ਟੋਰਾਂਟੋ/ਸਤਪਾਲ ਸਿੰਘ ਜੌਹਲ
ਜਲੰਧਰ ਤੋਂ ਏਜੰਟ ਬ੍ਰਿਜੇਸ਼ ਮਿਸ਼ਰਾ ਦੀ ਸਟੱਡੀ ਪਰਮਿਟ ਧੋਖਾਧੜੀ ਦਾ ਸ਼ਿਕਾਰ 700 ਮੁੰਡੇ ਅਤੇ ਕੁੜੀਆਂ ਦੀ ਚਰਚਾ ਬੀਤੇ ਮਹੀਨਿਆਂ ਦੌਰਾਨ ਖਬਰਾਂ ਵਿਚ ਰਹੀ ਸੀ, ਪਰ ਸਰਕਾਰੀ ਅੰਕੜਿਆਂ ਅਨੁਸਾਰ ਉਹ ਕੁੱਲ ਗਿਣਤੀ 82 ਸੀ, ਜਿਸ ਵਿਚੋਂ 57 ਨੂੰ ਕੈਨੇਡਾ ਛੱਡਣ ਦੇ ਹੁਕਮ ਹੋਏ ਸਨ। ਕੈਨੇਡਾ ਦੇ ਇਮੀਗਰੇਸ਼ਨ ਐਂਡ ਸਿਟੀਜਨਸ਼ਿਪ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਉਪਰੋਕਤ ਅੰਕੜੇ ਪੇਸ਼ ਕੀਤੇ ਗਏ।
ਇਸੇ ਦੌਰਾਨ ਬੀਤੇ ਮਹੀਨੇ ਕੈਨੇਡਾ ਸਰਕਾਰ ਵਲੋਂ ਸਾਰੇ ਪੀੜਤਾਂ ਨੂੰ ਆਰਜ਼ੀ ਰਾਹਤ ਦੇ ਕੇ ਹਰੇਕ ਨੂੰ ਆਪਣਾ ਕੇਸ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ ਅਤੇ ਬ੍ਰਿਜੇਸ਼ ਨੂੰ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀਬੀਐਸਏ) ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਸੀਬੀਐਸਏ ਵਲੋਂ ਪਾਸਪੋਰਟ ਜ਼ਬਤ ਕਰਕੇ ਕੈਨੇਡਾ ਵਿਚੋਂ ਕੱਢੇ ਜਾਣ ਦੀ ਕਾਰਵਾਈ ਵਿਰੁੱਧ ਕਰੀਬ ਦੋ ਦਰਜਨ ਮੁੰਡਿਆਂ ਅਤੇ ਕੁੜੀਆਂ ਦੇ ਕੇਸ ਅਜੇ ਵੀ ਇਮੀਗ੍ਰੇਸ਼ਨ ਐਂਡ ਰਫਿਊਜ਼ੀ ਬੋਰਡ (ਆਈ.ਆਰ.ਬੀ.) ਕੋਲ ਵਿਚਾਰ ਅਧੀਨ ਹਨ ਅਤੇ ਕੁਝ ਸ਼ੱਕੀ ਕੇਸਾਂ ਵਿਚ ਅਧਿਕਾਰੀ ਸਖਤੀ ਵੀ ਵਰਤ ਰਹੇ ਹਨ। ਕੈਨੇਡਾ ਭਰ ਦੇ ਵਿਦਿਅਕ ਅਦਾਰਿਆਂ ਵਿਚ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਸਮੈਸਟਰ ਵਾਸਤੇ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਦੇਸ਼ ਦੇ ਹਵਾਈ ਅੱਡਿਆਂ ਅੰਦਰ ਸਟੱਡੀ ਪਰਮਿਟ ਹਾਸਲ ਕਰਕੇ ਦਾਖਲ ਹੋਣ ਦਾ ਸਿਲਸਿਲਾ ਅਗਲੇ ਮਹੀਨੇ ਤੋਂ ਹੋਰ ਤੇਜ਼ ਹੋ ਜਾਣ ਦੀ ਸੰਭਾਵਨਾ ਹੈ, ਜਿਸ ਕਰਕੇ ਟੋਰਾਂਟੋ ਅਤੇ ਵੈਨਕੂਵਰ ਭੀੜ ਇਕੱਠੀ ਨਾ ਹੋਣ ਦੇਣ ਲਈ ਅਧਿਕਾਰੀਆਂ ਵਲੋਂ ਵੱਧ ਇਮੀਗ੍ਰੇਸ਼ਨ ਅਫਸਰ ਤਾਇਨਾਤ ਰੱਖਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਹ ਵੀ ਕਿ ਬੀਤੇ ਮਹੀਨਿਆਂ ਤੋਂ ਭਾਰਤ ਅਤੇ ਅਫਰੀਕੀ ਦੇਸ਼ਾਂ ਤੋਂ ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਪੁੱਜ ਰਹੇ ਜਹਾਜ਼ਾਂ ਵਿਚੋਂ ਉਤਰ ਕੇ ਸ਼ਰਨਾਰਥੀ ਕੇਸ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਮਹਿੰਗਾਈ ਕਾਰਨ ਸਥਾਪਿਤ ਹੋਣਾ ਔਖਾ ਹੋ ਜਾਣ ਕਾਰਨ ਵੱਡੀ ਗਿਣਤੀ ਨਵੇਂ ਆਏ ਵਿਦੇਸ਼ੀ ਨਾਗਰਿਕਾਂ ਦਾ ਆਪਣੇ ਮੁਲਕਾਂ ਨੂੰ ਵਾਪਸ ਮੁੜਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।