4.8 C
Toronto
Tuesday, November 4, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ 81 ਫੀਸਦੀ ਵਿਧਾਇਕ ਹਨ ਕਰੋੜਪਤੀ

ਪੰਜਾਬ ਦੇ 81 ਫੀਸਦੀ ਵਿਧਾਇਕ ਹਨ ਕਰੋੜਪਤੀ

ਕਾਂਗਰਸ ਦੇ 9, ਆਪ+ ਦੇ 6 ਅਤੇ ਅਕਾਲੀ ਦਲ ਦੇ ਇਕ ਐਮ ਐਲ ਏ ਖਿਲਾਫ਼ ਦਰਜ ਹਨ ਅਪਰਾਧਿਕ ਮਾਮਲੇ
ਲੁਧਿਆਣਾ : ਪੰਜਾਬ ਚੋਣ ਵਾਚ ਤੇ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਵਿੱਚ ਨਵੀਂ ਵਿਧਾਨ ਸਭਾ ਲਈ ਚੁਣੇ ਵਿਧਾਇਕਾਂ ‘ਤੇ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਮੁਤਾਬਕ ਨਵੀਂ ਵਿਧਾਨ ਸਭਾ ਵਿੱਚ ਸੂਬੇ ਦੇ 81 ਫ਼ੀਸਦੀ ਵਿਧਾਇਕ ਕਰੋੜਪਤੀ ਹਨ, ਜਦੋਂਕਿ ਪਿਛਲੀ ਵਿਧਾਨ ਸਭਾ ਵਿੱਚ 88 ਫ਼ੀਸਦੀ ਵਿਧਾਇਕ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਸਨ। ਸੂਬੇ ਵਿੱਚ ਪ੍ਰਤੀ ਵਿਧਾਇਕ ਔਸਤਨ ਅਸਾਸੇ 11.67 ਕਰੋੜ ਹਨ, ਜਦੋਂਕਿ 14 ਫ਼ੀਸਦੀ ਵਿਧਾਇਕਾਂ ਖ਼ਿਲਾਫ਼ ਅਪਰਾਧਕ ਕੇਸ ਦਰਜ ਹਨ। ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰ ਮਿਲਣੀ ਦੌਰਾਨ ਏਡੀਆਰ ਦੇ ਸੂਬਾ ਕੋਆਰਡੀਨੇਟਰ ਜਸਕੀਰਤ ਸਿੰਘ ਨੇ ਕਿਹਾ ਕਿ ਨਵੀਂ ਵਿਧਾਨ ਸਭਾ ਵਿੱਚ 16 ਵਿਧਾਇਕਾਂ ਨੇ ਕਾਗਜ਼ਾਂ ਵਿਚ ਸਾਫ਼ ਲਿਖਿਆ ਹੈ ਕਿ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕੇਸ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 9, ‘ਆਪ’ ਦੇ 4, ਸ਼੍ਰੋਮਣੀ ਅਕਾਲੀ ਦਲ ਦੇ ਇਕ ਤੇ ਲੋਕ ਇਨਸਾਫ਼ ਪਾਰਟੀ ਦੇ 2 ਵਿਧਾਇਕ ਸ਼ਾਮਲ ਹਨ, ਜਦੋਂਕਿ 11 ਵਿਧਾਇਕਾਂ (9 ਫ਼ੀਸਦੀ) ਨੇ ਮੰਨਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 7, ‘ਆਪ’ ਦਾ ਇਕ, ਸ਼੍ਰੋਮਣੀ ਅਕਾਲੀ ਦਲ ਦਾ ਇਕ ਤੇ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਨਵੀਂ ਵਿਧਾਨ ਸਭਾ ਵਿੱਚ ਕਾਂਗਰਸ ਦੇ ਰਾਣਾ ਗੁਰਜੀਤ ਦੇ ਕੋਲ 161 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਕੋਲ 102 ਕਰੋੜ ਤੇ ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਕੋਲ 66 ਕਰੋੜ ਦੀ ਜਾਇਦਾਦ ਹੈ। ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਸਭ ਤੋਂ ਘੱਟ ਸਿਰਫ਼ 1.84 ਲੱਖ ਦੀ ਜਾਇਦਾਦ ਦੱਸੀ ਹੈ। ਕਾਂਗਰਸ ਵਿੱਚ 64 ਫ਼ੀਸਦੀ ਵਿਧਾਇਕ ਕਰੋੜਪਤੀ ਹਨ, ਜਦੋਂਕਿ ਅਕਾਲੀ ਦਲ, ਭਾਜਪਾ ਤੇ ਲੋਕ ਇਨਸਾਫ਼ ਪਾਰਟੀ ਦੇ 100 ਫ਼ੀਸਦੀ, ‘ਆਪ’ ਦੇ 40 ਫੀਸਦੀ ਵਿਧਾਇਕ ਕਰੋੜਪਤੀ ਹਨ।
45 ਵਿਧਾਇਕ ਸਿਰਫ਼ 12ਵੀਂ ਪਾਸ
45 ਐਮ ਐਲ ਏ ਬਾਰ੍ਹਵੀਂ ਤੱਕ ਪੜ੍ਹੇ ਹਨ। ਇਕ ਅਕਾਲੀ ਐਮ ਐਲ ਏ ਪੰਜਵੀਂ ਪਾਸ ਹੈ। ਕਾਂਗਰਸ ਦੇ ਛੇ ਅੱਠਵੀਂ ਪਾਸ ਤੇ 10ਵੀਂ ਪਾਸ ਵਾਲੇ 18 ਹਨ। ‘ਆਪ’ ਦੇ ਦੋ ਤੇ ਸ਼੍ਰੋਮਣੀ ਅਕਾਲੀ ਦਲ ਇਕ ਐਮ ਐਲ ਏ 10ਵੀਂ ਪਾਸ ਹੈ।

RELATED ARTICLES
POPULAR POSTS