Breaking News
Home / ਹਫ਼ਤਾਵਾਰੀ ਫੇਰੀ / 12ਵੀਂ ਦੀ ਇਤਿਹਾਸ ਦੀ ਕਿਤਾਬ ‘ਚ ਗਲਤੀਆਂ ਦੀ ਹੈ ਭਰਮਾਰ

12ਵੀਂ ਦੀ ਇਤਿਹਾਸ ਦੀ ਕਿਤਾਬ ‘ਚ ਗਲਤੀਆਂ ਦੀ ਹੈ ਭਰਮਾਰ

ਵੱਡੀ ਕੋਤਾਹੀ : ਸ਼ਹੀਦ ਊਧਮ ਸਿੰਘ ਨੇ ਅਦਾਲਤ ‘ਚ ਹੀਰ-ਰਾਂਝੇ ਦੀ ਖਾਧੀ ਸੀ ਸਹੁੰ
ਇਹ ਵੀ ਹਨ ਗਲਤੀਆਂ :
ਗੁਰੂ ਗੱਦੀ ਨੂੰ ਦੱਸਿਆ ਨਿਯੁਕਤੀ, ਲਿਖਿਆ ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ
ਅਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰ ਦੇ ਹੀ ਦੱਸੇ ਗਏ ਹਨ
ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਜੋੜਿਆ ਰਾਮ ਭਗਤੀ ਲਹਿਰ ਨਾਲ
ਕਿਤਾਬ ‘ਚ ਛਾਪਿਆ-ਮੰਗਲ ਪਾਂਡੇ ਬਾਰੇ ਜਾਣਨਾ ਹੈ ਤਾਂ ਆਮਿਰ ਖਾਨ ਦੀ ਫਿਲਮ ਦੇਖੋ
ਹੁਸ਼ਿਆਰਪੁਰ : ਐਸਜੀਪੀਸੀ ਦੀ ਜਾਂਚ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਕਿਤਾਬ ਨੂੰ ਨਕਾਰ ਦਿੱਤਾ ਹੈ। ਕਮੇਟੀ ਨੇ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਸਦੀ ਰਿਪੋਰਟ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਹੈ। ਐਸਜੀਪੀਸੀ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਵੀ ਸਿਫਾਰਸ਼ ਕੀਤੀ ਹੈ ਕਿ ਗਲਤੀਆਂ ਤੁਰੰਤ ਸੁਧਾਰੀਆਂ ਜਾਣ। ਬੋਰਡ ਚਾਹੇ ਤਾਂ ਕਮੇਟੀ ਇਸ ਵਿਚ ਉਨ੍ਹਾਂ ਦੀ ਮੱਦਦ ਕਰ ਸਕਦੀ ਹੈ। ਐਸਜੀਪੀਸੀ ਦੀ ਸਬ ਕਮੇਟੀ ਦੇ ਕਨਵੀਨਰ ਡਾ. ਜਤਿੰਦਰ ਸਿੰਘ ਸਿੱਧੂ ਅਨੁਸਾਰ, ਨਵੀਂ ਕਿਤਾਬ ਵਿਚ ਕਿਹਾ ਗਿਆ ਹੈ ਕਿ ਸ਼ਹੀਦ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਵਾਰਿਸ਼ ਦੀ ਹੀਰ-ਰਾਂਝਾ ਦੀ ਸਹੁੰ ਚੁੱਕੀ ਸੀ। ਜਦਕਿ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਕਿਤਾਬਾਂਵਿਚ ਲਿਖਿਆ ਗਿਆ ਹੈ ਕਿ ਊਧਮ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਇਹ ਵੀ ਲਿਖਿਆ ਹੈ ਕਿ ਜੇਕਰ ਵਿਦਿਆਰਥੀਆਂ ਨੇ ਮੰਗਲ ਪਾਂਡੇ ਬਾਰੇ ਜਾਣਨਾ ਹੈ ਤਾਂ ਉਹ ਆਮਿਰ ਖਾਨ ਅਤੇ ਰਾਣੀ ਮੁਖਰਜੀ ਦੀ ਫਿਲਮ ਦੇਖਣ। ਇਸ ਫਿਲਮ ਤੋਂ ਇਤਿਹਾਸਕ ਤੱਥ ਲੈ ਕੇ ਉਸ ‘ਤੇ ਲਿਖਣ ਤੇ ਇਸਦੇ ਲਈ ਉਹ ਅਧਿਆਪਕ ਕੋਲੋਂ ਵੀ ਮੱਦਦ ਲੈ ਸਕਦੇ ਹਨ।
ਇਹ ਗੜਬੜੀਆਂ ਵੀ ਸਾਹਮਣੇ ਆਈਆਂ ਜਾਂਚ ‘ਚ
ਸੂਫੀ ਮਤ ਦੀ ਸ਼ੁਰੂਆਤ ਬਾਬਾ ਫਰੀਦ ਦੀ ਬਜਾਏ ਸਖੀ ਸਰਵਰ ਤੋਂ ਦੱਸੀ ਗਈ ਹੈ : ਸੂਫੀ ਮਤ ਦੀ ਸ਼ੁਰੂਆਤ ਬਾਬਾ ਫਰੀਦ ਜੀ ਤੋਂ ਸ਼ੁਰੂ ਹੋਈ ਸੀ, ਪਰ ਕਿਤਾਬ ਵਿਚ ਸਈਅਦ ਅਹਿਮਦ ਸੁਲਤਾਨ ਤੋਂ ਸ਼ੁਰੂਆਤ ਦੱਸੀ ਗਈ ਹੈ। ਉਨ੍ਹਾਂ ਨੂੰ ਸਖੀ ਸਰਵਰ ਲੱਖਦਾਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸਖੀ ਸਰਵਰ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲ ਜੋੜ ਦਿੱਤਾ ਗਿਆ ਹੈ। ਕਿਤਾਬ ਵਿਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਪਾਕਿਸਤਾਨੀ ਮਰਹੂਮ ਗਾਇਕਾ ਰੇਸ਼ਮਾ ਨੇ ਸਖੀ ਸਰਵਰ ਦਾ ਗੀਤ ‘ਲਾਲ ਮੇਰੀ ਪਤ ਰੱਖਿਓ.. .’ ਗਾਇਆ ਸੀ।
ਗੁਰੂ ਗੱਦੀ ਨੂੰ ਦੱਸਿਆ ਨਿਯੁਕਤੀ, ਲਿਖਿਆ ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਗਾਇਆ ਸੀ : ਸਿੱਖ ਗੁਰੂਆਂ ਨੂੰ ਗੁਰੂ ਗੱਦੀ ਦੇ ਕੇ ਹੀ ਅਗਲਾ ਗੁਰੂ ਮੰਨਿਆ ਜਾਂਦਾ ਸੀ ਅਤੇ ਬਕਾਇਦਾ ਗੁਰੂ ਗੱਦੀ ਦੀ ਰਸਮ ਹੁੰਦੀ ਸੀ। ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਤੋਂ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰੂ ਤਿਲਕ ਲਗਾਇਆ ਸੀ। ਲੇਕਿਨ, ਕਿਤਾਬ ਵਿਚ ਲਿਖਿਆ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਹੋਈ ਸੀ। ਸ਼ਹਾਦਤ ਦੀ ਪਰੰਪਰਾ ਦਾ ਜ਼ਿਕਰ ਨਾ ਕਰਦੇ ਹੋਏ ਲਿਖ ਦਿੱਤਾ ਗਿਆ ਹੈ ਕਿ ਮੀਰ ਮਨੂ ਨੇ ਸਿੱਖਾਂ ਨੂੰ ਫਾਹੇ ਲਗਾਇਆ ਸੀ।
ਅਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰ ਦੇ ਹੀ ਦੱਸੇ ਗਏ ਹਨ : ਪੰਜਾਬ ਦੀ ਅਜ਼ਾਦੀ ਮੂਵਮੈਂਟ ਵਿਚ ਭਾਗੀਦਾਰੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਪੰਜਾਬ ਦਾ ਅਜ਼ਾਦੀ ਲਹਿਰ ਨਾਲ ਲੈਣਾ-ਦੇਣਾ ਨਹੀਂ ਸੀ। ਅਜ਼ਾਦੀ ਦੇ ਜ਼ਿਆਦਾਤਰ ਨਾਇਕ ਬਾਹਰੀ ਰਾਜਾਂ ਦੇ ਦੱਸੇ ਗਏ ਹਨ।
ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਜੋੜਿਆ ਰਾਮ ਭਗਤੀ ਲਹਿਰ ਨਾਲ : ਡਾ. ਸਿੱਧੂ ਨੇ ਕਿਹਾ ਕਿ ਭਗਤੀ ਦੀ ਸਭ ਤੋਂ ਵੱਡੀ ਲਹਿਰ ਰਾਮ ਭਗਤੀ ਦੱਸੀ ਗਈ ਹੈ। ਰਾਮ ਭਗਤੀ ਲਹਿਰ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨਾਲ ਜੋੜਿਆ ਗਿਆ ਹੈ, ਜੋ ਸਿੱਧੇ ਤੌਰ ‘ਤੇ ਇਤਿਹਾਸ ਨਾਲ ਛੇੜਛਾੜ ਹੈ।
ਦੇਰ ਆਏ ਦਰੁਸਤ ਆਏ : ਗ਼ਲਤੀਆਂ ਲਈ ਸਰਕਾਰ ਨੇ ਮੰਗ ਲਈ ਮੁਆਫ਼ੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਛਾਪੀ ਕਿਤਾਬ ਵਿਚਲੀਆਂ ਗਲਤੀਆਂ ਲਈ ਮੁਆਫ਼ੀ ਮੰਗੀ ਹੈ ਅਤੇ ਗਲਤੀਆਂ ਦੀ ਸੁਧਾਈ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਇਸ ਤੋਂ ਇਲਾਵਾ ਸਕੂਲਾਂ ਵਿਚ ਗਾਈਡ ਬੁੱਕ ‘ਤੇ ਪਾਬੰਦੀ ਲਾਉਣ ਅਤੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੇਲੇ ਹੋਏ ਪੁਸਤਕ ਸਕੈਂਡਲ ਦੀ ਮੁੜ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਤਾਬਾਂ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਕੱਢਣ ਦੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਦਕਿ ਕਿਤਾਬਾਂ ਵਿੱਚੋਂ ਸਿੱਖ ਤੇ ਪੰਜਾਬ ਦੇ ਇਤਿਹਾਸ ਨਾਲ ਨਾ ਤਾਂ ਕੋਈ ਛੇੜਛਾੜ ਕੀਤੀ ਗਈ ਹੈ ਅਤੇ ਨਾ ਹੀ ਕੁਝ ਘਟਾਇਆ ਗਿਆ ਹੈ, ਸਗੋਂ ਵਾਧਾ ਹੀ ਕੀਤਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਖਿਆ ਬੋਰਡ ਨੇ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਖ਼ੁਦ ਪੁਸਤਕਾਂ ਛਾਪ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਲੁੱਟ ਤੋਂ ਬਚਾਇਆ ਹੈ ਕਿਉਂਕਿ ਬੋਰਡ ਵੱਲੋਂ ਬਾਰ੍ਹਵੀਂ ਦੀ ਇਤਿਹਾਸ ਦੀ ਛਾਪੀ ਕਿਤਾਬ ਦੀ ਕੀਮਤ ਕੇਵਲ 90 ਰੁਪਏ ਹੈ ਜਦਕਿ ਪ੍ਰਾਈਵੇਟ ਪ੍ਰਕਾਸ਼ਕ ਵੱਲੋਂ ਗਾਈਡ ਦੀ ਕੀਮਤ 450 ਰੁਪਏ ਹੈ। ਮੰਤਰੀਆਂ ਨੇ ਦੋਸ਼ ਲਾਇਆ ਕਿ ਕਿਤਾਬਾਂ ਛਾਪਣ ਲਈ ਬਣਾਈ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਇਕ ਪ੍ਰਤੀਨਿਧ ਵੀ ਸ਼ਾਮਲ ਸੀ ਅਤੇ ਅਕਾਲੀ ਦਲ ਬੇਵਜ੍ਹਾ ਇਹ ਮੁੱਦਾ ਉਠਾ ਰਿਹਾ ਹੈ ਕਿਉਂਕਿ ਗਿਆਰਵੀਂ ਦੀ ਛਪ ਰਹੀ ਕਿਤਾਬ ਵਿੱਚ ਸਿੱਖ ਗੁਰੂਆਂ ਦਾ ਵਿਸਥਾਰ ਸਹਿਤ ਇਤਿਹਾਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਕੂਲ ਸੀਬੀਐਸਈ ਨਾਲ ਜੁੜੇ ਹਨ ਅਤੇ ਅਕਾਲੀ ਦਲ ਦੂਜੇ ਪਾਸੇ ਪੰਜਾਬ ਤੇ ਸਿੱਖ ਇਤਿਹਾਸ ਦੀ ਦੁਹਾਈ ਦੇ ਰਿਹਾ ਹੈ। ਜਦੋਂ ਪੱਤਰਕਾਰਾਂ ਨੇ ਮੰਤਰੀਆਂ ਮੂਹਰੇ ਬੋਰਡ ਵੱਲੋਂ ਛਾਪੀ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚ ਸ਼ਬਦੀ ਤੇ ਇਬਾਰਤੀ ਗ਼ਲਤੀਆਂ ਬਾਰੇ ਪੁੱਛਿਆ ਤਾਂ ਰੰਧਾਵਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਕਿਤਾਬ ਵਿਚਲੀਆਂ ਗ਼ਲਤੀਆਂ ਦੀ ਵੀ ਮਾਹਿਰਾਨਾ ਕਮੇਟੀ ਰਾਹੀਂ ਪੜਤਾਲ ਕਰਵਾਈ ਜਾਵੇਗੀ। ਇਸੇ ਦੌਰਾਨ ਰੰਧਾਵਾ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੇਲੇ ਕਿਤਾਬਾਂ ਦੇ ਹੋਏ ਘਪਲੇ ਦੀ ਵੀ ਨਵੇਂ ਸਿਰਿਓਂ ਜਾਂਚ ਕਰਵਾਈ ਜਾਵੇਗੀ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …