Breaking News
Home / ਕੈਨੇਡਾ / ਡਾ. ਗੁਰਬਖ਼ਸ਼ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼’ ਤੇ ‘ਧੁੱਪ ਦੀਆਂ ਕਣੀਆਂ’ ਹੋਈਆਂ ਲੋਕ-ਅਰਪਿਤ

ਡਾ. ਗੁਰਬਖ਼ਸ਼ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼’ ਤੇ ‘ਧੁੱਪ ਦੀਆਂ ਕਣੀਆਂ’ ਹੋਈਆਂ ਲੋਕ-ਅਰਪਿਤ

ਪੁਸਤਕਾਂ ਉੱਪਰ ਵਿਦਵਤਾ-ਭਰਪੂਰ ਪੇਪਰ ਪੜ੍ਹੇ ਗਏ ਤੇ ਲੇਖਕ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 4 ਜਨਵਰੀ ਨੂੰ ਬਰੈਂਪਟਨ ਦੇ ‘ਸਪਰੈਂਜ਼ਾ ਹਾਲ’ ਵਿਚ ਸਾਹਿਤ-ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼ਾ’ (ਕਾਵਿ-ਸੰਗ੍ਰਹਿ) ਅਤੇ ‘ਧੁੱਪ ਦੀਆਂ ਕਣੀਆਂ’ (ਵਾਰਤਕ) ਬਰੈਂਪਟਨ ਦੇ ਦੋ ਪਾਰਲੀਮੈਂਟ ਮੈਂਬਰਾਂ ਕਮਲ ਖਹਿਰਾ ਅਤੇ ਰੂਬੀ ਸਹੋਤਾ ਵੱਲੋਂ ਲੋਕ-ਅਰਪਿਤ ਕੀਤੀਆਂ ਗਈਆਂ। ਵਿਦਵਾਨਾਂ ਵੱਲੋਂ ਇਨ੍ਹਾਂ ਦੋਹਾਂ ਪੁਸਤਕਾਂ ਅਤੇ ਡਾ. ਭੰਡਾਲ ਦੀ ਲਿਖਣ-ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਦਵਾਨਾਂ ਵੱਲੋਂ ਬੜੀ ਮਿਹਨਤ ਨਾਲ ਲਿਖੇ ਗਏ ਪੇਪਰ ਪੜ੍ਹੇ ਗਏ। ਇਕਬਾਲ ਬਰਾੜ ਦੀ ਸੁਰੀਲੀ ਅਵਾਜ਼ ਵਿਚ ਡਾ. ਭੰਡਾਲ ਦੀ ਆਪਣੇ ਪਿੰਡ ਬਾਰੇ ਲਿਖੀ ਇਕ ਭਾਵੁਕ ਕਵਿਤਾ ਦੇ ਖ਼ੂਬਸੂਰਤ ਗਾਇਨ ਨਾਲ ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਕਵਿੱਤਰੀ ਤੇ ਰੰਗ-ਕਰਮੀ ਪਰਮਜੀਤ ਦਿਓਲ ਵੱਲੋਂ ਇਲੈੱਕਟ੍ਰਾਨਿਕ-ਮੀਡੀਆ ਨਾਲ ਲੰਮੇਂ ਸਮੇਂ ਤੋਂ ਜੁੜੇ ਇਕਬਾਲ ਮਾਹਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਡਾ. ਭੰਡਾਲ ਨਾਲ ਆਪਣੀ ਦੋਸਤੀ ਤੇ ਨੇੜਤਾ ਨੂੰ ਯਾਦ ਕਰਦਿਆਂ ਆਏ ਸਮੂਹ ਮਹਿਮਾਨਾਂ ਨੂੰ ਨਿੱਘੀ ਜੀ-ਆਇਆਂ ਕਹੀ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਦੀ ਵਾਰਤਕ ਕਵਿਤਾ ਵਰਗੀ ਹੈ ਅਤੇ ਉਸ ਦੀ ਖੁੱਲ੍ਹੀ ਕਵਿਤਾ ਕਈ ਵਾਰ ਵਾਰਤਕ ਦਾ ਭੁਲੇਖਾ ਪਾਉਂਦੀ ਹੈ। ਉਪਰੰਤ, ਬਰੈਂਪਟਨ ਵੈੱਸਟ ਦੀ ਐੱਮ.ਪੀ. ਤੇ ਪਾਰਲੀਮੈਂਟ ਸਕੱਤਰ ਕਮਲ ਖਹਿਰਾ ਅਤੇ ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਵੱਲੋਂ ਡਾ. ਭੰਡਾਲ ਦੀਆਂ ਦੋਵੇਂ ਪੁਸਤਕਾਂ ਸਾਂਝੇ ਤੌਰ ‘ਤੇ ਲੋਕ-ਅਰਪਿਤ ਕੀਤੀਆਂ ਗਈਆਂ। ਆਪਣੇ ਸੰਬੋਧਨਾਂ ਵਿਚ ਦੋਹਾਂ ਨੇ ਡਾ. ਭੰਡਾਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਸ਼ੁੱਭ-ਇੱਛਾਵਾਂ ਦਿੱਤੀਆਂ ਅਤੇ ਇਸ ਨਵੇਂ ਸਾਲ 2020 ਵਿਚ ਪੰਜਾਬੀ ਪੁਸਤਕਾਂ ਪੜ੍ਹਨ ਦੀ ਆਪਣੀ ਰੁਚੀ ਵਿਚ ਵਾਧਾ ਕਰਨ ਬਾਰੇ ਦੱਸਿਆ। ਰੂਬੀ ਸਹੋਤਾ ਵੱਲੋਂ ਇਸ ਮੌਕੇ ਡਾ. ਭੰਡਾਲ ਨੂੰ ਪ੍ਰਸ਼ੰਸਾ-ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗ਼ਮ ਦੇ ਅਗਲੇ ਪੜਾਅ ਵਿਚ ਵਿਦਵਾਨਾਂ ਵੱਲੋਂ ਦੋਹਾਂ ਪੁਸਤਕਾਂ ਸਬੰਧੀ ਆਪਣੇ ਪੇਪਰ ਪੜ੍ਹੇ ਗਏ। ਪਹਿਲੇ ਬੁਲਾਰੇ ਜਸਬੀਰ ਕਾਲਰਵੀ ਨੇ ਆਪਣੇ ਪੇਪਰ ‘ਸੁਹਜ-ਯੁਕਤ ਤੇ ਰਾਜ਼ੀ ਰੂਹ ਦਾ ਲੈਅ-ਬੱਧ ਪ੍ਰਵਚਨ: ਰੂਹ ਰੇਜ਼ਾ’ ਵਿਚ ਡਾ. ਭੰਡਾਲ ਦੀ ਕਵਿਤਾ ਨੂੰ ਰੂਹ ਨੂੰ ਰਾਜ਼ੀ ਕਰਨ ਵਾਲੀ ਕਵਿਤਾ ਕਿਹਾ। ਕਾਵਿ-ਪੁਸਤਕ ‘ਰੂਹ ਰੇਜ਼ਾ’ ਦੀ ਇਕ ਕਵਿਤਾ ‘ਠਰੇ ਅਰਥ’ ਦੇ ਕਈ ਵਿਰੋਧੀ ਸ਼ਬਦਾਂ ‘ਮੌਲੀ-ਫ਼ਤਵਾ’, ‘ਔੜ-ਸਮੁੰਦਰ’, ઑਪੀੜਾ-ਮਰ੍ਹਮ਼, ‘ਮੰਗਤਾ-ਅੱਲਾ’, ਆਦਿ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿਚ ਬਹੁਤ ਕੁਝ ਮਸਨੂਈ ਹੈ ਜਿਸ ਵਿਚ ਸਾਡਾ ਬੋਲ-ਚਾਲ, ਵਰਤੋਂ-ਵਿਹਾਰ, ਇੱਥੋਂ ਤੀਕ ਕਿ ਸਾਡਾ ਹਾਸਾ-ਮਖ਼ੌਲ ਅਤੇ ਸਾਹਿਤ ਵੀ ਸ਼ਾਮਲ ਹੈ। ਅਗਲੇ ਬੁਲਾਰੇ ਉਂਕਾਰਪ੍ਰੀਤ ਨੇ ਆਪਣੇ ਪਰਚੇ ‘ਰੂਹ ਰੇਜ਼ੇ ਸਮਿਆਂ ਦੀ ਸ਼ਾਇਰੀ’ ਵਿਚ ਕਿਹਾ ਕਿ ਕਵਿਤਾ ਮਨੁੱਖੀ ਮਨ ਦਾ ਉਸ ਦੇ ਆਲੇ-ਦੁਆਲੇ ਚੱਲ ਰਹੀਆਂ ਸਮਾਜਿਕ-ਪ੍ਰਸਥਿਤੀਆਂ ਦਾ ਕਾਵਿਕ-ਪ੍ਰਗਟਾਅ ਹੈ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਦੀ ਕਵਿਤਾ ਬੇਸ਼ਕ ਛੰਦ-ਬੱਧ ਨਹੀਂ ਹੈ ਪਰ ਇਸ ਵਿਚ ਛੰਦਬੰਦੀ ਕਵਿਤਾ ਵਾਲੇ ਲੱਗਭੱਗ ਸਾਰੇ ਹੀੇ ਗੁਣ ਮੌਜੂਦ ਹਨ। ਉਨ੍ਹਾਂ ਅਨੁਸਾਰ ਇਸ ਪੁਸਤਕ ਦਾ ਬੰਦ-ਬੰਦ ਸ਼ਾਇਰਾਨਾ ਤੇ ਰੌਚਕਤਾ ਭਰਿਆ ਹੈ। ਕਵਿੱਤਰੀ ਸੁਰਜੀਤ ਕੌਰ ਨੇ ਆਪਣੇ ਪੇਪਰ ‘ਰੂਹ ਰੇਜ਼ਾ -ਇਕ ਸਾਹਿਤਕ ਮੁਲਾਂਕਣ’ ਵਿਚ ਕਿਹਾ ਡਾ. ਭੰਡਾਲ ਦੀ ਕਵਿਤਾ ਸਮੇਂ ਦੀ ਹਾਣੀ ਹੈ। ਇਸ ਵਿਚ ਸੁਹਜ, ਸਹਿਜ, ਉਦਾਸੀਨਤਾ, ਆਸ਼ਾ, ਨਿਰਾਸ਼ਾ, ਵੇਦਨਾ, ਸੰਵੇਦਨਾ, ਆਦਿ ਸੱਭ ਕੁਝ ਮੌਜੂਦ ਹੈ। ਭੰਡਾਲ ਕੋਲ ਸ਼ਬਦਾਂ ਦਾ ਭੰਡਾਰ ਹੈ ਅਤੇ ਉਸ ਕੋਲ ਇਨ੍ਹਾਂ ਨੂੰ ਜੜਨ ਦੀ ਸੋਹਣੀ ਜੁਗਤ ਹੈ। ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੇ ਡਾ. ਭੰਡਾਲ ਦੇ ਵਿਗਿਆਨਕ-ਪਿਛੋਕੜ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਵਿਗਿਆਨ ਸਬੰਧੀ ਲਿਖੀਆਂ ਗਈਆਂ ਪੁਸਤਕਾਂ ‘ਗਾਡ ਪਾਰਟੀਕਲ’ ਅਤੇ ‘ਕਾਇਆ ਦੀ ਕੈਨਵੈੱਸ’ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਨਾਲ਼ ਹੀ ਭੰਡਾਲ ਨੇ ਬਹੁਤ ਵਧੀਆ ਕਵਿਤਾ ਅਤੇ ਵਾਰਤਕ ਲਿਖੀ ਹੈ ਜਿਸ ਦਾ ਪ੍ਰਤੱਖ ਸਬੂਤ ਉਨ੍ਹਾਂ ਦੀਆਂ ਡੇਢ ਦਰਜਨ ਤੋਂ ਵਧੀਕ ਪੁਸਤਕਾਂ ਹਨ। ਇਸ ਮੌਕੇ ਸਰੋਤਿਆਂ ਵਿਚ ਕਰਨ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਹਰਬੰਸ ਸਿੰਘ ਜੰਡਾਲੀ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਪਰਮਜੀਤ ਸਿੰਘ ਗਿੱਲ, ਗੁਰਦਿਆਲ ਬੱਲ, ਬਲਦੇਵ ਦੂਹੜੇ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਸੁਖਦੇਵ ਭੰਡਾਲ, ਗੁਰਬਚਨ ਸਿੰਘ ਛੀਨਾ, ਇਕਬਾਲ ਛੀਨਾ, ਨੀਟਾ ਬਲਵਿੰਦਰ, ਰਿੰਟੂ ਭਾਟੀਆ, ਸੁਰਿੰਦਰਜੀਤ, ਸਰਬਜੀਤ ਕਾਹਲੋਂ, ਸੁੰਦਰਪਾਲ ਰਾਜਾਸਾਂਸੀ ਤੇ ਹੋਰ ਬਹੁਤ ਸਾਰੇ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …