Breaking News
Home / ਹਫ਼ਤਾਵਾਰੀ ਫੇਰੀ / ਕੀ ਫਿਰ ਪਰਤ ਆਇਆ ਕਰੋਨਾ?

ਕੀ ਫਿਰ ਪਰਤ ਆਇਆ ਕਰੋਨਾ?

ਚੀਨ ‘ਚ ਵਧ ਰਹੇ ਕਰੋਨਾ ਨੂੰ ਦੇਖਦਿਆਂ ਮੋਦੀ ਨੇ ਸਾਰਿਆਂ ਨੂੰ ਮਾਸਕ ਪਹਿਨਣ ਦੀ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਵਿਚ ਵਧ ਰਹੇ ਕਰੋਨਾ ਮਾਮਲਿਆਂ ਨੇ ਇਕ ਵਾਰ ਫਿਰ ਦੁਨੀਆ ਵਿਚ ਖੌਫ ਪੈਦਾ ਕਰ ਦਿੱਤਾ ਹੈ। ਭਾਰਤ ਵੀ ਇਸ ਨੂੰ ਲੈ ਕੇ ਚੌਕਸ ਹੋ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਹਿ ਦਿੱਤਾ ਹੈ। ਪਰ ਆਮ ਲੋਕਾਂ ਦੇ ਮਨਾਂ ਵਿਚ ਇਹ ਗੱਲ ਵੀ ਆ ਰਹੀ ਹੈ ਕਿ, ਕੀ ਕਰੋਨਾ ਫਿਰ ਆ ਗਿਆ ਹੈ?
ਚੀਨ ਵਿਚ ਕਰੋਨਾ ਵਾਇਰਸ ਨੇ 2020 ਦੀ ਯਾਦ ਦਿਵਾ ਦਿੱਤੀ ਹੈ ਅਤੇ ਸਥਿਤੀ ਏਨੀ ਖਰਾਬ ਹੈ ਕਿ ਹਸਪਤਾਲਾਂ ਵਿਚ ਸਾਰੇ ਬੈਡ ਭਰੇ ਹੋਏ ਹਨ। ਮੈਡੀਕਲ ਸਟੋਰਾਂ ਵਿਚ ਦਵਾਈਆਂ ਖਤਮ ਹੋ ਰਹੀਆਂ ਹਨ ਅਤੇ ਮਰੀਜ਼ ਇਲਾਜ ਲਈ ਡਾਕਟਰਾਂ ਸਾਹਮਣੇ ਤਰਲੇ ਕੱਢ ਰਹੇ ਹਨ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨ ਵਿਚ 24 ਘੰਟੇ ਅੰਤਿਮ ਸਸਕਾਰ ਹੋ ਰਹੇ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਸਦੀ ਵਜ੍ਹਾ ਚੀਨ ਵਿਚ ਫੈਲ ਰਿਹਾ ਨਵਾਂ ਵੈਰੀਐਂਟ ਹੋ ਸਕਦਾ ਹੈ। ਚੀਨ ਵਿਚ ਜ਼ੀਰੋ-ਕੋਵਿਡ ਪਾਲਿਸੀ ਖਤਮ ਹੋਣ ਤੋਂ ਬਾਅਦ ਅਚਾਨਕ ਵਧੇ ਮਾਮਲਿਆਂ ਦੀ ਵਜ੍ਹਾ ਇਹੀ ਦੱਸੀ ਜਾ ਰਹੀ ਹੈ। ਧਿਆਨ ਰਹੇ ਕਿ ਇਨ੍ਹੀਂ ਦਿਨੀਂ ਚੀਨ, ਜਪਾਨ, ਅਮਰੀਕਾ, ਕੋਰੀਆ ਅਤੇ ਬ੍ਰਾਜ਼ੀਲ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਅਤੇ ਲੋੜ ਪੈਣ ‘ਤੇ ਨੀਤੀਗਤ ਕਾਰਵਾਈ ‘ਤੇ ਵਿਚਾਰ ਕਰਨ ਲਈ ਵੀਰਵਾਰ ਨੂੰ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਮੋਦੀ ਨੇ ਏਅਰਪੋਰਟ ‘ਤੇ ਵੀ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਕੀਤੇ ਜਾਣ ਅਤੇ ਕਰੋਨਾ ਟੈਸਟਿੰਗ ‘ਤੇ ਧਿਆਨ ਦੇਣ ਦੀ ਗੱਲ ਕਹੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਮਾਸਕ ਪਹਿਨਣਾ ਜ਼ਰੂਰ ਕਰ ਸਕਦੀ। ਇਸ ਲਈ ਦਿਸ਼ਾ ਨਿਰਦੇਸ਼ ਵੀ ਜਲਦੀ ਜਾਰੀ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਲਗਵਾਉਣ, ਜੀਨੋਮ ਸੀਕੁੈਂਸਿੰਗ ਅਤੇ ਟੈਸਟਿੰਗ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜ਼ਨ ਸਿਲੰਡਰ ਵਧਾਉਣ ਲਈ ਵੀ ਕਿਹਾ।
ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਹਾਲੇ ਤੱਕ ਭਾਰਤ ਨੇ ਕੋਈ ਵੀ ਯਾਤਰਾ ਪਾਬੰਦੀਆਂ ਲਗਾਉਣ ਦਾ ਫੈਸਲਾ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਦੀ ਸਮੀਖਿਆ ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ, ਨੀਤੀ ਆਯੋਗ ਦੇ ਸੀਈਓ ਪਰਮੇਸ਼ਵਰਨ ਅਈਅਰ ਅਤੇ ਮੈਂਬਰ ਸਿਹਤ ਨੀਤੀ ਆਯੋਗ ਵੀਕੇ ਪਾਲ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਤਾਜ਼ਾ ਮਾਮਲਿਆਂ ਦੇ ਮੱਦੇਨਜ਼ਰ ਲੰਘੇ ਬੁੱਧਵਾਰ ਨੂੰ ਸਮੀਖਿਆ ਬੈਠਕ ਵੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ, ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਅਤੇ ਟੀਕਾਕਰਨ ਜਾਰੀ ਰੱਖਣ ਦੀ ਸਲਾਹ ਦਿੱਤੀ। ਇਸੇ ਦੌਰਾਨ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਨੂੰ ਦੇਖਦਿਆਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਇਸਦੇ ਚੱਲਦਿਆਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਕਰੋਨਾ ਨਾਲ ਨਿਪਟਣ ਲਈ ਸਾਰੇ ਤਰ੍ਹਾਂ ਦੀਆਂ ਤਿਆਰੀਆਂ ਪੂਰੀਆਂ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਸਟਾਫ ਨੇ ਦੱਸਿਆ ਕਿ ਹਰ ਪ੍ਰਕਾਰ ਦੀ ਸਾਵਧਾਨੀ ਦੇ ਮੱਦੇਨਜ਼ਰ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਾਂਚ, ਨਿਗਰਾਨੀ, ਇਲਾਜ, ਟੀਕਾਕਰਣ ਸਣੇ ਕੋਵਿਡ ਨਿਯਮਾਂ ਦੀ ਪਾਲਣਾ ਸਬੰਧੀ ਤਿਆਰੀ ਕੀਤੀ ਗਈ ਹੈ। ਪੰਜਾਬ ਦੇ ਹਸਪਤਾਲਾਂ ਦੇ ਸੀਐਮਓ ਸਣੇ ਮੈਡੀਕਲ ਸਟਾਫ ਅਤੇ ਸਿਹਤ ਸਬੰਧੀ ਹੋਰ ਅਮਲੇ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਭਾਰਤ ਆਉਣ ਵਾਲੇ ਇੰਟਰਨੈਸ਼ਨਲ ਯਾਤਰੀਆਂ ਦੀ ਹੋਵੇਗੀ ਰੈਂਡਮ ਸੈਂਪਲਿੰਗ
ਭਾਰਤ ਵਿਚ ਕਰੋਨਾ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਅਤੇ ਗ੍ਰਹਿ ਮੰਤਰਾਲੇ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ। ਇਸ ਤੋਂ ਬਾਅਦ ਹੈਲਥ ਮਨਿਸਟਰੀ ਨੇ ਇੰਟਰਨੈਸ਼ਨਲ ਯਾਤਰੀਆਂ ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਸ ਵਿਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਅਤੇ ਇੰਟਰਨੈਸ਼ਨਲ ਫਲਾਈਟਸ ਦੇ 2 ਫੀਸਦੀ ਯਾਤਰੀਆਂ ਦੀ ਰੈਂਡਮ ਸੈਂਪਲਿੰਗ ਕਰਨ ਦਾ ਨਿਰਦੇਸ਼ ਦਿੱਤਾ ਗਿਆ ਅਤੇ ਇਹ ਕੰਮ 24 ਦਸੰਬਰ ਤੋਂ ਲਾਗੂ ਹੋਵੇਗਾ। ਮੋਦੀ ਨੇ ਏਅਰਪੋਰਟ ‘ਤੇ ਵੀ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਕੀਤੇ ਜਾਣ ਅਤੇ ਜੀਨੋਮ ਸੀਕਵੈਂਸਿੰਗ ਤੇ ਟੈਸਟਿੰਗ ‘ਤੇ ਧਿਆਨ ਦੇਣ ਦੀ ਗੱਲ ਕੀਤੀ। ਉਨ੍ਹਾਂ ਨਾਲ ਹੀ ਬਜ਼ੁਰਗਾਂ ਦੇ ਟੀਕਾਕਰਨ ‘ਤੇ ਵੀ ਧਿਆਨ ਦੇਣ ਦਾ ਨਿਰਦੇਸ਼ ਦਿੱਤਾ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …