ਕੰਸਰਵੇਟਿਵ ਪਾਰਟੀ ਸੱਤਾ ‘ਤੇ ਮੁੜ ਕਾਬਜ਼
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕੱਚੇ ਤੇਲ ਤੇ ਖਣਿਜਾਂ ਨਾਲ ਭਰਪੂਰ ਸੂਬੇ ਅਲਬਰਟਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਨਾਈਟਿਡ ਕੰਸਰਵੇਟਿਵ ਪਾਰਟੀ (ਯੂਸੀਪੀ) ਮੁੜ ਸੱਤਾ ‘ਤੇ ਕਾਬਜ਼ ਹੋ ਗਈ ਹੈ। ਹਾਲਾਂਕਿ, ਯੂਸੀਪੀ ਪ੍ਰਧਾਨ ਬੀਬੀ ਡੇਨੀਅਲ ਸਮਿੱਥ ਦੀ ਅਗਵਾਈ ਹੇਠ ਪਾਰਟੀ ਆਪਣੇ ਪਿਛਲੇ (2019) ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ। ਉਸ ਨੂੰ 87 ਮੈਂਬਰੀ ਵਿਧਾਨ ਸਭਾ ਵਿੱਚ 49 ਸੀਟਾਂ ਮਿਲੀਆਂ। ਉਧਰ, ਵਿਰੋਧੀ ਪਾਰਟੀ ਐੱਨਡੀਪੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ ਇਸ ਵਾਰ 38 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦੋਂਕਿ ਪਿਛਲੀ ਵਾਰ 24 ਸੀਟਾਂ ਹੀ ਮਿਲੀਆਂ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਮੁੱਖ ਮੰਤਰੀ ਜੇਸਨ ਕੈਨੀ ਦੇ ਅਸਤੀਫਾ ਦੇਣ ਅਤੇ ਸਿਆਸਤ ਤੋਂ ਸੰਨਿਆਸ ਲਏ ਜਾਣ ਮਗਰੋਂ ਡੇਨੀਅਲ ਸਮਿੱਥ ਮੁੱਖ ਮੰਤਰੀ ਬਣੀ ਸੀ।
ਉੱਧਰ, ਸਾਬਕਾ ਮੁੱਖ ਮੰਤਰੀ ਤੇ ਐੱਨਡੀਪੀ ਦੀ ਪ੍ਰਧਾਨ ਬੀਬੀ ਰੈਚਲ ਨੋਟਲੀ ਨੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਯੂਸੀਪੀ ਦੀ ਦਹਾਕਿਆਂ ਪੁਰਾਣੀ ਪਕੜ ਤੋੜ ਕੇ ਸੱਤਾ ਸੰਭਾਲੀ ਸੀ। ਹਾਲਾਂਕਿ ਤੇਲ ਪਦਾਰਥਾਂ ਦੇ ਮੰਦਵਾੜੇ ਅੱਗੇ ਆਰਥਿਕਤਾ ਨੂੰ ਸਥਿਰ ਨਾ ਰੱਖ ਸਕਣ ਕਾਰਨ ਸਾਲ 2019 ਦੀਆਂ ਚੋਣਾਂ ਵਿੱਚ ਉਸਦੀ ਪਾਰਟੀ 24 ਸੀਟਾਂ ‘ਤੇ ਸਿਮਟ ਗਈ ਸੀ, ਜਦੋਂਕਿ ਯੂਸੀਪੀ ਨੂੰ 63 ਸੀਟਾਂ ਮਿਲੀਆਂ ਸਨ।
ਉਸ ਸਮੇਂ ਸੰਘੀ ਸਰਕਾਰ ‘ਚ ਅਹਿਮ ਅਹੁਦਿਆਂ ‘ਤੇ ਰਹੇ ਜੇਸਨ ਕੇਨੀ ਮੁੱਖ ਮੰਤਰੀ ਬਣੇ ਸਨ। ਚੋਣਾਂ ਜਿੱਤਣ ਮਗਰੋਂ ਬੀਬੀ ਸਮਿੱਥ ਨੇ ਵੋਟਰਾਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਲੋਕ ਭਲਾਈ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਪੰਜਾਬੀ ਮੂਲ ਦੇ 4 ਉਮੀਦਵਾਰ ਜਿੱਤੇ
ਟੋਰਾਂਟੋ : ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਮੂਲ ਦੇ 4 ਉਮੀਦਵਾਰ ਚੋਣ ਜਿੱਤ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿਚ ਕੁੱਲ 15 ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿਚੋਂ 4 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਯੂਨਾਈਟਿਡ ਕੰਸਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਵੈਸਟ ਤੋਂ ਜਿੱਤ ਹਾਸਲ ਕੀਤੀ ਹੈ। ਸਾਹਨੀ ਨੇ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਨੇ ਮਾਈਕਲ ਲਿਸਬੋਆ ਸਮਿਥ ਨੂੰ ਹਰਾਇਆ ਹੈ। ਮੌਜੂਦਾ ਐਨਡੀਪੀ ਵਿਧਾਇਕ ਜਸਬੀਰ ਦਿਓਲ ਫਿਰ ਤੋਂ ਐਡਮਿੰਟਨ ਮੀਡੋਜ਼ ਤੋਂ ਜਿੱਤਣ ਵਿਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ ਹੈ। ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਫਾਲਕਨਰਿਜ ਤੋਂ ਯੂਸੀਪੀ ਦੇ ਮੌਜੂਦਾ ਵਿਧਾਇਕ ਦੇਵਿੰਦਰ ਤੂਰ ਨੂੰ ਹਰਾਇਆ ਹੈ। ਕੈਲਗਰੀ ਨਾਰਥ ਈਸਟ ਵਿਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ। ਕੈਲਗਰੀ ਨਾਰਥ ਵੈਸਟ ਤੋਂ ਜਿੱਤਣ ਵਾਲੇ ਰਾਜਨ ਸਾਹਨੀ ਵਰਤਮਾਨ ਸਮੇਂ ਵੀ ਰਾਜ ਮੰਤਰੀ ਹਨ। ਚੋਣ ਲੜਨ ਵਾਲਿਆਂ ਵਿਚ ਜਸਵੀਰ ਦੇਵ, ਰਮਨ ਅਠਵਾਲ ਐਡਮੋਂਟਨ ਮਿਲ ਵੂਡਸ ਅਤੇ ਅੰਮ੍ਰਿਤਪਾਲ ਸਿੰਘ ਮਠਾਰੂ ਐਡਮੋਂਟਨ ਮੀਡੋਜ, ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਭੁੱਲਰ ਮੈਕੱਲ, ਆਰ. ਸਿੰਘ ਬਾਠ ਐਡਮੋਂਟਨ ਐਲਸਰਲੀ, ਇੰਦਰ ਗਰੇਵਾਲ ਕੈਲਗਰੀ ਨਾਰਥ ਈਸਟ ਸ਼ਾਮਲ ਹਨ, ਜਦਕਿ ਐਨਡੀਪੀ ਉਮੀਦਵਾਰਾਂ ਵਿਚ ਪਰਮੀਤ ਸਿੰਘ ਕੈਲਗਰੀ ਫਾਲਕਨਰਿਜ, ਹੈਰੀ ਸਿੰਘ ਡ੍ਰੇਟਨ ਵੈਲੀ ਡੇਵੋਨ ਸ਼ਾਮਲ ਹਨ। ਗੁਰਿੰਦਰ ਸਿੰਘ ਗਿੱਲ ਕੈਲਗਰੀ ਕਰੌਸ ਅਤੇ ਗੁਰਿੰਦਰ ਬਰਾੜ ਕੈਲਗਰੀ ਨਾਰਥ ਈਸਟ ਨੇ ਚੋਣ ਲੜੀ ਸੀ।
ਹਰ ਜਗ੍ਹਾ ਪੰਜਾਬੀਆਂ ਦਾ ਦਬਦਬਾ : 2021 ਦੀ ਜਨਗਣਨਾ ਦੇ ਅਨੁਸਾਰ, ਕੈਨੇਡਾ ਦੇ ਅੱਧੇ ਤੋਂ ਜ਼ਿਆਦਾ ਸਿੱਖ ਚਾਰ ਸ਼ਹਿਰਾਂ ਵਿਚ ਹਨ, ਬਰੈਂਪਟਨ (1,63,260), ਸਰੀ (1,54,415), ਕੈਲਗਰੀ (49,465) ਅਤੇ ਐਡਮਿੰਟਨ ਵਿਚ (41,385)। ਕੈਨੇਡਾ ਵਿਚ ਸਿੱਖਾਂ ਦੀ ਅਹਿਮੀਅਤ ਏਨੀ ਜ਼ਿਆਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਸਿੱਖਾਂ ਦੀ ਅਗਵਾਈ ਵਾਲੀ ਐਨਡੀਪੀ ਦੇ ਸਹਿਯੋਗ ਨਾਲ ਚੱਲ ਰਹੀ ਹੈ। ਕੁਝ ਸਾਲ ਪਹਿਲਾਂ ਜਗਮੀਤ ਸਿੰਘ ਨੂੰ ਇਸਦਾ ਪ੍ਰਧਾਨ ਚੁਣਿਆ ਗਿਆ ਸੀ। ਪੰਜਾਬੀ ਮੂਲ ਦੇ ਵਿਅਕਤੀਆਂ ਦਾ ਕੈਨੇਡਾ ਦੀ ਰਾਜਨੀਤੀ ਵਿਚ ਦਬਦਬਾ ਵਧਦਾ ਹੀ ਜਾ ਰਿਹਾ ਹੈ। ਇਕੱਲੀ ਰਾਜਨੀਤੀ ਹੀ ਨਹੀਂ ਬਲਕਿ ਕਾਰੋਬਾਰ ਤੋਂ ਲੈ ਕੇ ਟਰਾਂਸਪੋਰਟ ਤੱਕ ਪੰਜਾਬੀ ਮੂਲ ਦੇ ਲੋਕਾਂ ਦਾ ਦਬਦਬਾ ਵਧਦਾ ਹੀ ਜਾ ਰਿਹਾ ਹੈ। ਐਨਡੀਪੀ ਦਾ ਪ੍ਰਧਾਨ ਬਣਨ ਲਈ ਜਗਮੀਤ ਸਿੰਘ ਨੇ ਮਈ 2017 ਵਿਚ ਹੀ ਆਪਣਾ ਅਭਿਆਨ ਸ਼ੁਰੂ ਕਰ ਦਿੱਤਾ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …