17 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਵਿਦੇਸ਼ੀ ਨੌਕਰੀ ਦਾ ਮੋਹ ਤਿਆਗਣ ਲੱਗੇ ਭਾਰਤੀ

ਵਿਦੇਸ਼ੀ ਨੌਕਰੀ ਦਾ ਮੋਹ ਤਿਆਗਣ ਲੱਗੇ ਭਾਰਤੀ

ਘਰ ‘ਚ ਲੱਭਣ ਲੱਗੇ ਰੁਜ਼ਗਾਰ
ਨਵੀਂ ਦਿੱਲੀ : ਭਾਰਤੀਆਂ ਵਿਚ ਵਿਦੇਸ਼ ‘ਚ ਨੌਕਰੀ ਦਾ ਰੁਝਾਨ ਘਟ ਰਿਹਾ ਹੈ। ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿਚ ਜਾਰੀ ਰਾਜਨੀਤਕ ਅਸਥਿਰਤਾ ਕਾਰਨ ਉੱਥੇ ਰਹਿ ਰਹੇ ਉੱਚ ਹੁਨਰਮੰਦ ਲੋਕ ਹੁਣ ਦੇਸ਼ ਵਿਚ ਨੌਕਰੀ ਕਰਨਾ ਚਾਹੁੰਦੇ ਹਨ। ਸੰਸਾਰਕ ਪੱਧਰ ‘ਤੇ ਰੁਜ਼ਗਾਰ ਸਬੰਧੀ ਸੂਚਨਾਵਾਂ ਦੇਣ ਵਾਲੀ ਵੈੱਬਸਾਈਟ ਇੰਡੀਡ ਵੱਲੋਂ ਹਾਲ ਹੀ ਵਿਚ ਜਾਰੀ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਪਿਛਲੇ ਸਾਲ ਅਮਰੀਕਾ ਵਿਚ ਨੌਕਰੀ ਲਈ ਜਾਣ ਵਾਲੇ ਇੱਛੁਕ ਭਾਰਤੀਆਂ ਦੀ ਗਿਣਤੀ ਵਿਚ 38 ਫੀਸਦੀ ਦੀ ਕਮੀ ਆਈ ਹੈ। ਉੱਥੇ ਹੀ, ਬ੍ਰਿਟੇਨ ਜਾਣ ਦੇ ਇੱਛੁਕ ਭਾਰਤੀਆਂ ਦੀ ਗਿਣਤੀ ਵੀ 42 ਫੀਸਦੀ ਘਟੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਕਾਰਨ ਭਾਰਤੀ ਉੱਥੇ ਨੌਕਰੀ ਕਰਨ ਜਾਣ ਤੋਂ ਪਿੱਛੇ ਹਟ ਰਹੇ ਹਨ। ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਬ੍ਰਿਟੇਨ ਵਿਚ ਵਿਦੇਸ਼ੀਆਂ ਦੇ ਰੁਜ਼ਗਾਰ ‘ਤੇ ਅਸਰ ਪੈ ਸਕਦਾ ਹੈ।
ਜਰਮਨੀ, ਆਇਰਲੈਂਡ ਵਿਚ ਵਧੀ ਗਿਣਤੀ, ਖਾੜੀ ਦੇਸ਼ਾਂ ‘ਚ ਘਟੇ ਰੁਝਾਨ
ਹਾਲਾਂਕਿ ਜਰਮਨੀ ਅਤੇ ਆਇਰਲੈਂਡ ਵਰਗੇ ਦੇਸ਼ਾਂ ਵਿਚ ਨੌਕਰੀ ਕਰਨ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ਵਧੀ ਹੈ। ਜਰਮਨੀ ‘ਚ ਨੌਕਰੀ ਚਾਹੁਣ ਵਾਲੇ ਭਾਰਤੀਆਂ ਦੀ ਗਿਣਤੀ 10 ਫੀਸਦੀ ਵਧੀ ਹੈ। ਆਇਰਲੈਂਡ ਜਾਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ‘ਚ 20 ਫੀਸਦੀ ਦਾ ਵਾਧਾ ਹੋਇਆ ਹੈ। ਖਾੜੀ ਦੇਸ਼ ਜਾਣ ਦੇ ਇੱਛੁਕ ਭਾਰਤੀਆਂ ਦੀ ਗਿਣਤੀ ‘ਚ ਵੀ 21 ਫੀਸਦੀ ਦੀ ਕਮੀ ਆਈ ਹੈ। ਇੰਡੀਡ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ, ਤੇਜ਼ੀ ਨਾਲ ਵਧਦੀ ਭਾਰਤੀ ਅਰਥਵਿਵਸਥਾ ਅਤੇ ਵਿਦੇਸ਼ਾਂ ‘ਚ ਰਾਜਨੀਤਕ ਅਸਥਿਰਤਾ ਕਾਰਨ ਉੱਚ ਹੁਨਰਮੰਦ ਭਾਰਤੀ ਦੇਸ਼ ਵਿਚ ਨੌਕਰੀ ਲੱਭ ਰਹੇ ਹਨ ਅਤੇ ਉਨ੍ਹਾਂ ਦੀ ਗਿਣਤੀ ਵਧ ਰਹੀ ਹੈ। ਉੱਥੇ ਹੀ, ਵਿਦੇਸ਼ ਜਾਣ ਦੀ ਇੱਛਾ ਘਟਣ ਦੇ ਬਾਵਜੂਦ ਅਜੇ ਵੀ ਸਭ ਤੋਂ ਵਧ ਭਾਰਤੀ ਅਮਰੀਕਾ ਜਾਣਾ ਚਾਹੁੰਦੇ ਹਨ। 49 ਫੀਸਦੀ ਭਾਰਤੀਆਂ ਨੇ ਅਮਰੀਕਾ ਵਿਚ ਰੁਜ਼ਗਾਰ ਲਈ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ। ਭਾਰਤੀ ਲੋਕ ਰੁਜ਼ਗਾਰ ਲਈ ਜਿਨ੍ਹਾਂ ਦੇਸ਼ਾਂ ਵਿਚ ਜਾਣਾ ਪਸੰਦ ਕਰ ਰਹੇ ਹਨ, ਉਨ੍ਹਾਂ ਵਿਚ ਯੂ. ਏ. ਈ. (16 ਫੀਸਦੀ), ਕੈਨੇਡਾ (9 ਫੀਸਦੀ), ਬ੍ਰਿਟੇਨ (5 ਫੀਸਦੀ), ਸਿੰਗਾਪੁਰ (4 ਫੀਸਦੀ), ਆਸਟ੍ਰੇਲੀਆ (3 ਫੀਸਦੀ), ਕਤਰ (2 ਫੀਸਦੀ), ਦੱਖਣੀ ਅਫਰੀਕਾ (1 ਫੀਸਦੀ) ਅਤੇ ਬਹਿਰੀਨ (1 ਫੀਸਦੀ) ਸ਼ਾਮਲ ਹਨ।

 

 

RELATED ARTICLES
POPULAR POSTS