ਸਵਾ ਸਾਲ ਵਿਚ ਕੈਬਨਿਟ ‘ਚ ਚੌਥਾ ਫੇਰਬਦਲ
ਨਿੱਜਰ ਦੀ ਵਿਦਾਈ ਤੇ ਧਾਲੀਵਾਲ ਦੇ ਪਰ ਕੁਤਰਨ ਦੀ ਹੋ ਰਹੀ ਚਹੁੰ ਪਾਸੇ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਪੰਜਾਬ ਰਾਜ ਭਵਨ ਵਿੱਚ ਬਤੌਰ ਕੈਬਨਿਟ ਮੰਤਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ। ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਹੈ।
ਇਸ ਤਰ੍ਹਾਂ ‘ਆਪ’ ਸਰਕਾਰ ਨੇ ਪੰਜਾਬ ਵਿੱਚ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਚੌਥੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ, ਜਿਸ ਨਾਲ ਮੰਤਰੀ ਮੰਡਲ ‘ਚ ਮੰਤਰੀਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਦਕਿ ਹਾਲੇ ਵੀ ਦੋ ਕੁਰਸੀਆਂ ਖਾਲੀ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਅਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਅਤੇ ਪਾਰਲੀਮਾਨੀ ਮਾਮਲਿਆਂ ਬਾਰੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਭਾਗਾਂ ਵਿੱਚ ਵਾਧਾ ਕਰਦਿਆਂ ਜਲ ਸਰੋਤ, ਮਾਈਨਿੰਗ, ਵਿਗਿਆਨ, ਤਕਨੀਕ ਤੇ ਵਾਤਾਵਰਨ, ਖੇਡਾਂ ਤੇ ਯੂਥ ਭਲਾਈ ਦੇ ਨਾਲ ਉਨ੍ਹਾਂ ਨੂੰ ਭੂਮੀ ਤੇ ਜਲ ਸੰਭਾਲ ਵਿਭਾਗ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ।
ਦੂਜੇ ਪਾਸੇ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਐੱਨਆਰਈ ਮਾਮਲੇ ਤੇ ਪ੍ਰਬੰਧਕੀ ਸੁਧਾਰ ਵਿਭਾਗ ਦੇ ਕੇ ਉਨ੍ਹਾਂ ਕੋਲੋਂ ਖੇਤੀਬਾੜੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਾਪਸ ਲੈ ਲਏ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਦੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਕੋਲੋਂ ਪਸ਼ੂ ਪਾਲਣ, ਮੱਛੀ ਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਲਏ ਹਨ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ 16 ਮਾਰਚ 2022 ਨੂੰ ਖਟਕੜ ਕਲਾਂ ਵਿੱਚ ਸਹੁੰ ਚੁੱਕੀ। ਉਸ ਮਗਰੋਂ 19 ਮਾਰਚ 2022 ਨੂੰ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡਾ. ਵਿਜੈ ਸਿੰਗਲਾ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਤੇ ਹਰਜੋਤ ਸਿੰਘ ਬੈਂਸ ਨੂੰ ਸ਼ਾਮਲ ਕਰਕੇ ਮੰਤਰੀ ਮੰਡਲ ਸਥਾਪਤ ਕੀਤਾ। ਇਸ ਤੋਂ ਬਾਅਦ 4 ਜੁਲਾਈ 2022 ਨੂੰ ਕੈਬਨਿਟ ਵਿੱਚ ਪਹਿਲਾ ਵਾਧਾ ਕਰਦਿਆਂ ਡਾ. ਇੰਦਰਬੀਰ ਨਿੱਜਰ, ਅਮਨ ਅਰੋੜਾ, ਚੇਤਨ ਜੌੜੇਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਪਾਰਟੀ ਨੇ ਸਿਹਤ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਡਾ. ਵਿਜੈ ਸਿੰਗਲਾ ਨੂੰ ਕੈਬਨਿਟ ‘ਚੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ 7 ਜਨਵਰੀ 2023 ਨੂੰ ਫੌਜਾ ਸਿੰਘ ਸਰਾਰੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ ਡਾ. ਬਲਬੀਰ ਸਿੰਘ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਦਿਆਂ ਦੂਜਾ ਵਾਧਾ ਹੋਇਆ।
ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਕੈਬਨਿਟ ਤੋਂ ਅਸਤੀਫ਼ਾ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਇਕ ਵੱਡਾ ਸਿਆਸੀ ਧਮਾਕਾ ਕਰਦਿਆਂ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਡਾ. ਨਿੱਜਰ, ਜੋ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਵਿਧਾਇਕ ਹਨ, ਜੁਲਾਈ 2022 ਦੌਰਾਨ ਮੰਤਰੀ ਬਣੇ ਸਨ ਅਤੇ ਇਮਾਨਦਾਰ ਤੇ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਹਨ। ਉਹ ਚੀਫ਼ ਖ਼ਾਲਸਾ ਦੀਵਾਨ ਦੇ ਵੀ ਮੁਖੀ ਹਨ।
ਕੁਲਦੀਪ ਧਾਲੀਵਾਲ ਦਾ ਸਿਆਸੀ ਕੱਦ ਘਟਾਇਆ
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਵਿਚ ਵਿਸਥਾਰ ਦੇ ਨਾਲ ਹੀ ਫੇਰਬਦਲ ਵੀ ਕੀਤਾ ਹੈ। ਕੁਲਦੀਪ ਸਿੰਘ ਧਾਲੀਵਾਲ ਤੋਂ ਜਿੱਥੇ ਦੋ ਮਹਿਕਮੇ ਵਾਪਸ ਲੈ ਕੇ ਉਨ੍ਹਾਂ ਦਾ ਸਿਆਸੀ ਕੱਦ ਘਟਾ ਦਿੱਤਾ ਗਿਆ ਹੈ, ਉਥੇ ਹੀ ਦੋ ਨਵੇਂ ਬਣੇ ਮੰਤਰੀਆਂ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਚੰਗੀ ਕਾਰਗੁਜ਼ਾਰੀ ਦਾ ਇਨਾਮ ਦਿੱਤਾ ਗਿਆ ਹੈ। ਚੌਥੀ ਵਾਰ ਕੀਤੇ ਗਏ ਮੰਤਰੀ ਮੰਡਲ ਦੇ ਵਿਸਥਾਰ ਤੇ ਫੇਰਬਦਲ ਵਿਚ ਕੁਲਦੀਪ ਸਿੰਘ ਧਾਲੀਵਾਲ ਤੋਂ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਵਰਗਾ ਅਹਿਮ ਵਿਭਾਗ ਵਾਪਸ ਲੈ ਲਿਆ ਗਿਆ। ਖੇਤੀਬਾੜੀ ਵਿਭਾਗ ਹੁਣ ਨਵੇਂ ਬਣਾਏ ਗਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਗਿਆ ਹੈ। ਜਦਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਗਿਆ ਹੈ। ਖੁੱਡੀਆਂ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਵਿਭਾਗ ਵੀ ਦੇਖਣਗੇ। ਜਦਕਿ ਧਾਲੀਵਾਲ ਨੂੰ ਉਨ੍ਹਾਂ ਦੇ ਪੁਰਾਣੇ ਐਨਆਰਆਈ ਵਿਭਾਗ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਪ੍ਰਸ਼ਾਸਨਿਕ ਸੁਧਾਰ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਕੋਲ ਸੀ। ‘ਆਪ’ ਸਰਕਾਰ ਵੱਲੋਂ ਡਾ. ਇੰਦਰਬੀਰ ਸਿੰਘ ਨਿੱਜਰ ਦੀ ਵਜ਼ਾਰਤ ‘ਚੋਂ ਛੁੱਟੀ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਅਹਿਮ ਖੇਤੀ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਾਪਸ ਲਏ ਜਾਣ ਦਾ ਭੇਤ ਬਣ ਗਿਆ ਹੈ। ਜਿਸ ਤਰ੍ਹਾਂ ਸਰਕਾਰ ਨੇ ਇੱਕ ਮਜ਼ਬੂਤ ਮੰਤਰੀ ਧਾਲੀਵਾਲ ਦਾ ਸਿਆਸੀ ਕੱਦ ਛੋਟਾ ਕੀਤਾ ਹੈ, ਉਸ ਤੋਂ ਸਿਆਸੀ ਹਲਕੇ ਵੀ ਹੈਰਾਨ ਹਨ। ਕੁਲਦੀਪ ਸਿੰਘ ਧਾਲੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਮਝੇ ਜਾਂਦੇ ਹਨ ਅਤੇ ਸਿਆਸਤ ਤੋਂ ਪਹਿਲਾਂ ਦੀ ਉਨ੍ਹਾਂ ਦੀ ਭਗਵੰਤ ਮਾਨ ਨਾਲ ਸਾਂਝ ਰਹੀ ਹੈ। ਉਨ੍ਹਾਂ ਨੇ ਆਪਣੀ ਵਿਦੇਸ਼ੀ ਨਾਗਰਿਕਤਾ ਵੀ ਛੱਡ ਦਿੱਤੀ ਸੀ। ਕਰੀਬ ਸਵਾ ਸਾਲ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਵਿੱਢੀ ਅਤੇ ਸਰਕਾਰ ਨੇ ਇਸ ਪ੍ਰਾਪਤੀ ‘ਤੇ ਮਾਣ ਵੀ ਕੀਤਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …