ਬਰੈਂਪਟਨ/ਬਿਊਰੋ ਨਿਊਜ਼ : ਅੱਜਕੱਲ੍ਹ ਬੱਚਿਆਂ ਦੀ ਪ੍ਰਵਰਿਸ਼ ਬਹੁਤ ਮਹਿੰਗੀ ਹੈ ਅਤੇ ਮਾਪਿਆਂ ਲਈ ਇਹ ਬਰਦਾਸ਼ਤ ਕਰਨੀ ਕਾਫ਼ੀ ਮੁਸ਼ਕਿਲ ਹੈ। ਖ਼ਾਸ ਤੌਰ ‘ਤੇ ਮਾਵਾਂ ਦੇ ਲਈ ਆਪਣੇ ਕਰੀਅਰ ਅਤੇ ਬੱਚਿਆਂ ਦੀਆਂ ਫ਼ੀਸਾਂ ਭਰਨ ਦਰਮਿਆਨ ਚੋਣ ਕਰਨ ਦੀ ਨੌਬਤ ਆ ਜਾਂਦੀ ਹੈ। ਪਰ ਇਹ ਇੰਜ ਹੋਣਾ ਨਹੀਂ ਚਾਹੀਦਾ। ਏਸੇ ਲਈ ਕੈਨੇਡਾ ਸਰਕਾਰ ਪਰਿਵਾਰਾਂ ਦੇ ਖ਼ਰਚੇ ਘਟਾਉਣ ਬਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ ਤਾਂ ਜੋ ਹਰੇਕ ਬੱਚਾ ਆਪਣੇ ਜੀਵਨ ਦੀ ਵਧੀਆ ਸ਼ੁਰੂਆਤ ਕਰ ਸਕੇ।
ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮਨਿਸਟਰ ਮਾਣਯੋਗ ਜੇਨਾ ਸੱਡਜ਼ ਵੱਲੋਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਅੱਜ ਦੱਸਿਆ ਕਿ ਸਾਰੇ ਪ੍ਰੋਵਿੰਸ ਤੇ ਟੈਰੀਟਰੀਆਂ ਰੈਗੂਲੇਟਿਡ ਚਾਈਲਡ ਕੇਅਰ ਵਜੋਂ ਬੱਚਿਆਂ ਨੂੰ ਰੋਜ਼ਾਨਾ 10 ਡਾਲਰ ਦੇ ਹਿਸਾਬ ਨਾਲ ਖ਼ਰਚਾ ਦੇ ਰਹੇ ਹਨ ਜਾਂ ਇਹ ਦੇਣ ਲਈ ਲੋੜੀਂਦੀ ਕਾਰਵਾਈ ਕਰ ਰਹੇ ਹਨ।
ਕੈਨੇਡਾ-ਭਰ ਵਿਚ 750,000 ਬੱਚੇ ਪਹਿਲਾਂ ਹੀ ਕਿਫ਼ਾਇਤੀ ਉੱਚ-ਪੱਧਰ ਦੀ ਚਾਈਲਡ ਕੇਅਰ ਦਾ ਲਾਭ ਉਠਾ ਰਹੇ ਹਨ ਅਤੇ ਕਈ ਪਰਿਵਾਰ ਤਾਂ ਇਸ ਨਾਲ 14,300 ਡਾਲਰ ਸਲਾਨਾ ਪ੍ਰਤੀ ਬੱਚਾ ਤੱਕ ਦੀ ਬੱਚਤ ਕਰ ਰਹੇ ਹਨ। ਦੇਸ਼ ਵਿਚ ਇਸ ਸਾਲ 100,000 ਨਵੇਂ ਬੱਚੇ ਇਸ ਯੋਜਨਾ ਵਿਚ ਸ਼ਾਮਲ ਕੀਤੇ ਗਏ ਹਨ ਅਤੇ 2026 ਤੱਕ 250,000 ਹੋਰ ਬੱਚੇ ਇਸ ਯੋਜਨਾ ਅਧੀਨ ਆ ਜਾਣਗੇ। ਇਸ ਦਿਸ਼ਾ ਵਿਚ ਇਹ ਵਾਧਾ ਇਸ ਸਾਲ ਦੇ ਬੱਜਟ 2021 ਤੋਂ ਲਗਾਤਾਰ 27 ਬਿਲੀਅਨ ਡਾਲਰ ਇਸ ਮੱਦ ਵਿਚ ਰੱਖੇ ਜਾਣ ਨਾਲ ਸੰਭਵ ਹੋ ਸਕਿਆ ਹੈ ਅਤੇ ਇਸ ਨਾਲ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਸੰਭਾਲ ਕਰਨਾ ਅਸਾਨ ਹੋਇਆ ਹੈ। ਇਸ ਨਾਲ ਪੰਜ ਸਾਲ ਤੱਕ ਦੇ ਬੱਚਿਆਂ ਦੀਆਂ 25 ਤੋਂ 54 ਸਾਲਾਂ ਦੀਆਂ ਮਾਵਾਂ ਦੀ ਲੇਬਰ ਫੋਰਸ ਵਿਚ ਸ਼ਮੂਲੀਅਤ ਵਿਚ 79.7% ਵਾਧਾ ਹੋਇਆ ਹੈ ਜੋ ਆਪਣੇ ਆਪ ਵਿਚ ਇੱਕ ਰਿਕਾਰਡ ਹੈ। ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਪਰਿਵਾਰ ਬੱਚਿਆਂ ਦੀ ਪ੍ਰਵਰਿਸ਼ ਵਿਚ ਹਰ ਸਾਲ ਹਜ਼ਾਰਾਂ ਡਾਲਰਾਂ ਦੀ ਬੱਚਤ ਕਰ ਰਹੇ ਹਨ। ਉਹ ਆਪਣੀ ਆਮਦਨ ਵਿਚ ਵਾਧਾ ਕਰ ਰਹੇ ਹਨ ਅਤੇ ਦੇਸ਼ ਦੇ ਅਰਥਚਾਰੇ ਵਿਚ ਯੋਗਦਾਨ ਪਾ ਰਹੇ ਹਨ। ਬਜਟ 2024 ਵਿਚ ਸਰਕਾਰ ਨੇ ਹਰੇਕ ਪੀੜ੍ਹੀ ਲਈ ਕੈਨੇਡਾ ਨੂੰ ਬੇਹਤਰ ਬਨਾਉਣ ਲਈ ਲੋੜੀਂਦੇ ਯਤਨ ਕੀਤੇ ਹਨ। ਸਰਕਾਰ ਲੋਕਾਂ ਲਈ ਨਵੇਂ ਘਰ ਬਣਾਣ ਲਈ ਮਦਦ ਕਰ ਰਹੀ ਹੈ। ਉਹ ਪਬਲਿਕ ਹੈੱਲਥ ਤੇ ਚਾਈਲਡ ਕੇਅਰ ਵਿਚ ਹੋਰ ਵਾਧਾ ਕਰ ਰਹੀ ਹੈ, ਜੀਵਨ ਨੂੰ ਕਿਫ਼ਾਇਤੀ ਬਣਾ ਰਹੀ ਹੈ ਅਤੇ ਅਰਥਚਾਰੇ ਨੂੰ ਮਜ਼ਬੂਤ ਕਰ ਰਹੀ ਹੈ। ਉਸ ਦੇ ਵੱਲੋਂ ਮਿਡਲ ਕਲਾਸ ਦੇ ਜੀਵਨ-ਪੱਧਰ ਨੂੰ ਉਚੇਰਾ ਕਰਨ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾਣਯੋਗ ਮੰਤਰੀ ਜੇਨਾ ਸੱਡਜ਼ ਨੇ ਕਿਹਾ,”ਕਮਿਊਨਿਟੀਆਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਬਾਰੇ ਮੈਂ ਦੇਸ਼-ਭਰ ਵਿਚੋਂ ਵੱਖ-ਵੱਖ ਪਰਿਵਾਰਾਂ ਨਾਲ ਵਿਚਾਰ-ਵਟਾਂਦਰਹ ਕੀਤਾ ਹੈ ਅਤੇ ਹਜ਼ਾਰਾਂ ਮਾਵਾਂ ਦਾ ਇਹ ਖ਼ਿਆਲ ਹੈ ਕਿ ਉਹ ਕੰਮ ਕਰਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਦੀਆਂ ਹਨ। ਅਸੀਂ ਇਸ ਵਿਚਾਰ ਨੂੰ ਅਸਲੀਅਤ ਵਿਚ ਬਦਲ ਕੇ ਸੰਭਵ ਕਰਨ ਲਈ ਦ੍ਰਿੜ੍ਹ ਹਾਂ ਅਤੇ ਇਸ ਦੇ ਲਈ ਭਾਰੀ ਪੂੰਜੀ ਨਿਵੇਸ਼ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਧੀਆਂ-ਪੁੱਤਰਾਂ ਨੂੰ ਬੇਹਤਰ ਚਾਈਲਡ ਕੇਅਰ ਸਿਸਟਮ ਮਿਲੇ।” ਐੱਮ.ਪੀ ਸੋਨੀਆ ਸਿੱਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ, ”ਹਰੇਕ ਪਰਿਵਾਰ ਉਹ ਭਾਵੇਂ ਜਿੱਥੇ ਵੀ ਰਹਿੰਦਾ ਹੋਵੇ, ਦੇ ਲਈ ਉੱਚ-ਪੱਧਰੀ ਕਿਫ਼ਾਇਤੀ ਚਾਈਲਡ ਕੇਅਰ ਸਿਸਟਮ ਤੱਕ ਪਹੁੰਚ ਹੋਣੀ ਚਾਹੀਦੀ ਹੈ। ਏਸੇ ਲਈ ਸਰਕਾਰ ਹਰੇਕ ਬੱਚੇ ਲਈ 10 ਡਾਲਰ ਰੋਜ਼ਾਨਾ ਚਾਈਲਡ ਕੇਅਰ ਪਹੁੰਚਾਉਣਾ ਯਕੀਨੀ ਬਣਾ ਰਹੀ ਹੈ। ਇਸ ਨਾਲ ਪਰਿਵਾਰਾਂ ਦੇ ਹਜ਼ਾਰਾਂ ਡਾਲਰ ਬਚਣਗੇ ਅਤੇ ਉਹ ਕੰਮਾਂ ‘ਤੇ ਜਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਣਗੇ।”
Home / ਹਫ਼ਤਾਵਾਰੀ ਫੇਰੀ / ਪਰਿਵਾਰਾਂ ਲਈ ਬੱਚਿਆਂ ਦੀ ਮੁੱਢਲੀ ਪੜ੍ਹਾਈ ਤੇ ਪ੍ਰਵਰਿਸ਼ ਦੇ ਖ਼ਰਚੇ ਘਟਾਏ ਜਾ ਰਹੇ ਹਨ : ਸੋਨੀਆ ਸਿੱਧੂ
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …