ਅਬੋਹਰ ਦੇ ਪੁੱਤਰ ਗੁਰਿੰਦਰ ਨੇ ਕੈਨੇਡਾ ‘ਚ ਸਿਰਜਿਆ ਇਤਿਹਾਸ
ਅਬੋਹਰ/ਬਿਊਰੋ ਨਿਊਜ਼
ਸੁੰਦਰ ਨਗਰੀ ਨਿਵਾਸੀ ਗੁਰਿੰਦਰ ਸਿੰਘ ਨੇ ਆਪਣੇ ਗੁਣਾਂ ਦੇ ਅਧਾਰ ‘ਤੇ ਮਹਿਜ਼ 20 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਇਤਿਹਾਸ ਰਚ ਦਿੱਤਾ ਹੈ। ਗੁਰਿੰਦਰ ਨੇ ਲੰਗਾਰਾ ਕਾਲਜ, ਵੈਨਕੂਵਰ ਦੇ ਥੀਏਟਰ ਵਿਭਾਗ ਵਿਚ ਸਖਤ ਮੁਕਾਬਲੇ ਤੋਂ ਬਾਅਦ ਦਾਖਲ ਹਾਸਲ ਕਰਕੇ ਬਾਜ਼ੀ ਮਾਰੀ ਹੈ। ਸਟੂਡੀਓ-58 ਦੀ ਕਲਾ ਨਿਰਦੇਸ਼ਿਕਾ ਕੈਥਰੀਨ ਸ਼ਾਅ ਦਾ ਕਹਿਣਾ ਹੈ ਕਿ ਗੁਰਿੰਦਰ ਇਸ ਕਾਲਜ ਦੇ 51 ਸਾਲ ਦੇ ਇਤਿਹਾਸ ਵਿਚ ਆਡੀਸ਼ਨ ਦੇ ਅਧਾਰ ‘ਤੇ ਦਾਖਲਾ ਪਾਉਣ ਵਾਲਾ ਪਹਿਲਾ ਭਾਰਤੀ ਹੈ। ਪੰਜਾਬ ਐਂਡ ਸਿੰਧ ਬੈਂਕ ਨਵੀਂ ਮੰਤਰੀ ਸ਼ਾਖਾ ਦੇ ਪ੍ਰਬੰਧਕ ਐਸਪੀ ਸਿੰਘ ਦੇ ਬੇਟੇ ਗੁਰਿੰਦਰ ਸਿੰਘ ਨੇ ਆਪਣੀ ਇਸ ਉਪਲਬਧੀ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਥਾਨਕ ਕਾਨਵੈਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਮੈਟ੍ਰਿਕ ਦੀ ਪੜ੍ਹਾਈ ਲਈ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੂੰ ਚੁਣਿਆ। ਉਸ ਤੋਂ ਬਾਅਦ ਡੀਏਵੀ ਕਾਲਜ ਅਬੋਹਰ ਤੋਂ ਸੀਨੀਅਰ ਸੈਕੰਡਰੀ ਪਾਸ ਕੀਤੀ। ਇਸ ਤੋਂ ਬਾਅਦ ਉਚ ਸਿੱਖਿਆ ਲਈ ਉਸ ਨੂੰ ਕੈਨੇਡਾ ਭੇਜਿਆ ਗਿਆ, ਜਿੱਥੇ ਮੈਡੀਕਲ ਡਿਗਰੀ ਲਈ ਦੋ ਸਮੈਸਟਰ ਤੱਕ ਪੜ੍ਹਾਈ ਕੀਤੀ। ਗੁਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਰੰਗਮੰਚ ਨਾਲ ਪਿਆਰ ਸੀ ਅਤੇ ਇਸੇ ਨੇ ਉਸ ਨੂੰ ਲੰਗਾਰਾ ਕਾਲਜ ਦੇ ਸਟੂਡੀਓ-58 ਵਿਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ।
400 ਵਿਦਿਆਰਥੀਆਂ ਨੇ ਦਿੱਤਾ ਆਡੀਸ਼ਨ
ਲੰਗਾਰਾ ਕਾਲਜ ਦੇ ਸਟੂਡੀਓ-58 ‘ਚ ਬੈਚਲਰ ਆਫ ਪਰਫਾਰਮਿੰਗ ਆਰਟਸ ਦੇ ਤਿੰਨ ਸਾਲਾ ਕੋਰਸ ਵਿਚ ਦਾਖਲੇ ਲਈ ਦੁਨੀਆ ਭਰ ਦੇ 400 ਵਿਅਕਤੀਆਂ ਨੇ ਆਡੀਸ਼ਨ ਦਿੱਤਾ। ਇਨ੍ਹਾਂ ਵਿਚੋਂ ਕੇਵਲ 15 ਵਿਦਿਆਰਥੀਆਂ ਦੀ ਚੋਣ ਕੀਤੀ ਜਾਣੀ ਸੀ। ਇਸ ਟੈਸਟ ‘ਚ ਗੁਰਿੰਦਰ ਸਿੰਘ ਨੇ ਪਹਿਲੇ ਅੰਤਰ ਰਾਸ਼ਟਰੀ ਗੈਰ ਪਰਵਾਸੀ ਵਿਦਿਆਰਥੀ ਦੇ ਤੌਰ ‘ਤੇ ਸਫਲਤਾ ਹਾਸਲ ਕੀਤੀ ਹੈ। ਗੁਰਿੰਦਰ ਨੇ ਦੱਸਿਆ ਕਿ ਉਹ ਥੀਏਟਰ ਵਿਚ ਨਿਪੁੰਨਤਾ ਹਾਸਲ ਕਰਨ ਤੋਂ ਬਾਅਦ ਅੱਠ ਮਹੀਨੇ ਦਾ ਫਿਲਮ ਨਿਰਮਾਣ ਕੋਰਸ ਕਰੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …