Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਵਿਚ ਕਾਲਜ ਬਦਲਣ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਦੱਸਣਾ ਜ਼ਰੂਰੀ

ਕੈਨੇਡਾ ਵਿਚ ਕਾਲਜ ਬਦਲਣ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਦੱਸਣਾ ਜ਼ਰੂਰੀ

ਸਟੱਡੀ ਪਰਮਿਟ ਦੇ ਇੰਟਰਵਿਊ ਵਧੇ, ਐਂਟਰੀ ਮੌਕੇ ਪੁੱਛਗਿੱਛ ਘਟੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਆਰਜ਼ੀ ਵੀਜ਼ਾ, ਪੱਕੀ ਇਮੀਗ੍ਰੇਸ਼ਨ ਦੇਣ ਤੋਂ ਦੇਸ਼ ਵਿਚ ਦਾਖਲੇ ਤੱਕ ਆਪਣੀਆਂ ਨੀਤੀਆਂ ਨੂੰ ਨਰਮ ਰੱਖਣਾ ਜਾਰੀ ਰੱਖਿਆ ਜਾ ਰਿਹਾ ਹੈ, ਪਰ ਵੀਜ਼ਾ ਦੀ ਜਾਅਲਸਾਜ਼ੀ ਰੋਕਣ ਲਈ ਚੌਕਸੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਵੀਜ਼ਾ ਅਰਜ਼ੀਆਂ ਦਾ ਮੁੱਢਲੇ ਤੌਰ ‘ਤੇ ਨਿਪਟਾਰਾ ਕੰਪਿਊਟਰ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਚਿਨੂਕ ਨਾਮਕ ਸਿਸਟਮ ਰਾਹੀਂ ਕਰਨਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਵਿਦੇਸ਼ਾਂ ਤੋਂ ਕੰਪਿਊਟਰਾਂ ਰਾਹੀਂ ਨਕਲੀ ਦਸਤਾਵੇਜ਼ਾਂ ਨਾਲ ਅਰਜ਼ੀਆਂ ਦਾਖਲ ਕੀਤੇ ਜਾਣ ਅਤੇ ਆਰਜ਼ੀ ਵੀਜ਼ਾ ਮਿਲ ਜਾਣ ਦੇ ਮਾਮਲੇ ਵਧੇ ਜਿਸ ਕਰਕੇ ਬਹੁਤ ਸਾਰੇ ਵਿਦੇਸ਼ੀਆਂ ਨੂੰ ਪੱਕੀ ਇਮੀਗਰੇਸ਼ਨ ਲੈਣ ਸਮੇਂ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਤਾ ਲੱਗਾ ਹੈ ਕਿ ਅਜਿਹੀ ਜਾਅਲਸਾਜ਼ੀ ਰੋਕਣ ਲਈ ਅਧਿਕਾਰੀਆਂ ਰਾਹੀਂ ਅਰਜ਼ੀਆਂ ਦੀ ਪੜਤਾਲ ਵਧਾਈ ਜਾ ਰਹੀ ਹੈ। ਸਿੱਟੇ ਵਜੋਂ ਵੀਜ਼ਾ ਤੋਂ ਨਾਂਹ ਅਤੇ 5 ਸਾਲਾਂ ਦਾ ਬੈਨ ਲੱਗਣ ਅਤੇ ਇਸਦੇ ਨਾਲ ਹੀ ਵੀਜ਼ਾ ਦੇ ਫੈਸਲੇ ਤੋਂ ਪਹਿਲਾਂ ਅਰਜ਼ੀਕਰਤਾਵਾਂ ਦੇ ਇੰਟਰਵਿਊ ਦੀ ਦਰ ਵੀ ਵਧ ਰਹੀ ਹੈ। ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਵੀਜ਼ਾ ਲੈ ਕੇ ਕੈਨੇਡਾ ਵਿਚ ਹਵਾਈ ਅੱਡਿਆਂ ਅੰਦਰ ਪੁੱਜਦੇ ਵੀਜ਼ਾ ਧਾਰਕਾਂ ਦੀ ਪੁੱਛਗਿੱਛ ਬੀਤੇ ਸਾਲਾਂ ਦੇ ਮੁਕਾਬਲੇ ਘਟੀ ਹੈ ਕਿਉਂਕਿ ਡਿਜ਼ੀਟਲ ਤਰੀਕਿਆਂ ਨਾਲ ਜਾਅਲਸਾਜ਼ੀ ਨੂੰ ਫੜਨਾ ਅਤੇ ਰੋਕਣਾ ਸੌਖਾ ਹੋਇਆ ਹੈ। ਬੀਤੇ ਫਰਵਰੀ ਮਹੀਨੇ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਰਜ਼ੀ ਵੀਜ਼ਾ ਦੀਆਂ ਅਰਜ਼ੀਆਂ ਦੇ ਨਿਪਟਾਰੇ ਸਮੇਂ ਸਖਤੀ ਨਾ ਕਰਨ ਦੇ ਬਿਆਨ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਦੀ ਸਮੁੱਚੀ ਵੀਜ਼ਾ ਪ੍ਰਕਿਰਿਆ ਵਿਚ ਬਦਲਾਅ ਹੋ ਰਹੇ ਹਨ ਜਿਸ ਕਰਕੇ ਵਿਦੇਸ਼ਾਂ ਤੋਂ ਕੈਨੇਡਾ ਵਿਚ ਆਪਣੇ ਪਰਿਵਾਰਕ ਜੀਆਂ ਨੂੰ ਮਿਲਣ ਜਾਣ ਦੇ ਵੀਜ਼ਾ ਦੀ ਨਾਂਹ ਘੱਟ ਹੋਣ ਦੀ ਸੰਭਾਵਨਾ ਵਧੀ ਹੈ, ਪਰ ਜਾਅਲਸਾਜ਼ੀ ਰੋਕਣ ਲਈ ਪੁੱਛਗਿੱਛ ਵਧੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ‘ਚ ਜਾ ਕੇ ਯੂਨੀਵਰਸਿਟੀ/ਕਾਲਜ ਬਦਲਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਵੀ ਕਿ ਬਦਲਿਆ ਗਿਆ ਭਾਵ ਨਵਾਂ ਵਿੱਦਿਅਕ ਅਦਾਰਾ ਸਰਕਾਰ ਤੋਂ ਡੈਜੀਗਨੇਟਡ ਲਰਨਿੰਗ ਇੰਸਟੀਚਿਊਟ ਵਜੋਂ ਪ੍ਰਵਾਨਿਤ ਹੋਣਾ ਜ਼ਰੂਰੀ ਹੈ। ਕਿਊਬਕ ਵਿਚ ਵੀ ਵਿਦਿਅਕ ਅਦਾਰਾ ਬਦਲਣ ਤੋਂ ਪਹਿਲਾਂ ਉਥੋਂ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਸਟੱਡੀ ਪਰਮਿਟ ਲੈ ਕੇ ਕੈਨੇਡਾ ਗਏ ਵਿਦੇਸ਼ੀ ਵਿਦਿਆਰਥੀ ਜੇਕਰ ਆਪਣੇ ਅਦਾਰੇ ਵਿਚ ਪੜ੍ਹਾਈ ਨਹੀਂ ਕਰਨਗੇ ਤਾਂ ਵਿਦਿਅਕ ਅਦਾਰੇ ਵਾਸਤੇ ਅਜਿਹੇ ਕੇਸਾਂ ਬਾਰੇ ਇਮੀਗ੍ਰੇਸ਼ਨ ਅਦਾਰੇ ਨੂੰ ਦੱਸਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਕਿ ਸਟੱਡੀ ਪਰਮਿਟ ਰੱਦ ਕੀਤਾ ਜਾ ਸਕੇ ਅਤੇ ਹੋਰ ਸਟੱਡੀ ਜਾਂ ਵਰਕ ਪਰਮਿਟ ਜਾਰੀ ਨਾ ਕੀਤਾ ਜਾ ਸਕੇ। ਇਸੇ ਦੌਰਾਨ ਪਿਛਲੇ ਦਿਨਾਂ ਵਿਚ ਐਕਸਪ੍ਰੈਸ ਐਂਟਰੀ ਦੇ ਤਿੰਨ ਡਰਾਅ ਕੱਢੇ ਗਏ ਹਨ, ਜਿਨ੍ਹਾਂ ਰਾਹੀਂ ਕਰੀਬ 5 ਹਜ਼ਾਰ ਤਕਨੀਕੀ ਮਾਹਿਰਾਂ, ਸਿਹਤ ਸੇਵਾਵਾਂ ਦੇ ਕਾਮਿਆਂ ਅਤੇ ਕਿੱਤਿਆਂ ਦੇ ਮਾਹਿਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …