ਐਨਡੀਪੀ ਨੇ ਲਿਬਰਲ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਕੀਤਾ ਸੀ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ 2015 ਤੋਂ ਚੱਲ ਰਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 2019 ਤੋਂ ਘੱਟ ਗਿਣਤੀ ਵਿਚ ਹੈ ਤੇ ਹੁਣ ਦੇਸ਼ ਭਰ ਵਿਚ ਉਨ੍ਹਾਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਪਿਆ ਹੈ। ਇਹ ਵੀ ਕਿ ਲੋਕਾਂ ਵਲੋਂ ਟਰੂਡੋ ਅਤੇ ਉਨ੍ਹਾਂ ਦੇ ਭਾਈਵਾਲ ਐਨ.ਡੀ.ਪੀ. ਆਗੂ ਜਗਮੀਤ ਸਿੰਘ ਪ੍ਰਤੀ ਆਪਣੇ ਗੁੱਸੇ ਅਤੇ ਇਤਰਾਜ਼ਾਂ ਦਾ ਪ੍ਰਗਟਾਵਾ ਜਗ੍ਹਾ-ਜਗ੍ਹਾ ਕੀਤਾ ਜਾਂਦਾ ਰਹਿੰਦਾ ਹੈ। ਇਸੇ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ, ਨਫਰਤ ਅਤੇ ਧੱਕੇਸ਼ਾਹੀ ਖਿਲਾਫ ਖੜ੍ਹਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਰਾਹਾਂ ਵਿਚ ਤੁਰਦੇ ਸਮੇਂ ਸੁਰੱਖਿਅਤ ਮਹਿਸੂਸ ਕਰ ਸਕੀਏ।
ਇਸੇ ਦੌਰਾਨ ਰਾਜਨੀਤਕ ਪਾਰਟੀਆਂ ਤੇ ਸੰਸਦ ਦੇ ਅੰਦਰ ਸਰਕਾਰ ਬਚਾਉਣ ਤੇ ਸਰਕਾਰ ਡੇਗਣ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਵਿਰੋਧੀ ਧਿਰ, ਕੰਸਰਵੇਟਿਵ ਪਾਰਟੀ ਵਲੋਂ ਅਗਲੇ ਹਫਤੇ 24 ਸਤੰਬਰ ਨੂੰ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਦਾ ਪ੍ਰਸਤਾਵ ਹੈ, ਜਿਸ ਉਪਰ ਵੋਟਾਂ 25 ਸਤੰਬਰ ਨੂੰ ਪੈਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸੰਸਦ ਦੇ ਕੈਲੰਡਰ ਵਿਚ ਅਗਲਾ ਸਾਰਾ ਹਫਤਾ ਵਿਰੋਧੀ ਦਾ ਹੋਵੇਗਾ, ਜਿਸ ਦੌਰਾਨ ਬੇਭਰੋਸਗੀ ਮਤਾ ਪੇਸ਼ ਕਰਨਾ ਸੰਭਵ ਹੈ।
ਬੀਤੇ ਮਾਰਚ ਮਹੀਨੇ ਵਿਚ ਪੇਸ਼ ਕੀਤਾ ਗਿਆ ਕੰਸਰਵੇਟਿਵ ਬੇਭਰੋਸਗੀ ਮਤਾ ਪਾਸ ਨਹੀਂ ਹੋ ਸਕਿਆ ਸੀ ਕਿਉਂਕਿ ਐਨ.ਡੀ.ਪੀ. ਤੇ ਬਲਾਕ ਕਿਊਬਕ ਦੇ ਸੰਸਦ ਮੈਂਬਰਾਂ ਨੇ ਲਿਬਰਲ ਸਰਕਾਰ ਦੇ ਹੱਕ ਵਿਚ ਵੋਟਾਂ ਪਾਈਆਂ ਸਨ।
ਜਗਮੀਤ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੈਨੇਡਾ ਦੇ ਲੋਕਾਂ ਦਾ ਟਰੂਡੋ ਸਰਕਾਰ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ ਤੇ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਲਾ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਸੀ। ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੁਆ ਬਲਾਂਚੇ ਨੇ ਕਿਹਾ ਕਿ ਉਹ ਸਰਕਾਰ ਡੇਗਣ ਦੇ ਰੌਂਅ ਵਿਚ ਨਹੀਂ ਹਨ, ਪਰ ਲਿਬਰਲ ਸਰਕਾਰ ਨੂੰ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਣ ਦੀ ਜ਼ਰੂਰਤ ਹੈ, ਜਿਸ ਵਿਚ ਉਨ੍ਹਾਂ ਵਲੋਂ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਵਿਚ 10 ਫੀਸਦੀ ਵਾਧਾ ਕਰਨ ਦੀ ਮੰਗ ਸ਼ਾਮਲ ਹੈ। ਜੇਕਰ ਐਨ.ਡੀ.ਪੀ. ਜਾਂ ਬਲਾਕ ਕਿਊਬਕ ਵਿਚੋਂ ਕਿਸੇ ਇਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਬੇਭਰੋਸਗੀ ਮਤੇ ਦੇ ਵਿਰੋਧ ਵਿਚ ਵੋਟਾਂ ਪਾਈਆਂ ਗਈਆਂ ਤਾਂ ਟਰੂਡੋ ਸਰਕਾਰ ਨੂੰ ਖਤਰਾ ਟਲ ਜਾਵੇਗਾ। ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ, ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁੱਲ 338 ਸੀਟਾਂ ਹਨ, ਜਿਨ੍ਹਾਂ ਵਿਚ 154 ਲਿਬਰਲ ਪਾਰਟੀ, 119 ਕੰਸਰਵੇਟਿਵ ਪਾਰਟੀ, 25 ਐਨ.ਡੀ.ਪੀ., 33 ਬਲਾਕ ਕਿਊਬਿਕ ਤੇ 2 ਸੀਟਾਂ ਗਰੀਨ ਪਾਰਟੀ ਕੋਲ ਹਨ। ਸਦਨ ਵਿਚ 3 ਸੀਟਾਂ ਆਜ਼ਾਦ ਸੰਸਦ ਮੈਂਬਰਾਂ ਕੋਲ ਹਨ ਤੇ 2 ਸੀਟਾਂ ਖਾਲੀ ਹਨ। ਇਕ ਪਾਰਟੀ ਦੀ ਬਹੁਸੰਮਤੀ ਲਈ 170 ਸੀਟਾਂ ਦੀ ਜ਼ਰੂਰਤ ਹੈ।
ਲਿਬਰਲ ਪਾਰਟੀ ਨੂੰ ਇਕ ਹੋਰ ਜ਼ਿਮਨੀ ਚੋਣ ‘ਚ ਹਾਰ : ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾਧਾਰੀ ਲਿਬਰਲਜ਼ ਨੂੰ ਇਕ ਹੋਰ ਜ਼ਿਮਨੀ ਚੋਣ ਵਿਚ ਮਿਲੀ ਹਾਰ ਮਗਰੋਂ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਅਗਲੇਰੇ ਕੰਮਾਂ ‘ਤੇ ਹੈ। ਉਂਝ ਜ਼ਿਮਨੀ ਚੋਣ ਵਿਚ ਹਾਰ ਨਾਲ ਅਗਲੀਆਂ ਸੰਘੀ ਚੋਣਾਂ ਵਿਚ ਪਾਰਟੀ ਦੀ ਅਗਵਾਈ ਨੂੰ ਲੈ ਕੇ ਟਰੂਡੋ ਦੀ ਸਮਰੱਥਾ ਉੱਤੇ ਸਵਾਲ ਉੱਠਣ ਲੱਗੇ ਹਨ। ਲਿਬਰਲਜ਼ ਨੂੰ ਹਾਲੀਆ ਮਹੀਨਿਆਂ ਦੌਰਾਨ ਦੂਜੀ ਵਾਰ ਆਪਣੇ ਪੁਰਾਣੇ ਗੜ੍ਹ ਮੌਂਟਰੀਅਲ ਵਿਚ ਨਿਊ ਡੈਮੋਕਰੈਟਿਕ ਪਾਰਟੀ ਨਾਲ ਨਜ਼ਦੀਕੀ ਤਿੰਨ ਧਿਰੀ ਮੁਕਾਬਲੇ ਵਿਚ ਹਾਰ ਨਸੀਬ ਹੋਈ ਹੈ। ਟਰੂਡੋ ਨੇ ਓਟਵਾ ਵਿਚ ਕਿਹਾ, ‘ਜੇ ਅਸੀਂ ਜਿੱਤ ਜਾਂਦੇ ਤਾਂ ਯਕੀਨੀ ਤੌਰ ‘ਤੇ ਵਧੀਆ ਹੁੰਦਾ ਪਰ ਹਾਲੇ ਬਹੁਤ ਕੰਮ ਪਏ ਹਨ। ਸਭ ਤੋਂ ਵੱਡੀ ਗੱਲ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡੀਅਨ ਇਸ ਗੱਲ ਨੂੰ ਸਮਝ ਸਕਣ ਕਿ ਉਨ੍ਹਾਂ ਅਗਲੀਆਂ ਚੋਣਾਂ ਵਿਚ ਕਿਸ ਦੀ ਚੋਣ ਕਰਨੀ ਹੈ। ਅਸੀਂ ਇਸ ਕੰਮ ਨੂੰ ਅੱਗੇ ਵੀ ਜਾਰੀ ਰੱਖਾਂਗੇ।’ ਚੋਣ ਕੈਨੇਡਾ ਵੱਲੋਂ ਐਲਾਨੇ ਨਤੀਜਿਆਂ ਵਿਚ ਬਲਾਕ ਉਮੀਦਵਾਰ ਲੂਇਸ ਫਿਲਿਪ ਸੌਵੇ 28 ਫੀਸਦ ਵੋਟਾਂ ਨਾਲ ਜੇਤੂ ਰਿਹਾ। ਲਿਬਰਲ ਉਮੀਦਵਾਰ ਲੌਰਾ ਪੈਲਸਟੀਨੀ ਨੂੰ 27.2 ਫੀਸਦ ਵੋਟਾਂ ਮਿਲੀਆਂ ਤੇ ਉਹ ਮਹਿਜ਼ 248 ਵੋਟਾਂ ਦੇ ਫਰਕ ਨਾਲ ਦੂਜੇ ਨੰਬਰ ‘ਤੇ ਰਹੀ।
ਕੈਨੇਡਾ ਸਰਕਾਰ ਨੇ ਨਵਾਂ ਘਰ ਖਰੀਦਣ ਵਾਲੇ ਪਹਿਲੇ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ
ਟੋਰਾਂਟੋ : ਕੈਨੇਡਾ ਸਰਕਾਰ ਨੇ ਮੋਰਟਗੇਜ ਸੰਬੰਧੀ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ ਦਿੱਤੀ ਹੈ। ਸਰਕਾਰ ਵੱਲੋਂ ਕੀਤੇ ਨਵੇਂ ਫੈਸਲੇ ਮੁਤਾਬਕ ਹੁਣ ਇੰਸ਼ਿਓਰਡ ਮਾਰਟਗੇਜ ‘ਤੇ 5 ਫੀਸਦੀ ਬਿਆਨਾ ਦੇ ਕੇ ਲੋਕ 1.5 ਮਿਲੀਅਨ ਡਾਲਰ ਤੱਕ ਦੇ ਮੁੱਲ ਦਾ ਘਰ ਲੈ ਸਕਣਗੇ। ਪਹਿਲਾਂ ਇਹ ਲਿਮਟ ਮਿਲੀਅਨ ਤੱਕ ਸੀ। ਦੱਸਣਯੋਗ ਹੈ ਕਿ 5 ਫੀਸਦੀ ਡਾਊਨ ਪੇਮੈਂਟ ਦੇਣ ਵਾਲੇ ਨੂੰ ਮੌਰਟਗੇਜ ‘ਤੇ ਇੰਸ਼ੋਰੈਂਸ ਲੈਣੀ ਪੈਂਦੀ ਹੈ।
ਇਸ ਸੰਬੰਧੀ ਡਿਪਟੀ ਪ੍ਰਾਈਮ ਮਨਿਸਟਰ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਨਵੇਂ ਖਰੀਦਦਾਰ ਵਿਸ਼ੇਸ਼ ਤੌਰ ‘ਤੇ ਪਹਿਲੀ ਉਮਰ ਦੇ ਖਰੀਦਦਾਰਾਂ ਨੂੰ ਘਰਾਂ ਦੀ ਕੀਮਤ ‘ਤੇ ਵਿਸ਼ੇਸ਼ ਰਿਆਇਤ ਦੇਣ ਜਾ ਰਹੇ ਹਨ ਜਿਨ੍ਹਾਂ ਕੋਲ 20 ਫੀਸਦੀ ਤੋਂ ਘੱਟ ਡਾਊਨ ਪੇਮੈਂਟ ਦੇਣ ਲਈ ਹੁੰਦੀ ਹੈ। ਜਿਵੇਂ ਪੰਜ ਫੀਸਦੀ ਡਾਊਨ ਪੇਮੈਂਟ ਦੇਣ ਵਾਲੇ ਖਰੀਦਦਾਰ ਨੂੰ ਪਹਿਲਾਂ ਕੇਵਲ ਇੱਕ ਮਿਲੀਅਨ ਦੇ ਘਰ ਤੱਕ ਹੀ ਮੌਰਟਗੇਜ ਇੰਸ਼ੋਰੈਂਸ ਮਿਲਦੀ ਸੀ, ਹੁਣ ਇਹ ਸੀਮਾਂ ਡੇਢ ਮਿਲੀਅਨ ਦੇ ਘਰ ਤੱਕ ਕਰ ਦਿੱਤੀ ਗਈ ਹੈ।
ਇਸਦੇ ਨਾਲ ਘੱਟ ਡਾਊਨ ਪੇਮੈਂਟ ‘ਤੇ ਘਰ ਖਰੀਦਣ ਵਾਲੇ ਪਹਿਲੀ ਵਾਰ ਦੇ ਖਰੀਦਦਾਰਾਂ ਨੂੰ ਹੁਣ 30 ਸਾਲ ਦੇ ਅਰਸੇ ਵਾਲੀ ਮੌਰਟਗੇਜ ਮਿਲ ਸਕੇਗੀ ਤਾਂ ਜੋ ਉਹ ਆਪਣੀਆਂ ਕਿਸ਼ਤਾਂ ਅਸਾਨੀ ਨਾਲ ਦੇ ਸਕਣ, ਬਸ਼ਰਤੇ ਉਹ ਨਵਾਂ ਘਰ ਖਰੀਦ ਰਹੇ ਹੋਣ। ਸਰਕਾਰ ਦੇ ਇਸ ਫੈਸਲੇ ਨਾਲ ਉਹ ਖਰੀਦਦਾਰ ਉਤਸ਼ਾਹਿਤ ਹੋ ਸਕਦੇ ਹਨ ਜਿਨ੍ਹਾਂ ਕੋਲ ਹਾਲੇ ਘਰ ਲੈਣ ਲਈ ਪੂਰਾ ਪੈਸਾ ਨਹੀਂ ਜੁੜ ਪਾਇਆ।