Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ‘ਤੇ ਵਧਾਈ ਸਖਤੀ

ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ‘ਤੇ ਵਧਾਈ ਸਖਤੀ

35% ਘੱਟ ਹੋਣਗੇ ਸਟੱਡੀ ਪਰਮਿਟ, ਕਰੀਬ 4.27 ਲੱਖ ਭਾਰਤੀ ਵਿਦਿਆਰਥੀਆਂ ‘ਤੇ ਪਏਗਾ ਅਸਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਦਿੱਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਇਹ ਕਦਮ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਉਠਾਇਆ ਗਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਇਸ ਫੈਸਲੇ ਸਬੰਧੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ 35% ਘੱਟ ਸਟੱਡੀ ਪਰਮਿਟ ਦਿੱਤੇ ਜਾਣਗੇ ਅਤੇ ਅਗਲੇ ਸਾਲ ਇਹ ਗਿਣਤੀ 10% ਹੋਰ ਘਟੇਗੀ। ਇਸ ਫੈਸਲੇ ਦਾ ਕਰੀਬ 4.27 ਲੱਖ ਭਾਰਤੀ ਵਿਦਿਆਰਥੀਆਂ ‘ਤੇ ਅਸਰ ਪੈ ਸਕਦਾ ਹੈ, ਜੋ ਮੌਜੂਦਾ ਸਮੇਂ ਵਿਚ ਇੱਥੇ ਪੜ੍ਹਾਈ ਕਰ ਰਹੇ ਹਨ ਜਾਂ ਭਵਿੱਖ ਵਿਚ ਪੜ੍ਹਾਈ ਦੇ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ।
ਕਿਫਾਇਤੀ ਹਾਊਸਿੰਗ ਅਤੇ ਜੀਵਨ ਪੱਧਰ ਦਾ ਸੰਕਟ : ਕੈਨੇਡਾ ਦੇ ਰਿਹਾਇਸ਼ੀ ਸੰਕਟ ਅਤੇ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਲਈ ਅੰਸ਼ਕ ਤੌਰ ‘ਤੇ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਸਰਕਾਰ ਦਾ ਮੰਨਣਾ ਹੈ ਕਿ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਫਾਇਦੇਮੰਦ ਹੈ, ਪਰ ਜਦੋਂ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਤਾਂ ਸਰਕਾਰ ਕਾਰਵਾਈ ਕਰਦੀ ਹੈ।
ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਵਿੱਚ ਕਮੀ : ਕੈਨੇਡਾ ਨੇ 2023 ਵਿੱਚ 5,09,390 ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦਿੱਤੀ ਸੀ ਅਤੇ 2024 ਦੇ ਪਹਿਲੇ ਸੱਤ ਮਹੀਨਿਆਂ ਵਿੱਚ 1,75,920 ਪਰਮਿਟ ਜਾਰੀ ਕੀਤੇ ਹਨ। ਸਰਕਾਰ ਦੀ ਯੋਜਨਾ ਦੇ ਤਹਿਤ ਇਹ ਸੰਖਿਆ 2025 ਤੱਕ ਘਟ ਕੇ 4,37,000 ਰਹਿ ਜਾਵੇਗੀ।
ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਅਗਲੇ ਸਾਲ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਜਨਤਾ ਦੀ ਰਾਏ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਨਵੇਂ ਨਿਯਮਾਂ ਦੀ ਸਮੀਖਿਆ ਕਰੇਗੀ ਕੈਨੇਡਾ ਸਰਕਾਰ : ਕੈਨੇਡਾ ਨੇ ਜਨਵਰੀ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਦੋ ਸਾਲ ਦੀ ਸੀਮਾ ਲਗਾਈ ਸੀ। ਹੁਣ, ਸਰਕਾਰ ਵੀਜ਼ਾ ਸਖ਼ਤੀ ਨੂੰ ਮਜ਼ਬੂਤ ਕਰਨ ਲਈ ਉਪਾਵਾਂ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਹਰ ਕੋਈ ਕੈਨੇਡਾ ਨਹੀਂ ਆ ਸਕਦਾ ਤੇ ਜਿਹੜੇ ਆਏ ਹਨ, ਉਨ੍ਹਾਂ ਵਿੱਚੋਂ ਵੀ ਹਰ ਕੋਈ ਇੱਥੇ ਨਹੀਂ ਰਹਿ ਸਕਦਾ। ਉਦੋਂ ਤੋਂ ਹੀ ਕੈਨੇਡਾ ਵਿਚ ਰਹਿ ਰਹੇ ਗੈਰ-ਪਰਵਾਸੀ ਭਾਰਤੀ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਚਿੰਤਾ ਵਧ ਗਈ ਹੈ।
ਕੈਨੇਡਾ ਵਿੱਚ 260% ਵਧੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ
ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਕੁੱਲ 13,35,878 ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ 4,27,000 ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ। ਪਿਛਲੇ ਕੁਝ ਸਾਲਾਂ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 260 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਕੈਨੇਡਾ ਦੇ ਇਸ ਕਦਮ ਨਾਲ ਭਾਰਤੀ ਵਿਦਿਆਰਥੀ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਦੀ ਚੋਣ ਕਰ ਸਕਦੇ ਹਨ।
ਵਿਦੇਸ਼ੀ ਕਾਮਿਆਂ ‘ਤੇ ਵੀ ਇਹ ਨਿਯਮ ਹੋਵੇਗਾ ਲਾਗੂ
ਕੈਨੇਡਾ ਸਰਕਾਰ ਦਾ ਇਹ ਫੈਸਲਾ ਸਿਰਫ਼ ਵਿਦਿਆਰਥੀਆਂ ‘ਤੇ ਹੀ ਨਹੀਂ ਸਗੋਂ ਅਸਥਾਈ ਵਿਦੇਸ਼ੀ ਕਾਮਿਆਂ ‘ਤੇ ਵੀ ਲਾਗੂ ਹੋਵੇਗਾ। ਇਸ ਨਵੇਂ ਨਿਯਮ ਤਹਿਤ ਕੁਝ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਲਈ ਵੀ ਵਰਕ ਪਰਮਿਟ ਦੀ ਯੋਗਤਾ ਸੀਮਤ ਹੋਵੇਗੀ। ਕੈਨੇਡੀਅਨ ਸਰਕਾਰ ਨੇ ਪਹਿਲਾਂ ਹੀ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਸੀਮਤ ਕਰਨ ਦਾ ਵਾਅਦਾ ਕੀਤਾ ਸੀ, ਜੋ ਅਪ੍ਰੈਲ ਵਿੱਚ 6.8% ਸੀ।

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …