ ਇਕ ਸੰਪੂਰਨ ਤੇ ਪ੍ਰਭੂਸੱਤਾ ਸੰਪੰਨ ਸਿੱਖ ਸੰਸਥਾ ਹੈ ਪਰ ਇਸ ਦੀ ਪ੍ਰਤੀਨਿੱਧਤਾ ਇਸ ਦੇ ਜਥੇਦਾਰ ਰਾਹੀਂ ਹੁੰਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸ਼ਖ਼ਸੀ ਜੀਵਨ ਉੱਤੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਰਿਯਾਦਾ ਟਿਕੀ ਹੋਈ ਹੈ।
ਉੱਨ੍ਹੀਵੀਂ ਸਦੀ ਵਿਚ ਅਕਾਲੀ ਫ਼ੂਲਾ ਸਿੰਘ ਨੂੰ ਇਤਿਹਾਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਆਦਰਸ਼ਕ ਜਥੇਦਾਰ ਮੰਨਿਆ ਜਾਂਦਾ ਹੈ। ਸਿੱਖ ਪਰੰਪਰਾ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕਿੰਨੀ ਸਰਬਉੱਚਤਾ ਤੇ ਸਤਿਕਾਰ ਹੈ, ਇਸ ਦੀ ਇਕ ਗਵਾਹੀ ਫਕੀਰ ਸਈਅਦ ਵਹੀਦੁਦੀਨ ਆਪਣੀ ਕਿਤਾਬ ‘ਦ ਰੀਅਲ ਰਣਜੀਤ ਸਿੰਘ’ ਵਿਚ ਇਉਂ ਭਰਦਾ ਹੈ, ‘ਇਕ ਦਿਨ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਆਪਣੇ ਬੁੰਗੇ ‘ਤੇ ਖੜ੍ਹੇ ਸਨ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ‘ਤੇ ਸਵਾਰ ਹੋ ਕੇ ਉਥੋਂ ਲੰਘ ਰਿਹਾ ਸੀ। ਅਕਾਲੀ ਫੂਲਾ ਸਿੰਘ ਨੇ ਉੱਚੀ ਆਵਾਜ਼ ਮਾਰ ਕੇ ਕਿਹਾ, ‘ਓਏ ਕਾਣਿਆ, ਆਹ ਝੋਟਾ ਤੈਨੂੰ ਕੀਹਨੇ ਦਿੱਤਾ?’ ਮਹਾਰਾਜਾ ਰਣਜੀਤ ਸਿੰਘ ਦਵਾਦਵ ਹਾਥੀ ਤੋਂ ਉਤਰਿਆ ਤੇ ਦੋਵੇਂ ਹੱਥ ਜੋੜ ਕੇ ਉਪਰ ਨੂੰ ਵੇਖ ਕੇ ਮੁਸਕੁਰਾਉਂਦਾ ਹੋਇਆ ਅਕਾਲੀ ਫੂਲਾ ਸਿੰਘ ਨੂੰ ਕਹਿਣ ਲੱਗਾ, ‘ਪਾਤਸ਼ਾਹੋ, ਇਹ ਤੁਹਾਡਾ ਹੀ ਦਿੱਤਾ ਤੋਹਫਾ ਹੈ।’
ਇਸੇ ਤਰ੍ਹਾਂ ਇਤਿਹਾਸ ‘ਚ ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਅੱਛਰ ਸਿੰਘ, ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਗੁਰਦਿਆਲ ਸਿੰਘ ਅਜਨੌਹਾ ਅਤੇ ਭਾਈ ਰਣਜੀਤ ਸਿੰਘ ਵਰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪੋ-ਆਪਣੀ ਦੂਰਅੰਦੇਸ਼ੀ, ਸਿਆਣਪ, ਨਿਧੜਕਤਾ ਅਤੇ ਦਲੇਰੀ ਕਰਕੇ ਜਾਣੇ ਜਾਂਦੇ ਹਨ। ਦੂਜੇ ਪਾਸੇ ਸੰਨ 1919 ਵਿਚ ਜੱਲ੍ਹਿਆਂਵਾਲਾ ਬਾਗ਼ ਸਾਕੇ ਦੇ ਦੋਸ਼ੀ ਜਨਰਲ ਅਡਵਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਸਰਬਰਾਹ ਅਰੂੜ ਸਿੰਘ ਵਲੋਂ ਸਿਰੋਪਾਓ ਦੇਣ ਦੇ ਘਟਨਾਕ੍ਰਮ ਨੂੰ ਇਤਿਹਾਸ ਦੇ ਕਾਲੇ ਅਧਿਆਇ ਵਜੋਂ ਚੇਤੇ ਕੀਤਾ ਜਾਂਦਾ ਹੈ। ਪੰਥ ਦੇ ਰੋਹ ਨੂੰ ਵੇਖਦਿਆਂ ਗਿਆਨੀ ਅਰੂੜ ਸਿੰਘ ਨੂੰ ਆਪਣਾ ਅਹੁਦਾ ਛੱਡ ਕੇ ਭੱਜਣਾ ਪਿਆ ਸੀ। ਇਸੇ ਤਰ੍ਹਾਂ ਪਿਛਲੇ ਕੁਝ ਅਰਸੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਫ਼ੈਸਲਿਆਂ ਬਾਰੇ ਆਮ ਪ੍ਰਭਾਵ ਬਣਿਆ ਹੈ ਕਿ ਇੱਥੋਂ ਫ਼ੈਸਲੇ ਅਕਾਲੀ ਦਲ ਦੇ ਪ੍ਰਭਾਵ ਹੇਠ ਹੁੰਦੇ ਹਨ। ਸਤੰਬਰ 2015 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਅਚਾਨਕ ਚੁੱਪ-ਚਪੀਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਦੋਸ਼ ਵਿਚੋਂ ਮੁਆਫ਼ੀ ਦੇਣ ਦੇ ਸੁਣਾਏ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭਰੋਸੇਯੋਗਤਾ, ਨਿਰਪੱਖਤਾ, ਸੁਤੰਤਰਤਾ ਅਤੇ ਮਾਣ-ਸਨਮਾਨ ਨੂੰ ਭਾਰੀ ਸੱਟ ਮਾਰੀ। ਬੇਸ਼ੱਕ ਬਾਅਦ ਵਿਚ ਸਿੱਖ ਪੰਥ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਜਥੇਦਾਰਾਂ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਦਾ ਫ਼ੈਸਲਾ ਰੱਦ ਕਰ ਦਿੱਤਾ।
ਲੰਘੇ ਸ਼ੁੱਕਰਵਾਰ 18 ਸਤੰਬਰ ਨੂੰ ਲੰਬੇ ਅਰਸੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਰਵਾਇਤੀ ਅਤੇ ਇਤਿਹਾਸਕ ਜਾਹੋ-ਜਲਾਲ ਵੇਖਣ ਨੂੰ ਮਿਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ‘ਤੇ ਪੰਜ ਸਿੰਘ ਸਾਹਿਬਾਨ ਪੰਥਕ ਫ਼ੈਸਲੇ ਕਰਨ ਲਈ ਬਿਰਾਜ਼ਮਾਨ ਸਨ ਅਤੇ ਹੇਠਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਗਲ ‘ਚ ਪੱਲਾ ਪਾ ਕੇ ਦੋਵੇਂ ਹੱਥ ਜੋੜ੍ਹ ਕੇ ਖੜ੍ਹੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਦੇ ਦੁਆਲੇ ਲਗਾਏ ਗਏ ਜੰਗਲਿਆਂ ਦੇ ਨਾਲ ਖੜ੍ਹੀ ਸੰਗਤ ਬੜੀ ਉਤਸੁਕਤਾ ਦੇ ਨਾਲ ਪੰਥਕ ਕਚਹਿਰੀ ਦੀ ਕਾਰਵਾਈ ਨੂੰ ਵੇਖ ਰਹੀ ਸੀ। ਹਾਲਾਂਕਿ ਪਿਛਲੇ ਸਮੇਂ ਦੌਰਾਨ ਪੰਥਕ ਮਸਲਿਆਂ ਦੇ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਕਮਰਿਆਂ ਅੰਦਰ ਹੀ ਕਰਨ ਦੀ ਪਿਰਤ ਪੈ ਗਈ ਸੀ।
ਕੁਝ ਸਾਲ ਪਹਿਲਾਂ ਜਦੋਂ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਅੰਮ੍ਰਿਤ ਦੀਆਂ ਬਾਣੀਆਂ ‘ਤੇ ਕਿੰਤੂ ਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਲਬ ਕੀਤਾ ਸੀ ਤਾਂ ਉਹ ਸਕੱਤਰੇਤ ਦੇ ਕਮਰੇ ‘ਚ ਪੇਸ਼ ਹੋਣ ਨੂੰ ਸਿੱਖ ਰਹੁ-ਰੀਤਾਂ ਦੇ ਉਲਟ ਦੱਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਹੀ ਪਰਤ ਆਏ ਸਨ। ਗਿਆਨੀ ਹਰਪ੍ਰੀਤ ਸਿੰਘ ਵੀ ਭਾਵੇਂ ਉਸੇ ਹੀ ਪ੍ਰਣਾਲੀ ਰਾਹੀਂ ਚੁਣੇ ਗਏ ਜਥੇਦਾਰ ਹਨ, ਜਿਸ ਪ੍ਰਣਾਲੀ ਰਾਹੀਂ ਗਿਆਨੀ ਪੂਰਨ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਗੁਰਬਚਨ ਸਿੰਘ ਚੁਣੇ ਗਏ ਸਨ, ਪਰ ਸਿੱਖ ਸੰਸਥਾਵਾਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ, ਸਮੱਸਿਆਵਾਂ ਅਤੇ ਨਾਸਾਜ਼ ਹਾਲਾਤਾਂ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਕਾਫ਼ੀ ਹੱਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਨੂੰ ਆਪਣੇ ਇਤਿਹਾਸਕ ਤੇ ਸੁਤੰਤਰ ਪ੍ਰਸੰਗ ‘ਚ ਲਿਆਉਣ ਲਈ ਯਤਨਸ਼ੀਲ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਤਾਜ਼ਾ ਕਾਰਗੁਜ਼ਾਰੀ ਨੂੰ ਵੇਖਿਆ ਜਾਵੇ ਤਾਂ ਇਤਿਹਾਸ ‘ਚ ਮਾਸਟਰ ਤਾਰਾ ਸਿੰਘ ਤੋਂ ਬਾਅਦ ਦੂਜੀ ਵਾਰ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਪ੍ਰਧਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗਲ ‘ਚ ਪੱਲਾ ਪਾ ਕੇ ਗੁਨਾਹਗਾਰ ਬਣ ਖੜ੍ਹਾ ਦੇਖਿਆ ਗਿਆ ਹੋਵੇ। ਪੰਜਾਬੀ ਸੂਬੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਰੱਖਿਆ ਮਰਨ ਵਰਤ ਭੰਗ ਕਰਕੇ ਸਿੱਖ ਪਰੰਪਰਾ ‘ਚ ਅਰਦਾਸ ਦੀ ਮਹੱਤਤਾ ਨੂੰ ਹਾਨੀ ਪਹੁੰਚਾਉਣ ਦੇ ਦੋਸ਼ ‘ਚ 1961 ਦੌਰਾਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਤਲਬ ਕਰਕੇ ਤਨਖ਼ਾਹ (ਧਾਰਮਿਕ ਸਜ਼ਾ) ਸੁਣਾਈ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦੇ 2016 ਦੇ ਅਤੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਕੀਤੇ ਹੁਕਮਾਂ ਦੀ ਵਿਆਖਿਆ ਭਵਿੱਖਮੁਖੀ ਸਿੱਖ ਰਾਜਨੀਤੀ ਦੇ ਅਮਲ ਵਿਚੋਂ ਨਜ਼ਰ ਆਉਣੀ ਸੁਭਾਵਿਕ ਹੈ। ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਇਤਿਹਾਸ ‘ਚ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਆਪਣੇ ਲਈ ਆਦੇਸ਼ ਸੁਣਨ ਵਾਸਤੇ ਗਲ ‘ਚ ਪੱਲਾ ਪਾ ਕੇ ਖੜ੍ਹੀ ਵੇਖਣ ਨੂੰ ਮਿਲੀ। ਇਹੀ ਕਾਰਜਕਾਰਨੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਰਦੀ ਹੈ ਪਰ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਜਕਾਰਨੀ ਕਮੇਟੀ ਨੂੰ ਤਨਖ਼ਾਹ ਲਗਾਈ ਗਈ, ਉਸ ਤੋਂ ਇਹ ਸਾਬਤ ਹੋਇਆ ਕਿ ਜਿਸ ਤਰ੍ਹਾਂ ਦੁਨਿਆਵੀ ਅਦਾਲਤਾਂ ਦੇ ਜੱਜਾਂ ਨੂੰ ਚੁਣਦੀ ਭਾਵੇਂ ‘ਜਿਊਰੀ’ ਹੈ ਪਰ ਅਹੁਦੇ ‘ਤੇ ਬੈਠਣ ਤੋਂ ਬਾਅਦ ਸਰਵਉੱਚ ਜੱਜ ਹੀ ਹੁੰਦਾ ਹੈ, ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਸਰਵਉੱਚ ਹੈ।
ਬੇਸ਼ੱਕ ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਲਗਾਈ ਗਈ ਤਨਖ਼ਾਹ ਨੂੰ ਲੈ ਕੇ ਕੁਝ ਸਿੱਖ ਹਲਕਿਆਂ ‘ਚ ਅਸੰਤੁਸ਼ਟੀ ਵੀ ਪ੍ਰਗਟਾਈ ਜਾ ਰਹੀ ਹੈ। ਦਲੀਲ ਦਿੱਤੀ ਜਾ ਰਹੀ ਹੈ ਕਿ ਗੁਰਬਾਣੀ ਪੜ੍ਹਨੀ, ਝਾੜੂ ਮਾਰਨਾ ਜਾਂ ਸੇਵਾ ਕਰਨੀ ਕਿਸ ਤਰੀਕੇ ਦੀ ਸਜ਼ਾ ਹੈ, ਜੋ ਕਿ ਪੰਜ ਸਿੰਘ ਸਾਹਿਬਾਨ ਵਲੋਂ ਸਬੰਧਤਾਂ ਨੂੰ ਸੁਣਾਈ ਗਈ। ‘ਸਿੱਖ ਤਵਾਰੀਖ਼ ਵਿਚ ਅਕਾਲ ਤਖ਼ਤ ਸਾਹਿਬ ਦਾ ਰੋਲ’ ਨਾਂਅ ਦੀ ਕਿਤਾਬ ਦੇ ਪੰਨਾ ਨੰਬਰ 38 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲੱਗਣ ਬਾਰੇ ਜਾਣਕਾਰੀ ‘ਚ ਦਰਜ ਹੈ, ‘ਲੱਗੀ ਤਨਖ਼ਾਹ ਨੂੰ ਸਿੱਖ ਸਜ਼ਾ/ਜ਼ੁਰਮਾਨਾ ਨਹੀਂ ਮੰਨਦਾ। ਸਿੱਖ ਵਾਸਤੇ ਅਜਿਹਾ ਸੋਚਣਾ ਵੀ ਗੁਨਾਹ ਹੈ। ਸਿੱਖ ਨੂੰ ਤਨਖ਼ਾਹ ਨੀਵਾਂ ਦਿਖਾਉਣ, ਡਰਾਉਣ, ਦੁੱਖ ਦੇਣ ਵਾਸਤੇ ਨਹੀਂ ਲਾਈ ਜਾਂਦੀ। ਇਹ ਤਾਂ ਉਸ ਦੇ ਗੁਨਾਹ ਧੋ ਕੇ, ਉਸ ਵਿਚ ਸਿੱਖੀ ਦੀ ਪਰਪੱਕਤਾ ਪੈਦਾ ਕਰਨ ਤੇ ਉਸ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਵਧਾਉਣ ਵਾਸਤੇ ਇਕ ਤੋਹਫ਼ਾ ਹੁੰਦੀ ਹੈ੩.।’ ਸਿੱਖ ਮਰਯਾਦਾ ਦੀ ਉਲੰਘਣਾ ਦੇ ਦੋਸ਼ ‘ਚ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਅਕਾਲੀ ਫੂਲਾ ਸਿੰਘ ਵਲੋਂ ਕੋਰੜੇ ਮਾਰਨ ਦੀ ਸਜ਼ਾ ਸੁਣਾਉਣੀ, ਉਪਰੰਤ ਮਹਾਰਾਜੇ ਦੀ ਨਿਮਰਤਾ ਤੇ ਸੰਗਤ ਦੀ ਬੇਨਤੀ ‘ਤੇ ਰਣਜੀਤ ਸਿੰਘ ਨੂੰ ਮਾਫ਼ ਕਰਨਾ ਵੀ ਇਹੀ ਦਰਸਾਉਂਦਾ ਹੈ ਕਿ ਸਮਰਪਣ ਅਤੇ ਤੌਬਾ ਤੋਂ ਵੱਡੀ ਕੋਈ ਸਜ਼ਾ ਨਹੀਂ ਹੈ। ਦੁਨਿਆਵੀ ਕਾਨੂੰਨ ਦੀ ਗੱਲ ਵੀ ਕੀਤੀ ਜਾਵੇ ਤਾਂ ਸਜ਼ਾ ਦਾ ਮਕਸਦ ਖੂਨ ਦਾ ਬਦਲਾ ਖੂਨ ਨਹੀਂ ਹੁੰਦਾ, ਬਲਕਿ ਕਿਸੇ ਵੀ ਅਪਰਾਧੀ ਨੂੰ ਸੁਧਾਰ ਕੇ ਉਸ ਨੂੰ ਚੰਗਾ ਸਬਕ ਦੇਣਾ ਅਤੇ ਸਮਾਜ ‘ਚ ਹੋਰਨਾਂ ਅੰਦਰ ਵੀ ਕਾਨੂੰਨ ਦਾ ਭੈਅ ਅਤੇ ਭਰੋਸਾ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਪਰਾਧ ਕਰਨ ਦਾ ਹੀਆ ਨਾ ਕਰੇ। ਇਸੇ ਤਰ੍ਹਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਨੂੰ ਤਲਬ ਕੀਤਾ ਜਾਂਦਾ ਹੈ ਜਾਂ ਤਨਖ਼ਾਹ ਲਗਾਈ ਜਾਂਦੀ ਹੈ ਤਾਂ ਜਿੱਥੇ ਗੁਨਾਹਗਾਰ ਦੀ ਜ਼ਮੀਰ ਆਪਣੇ ਕੀਤੇ ‘ਤੇ ਪਛੋਤਾਵਾ ਕਰਦੀ ਹੈ ਉੱਥੇ ਸੰਗਤ ਦੇ ਅੰਦਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਰਹੁ-ਰੀਤਾਂ ਪ੍ਰਤੀ ਸਤਿਕਾਰ ਅਤੇ ਭੈਅ-ਭਾਵਨਾ ਪੈਦਾ ਹੁੰਦੀ ਹੈ।

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …