Breaking News
Home / ਹਫ਼ਤਾਵਾਰੀ ਫੇਰੀ / ਟਰੂਡੋ ਵੱਲੋਂ ਐਮਰਜੈਂਸੀ ਐਕਟ ਰੱਦ ਕਰਨ ਦਾ ਐਲਾਨ

ਟਰੂਡੋ ਵੱਲੋਂ ਐਮਰਜੈਂਸੀ ਐਕਟ ਰੱਦ ਕਰਨ ਦਾ ਐਲਾਨ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੱਕਰ ਕੌਨਵੌਏ ਤੇ ਮੁਜ਼ਾਹਰਿਆਂ ਦਰਮਿਆਨ ਇੱਕ ਹਫਤੇ ਪਹਿਲਾਂ ਹੀ ਜਿਸ ਐਮਰਜੈਂਸੀ ਐਕਟ ਨੂੰ ਫੈਡਰਲ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ, ਉਸ ਦੀ ਵਰਤੋਂ ਬੰਦ ਕੀਤੀ ਜਾਵੇਗੀ। ਟਰੂਡੋ ਨੇ ਇਹ ਐਲਾਨ ਬੁੱਧਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਫਾਇਨਾਂਸ ਮੰਤਰੀ ਕ੍ਰਿਸਟੀਆ ਫਰੀਲੈਂਡ, ਜਸਟਿਸ ਮੰਤਰੀ ਡੇਵਿਡ ਲਾਮੇਟੀ, ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਤੇ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਹਾਲਾਤ ਐਮਰਜੈਂਸੀ ਵਾਲੇ ਨਹੀਂ ਰਹੇ। ਇਸ ਲਈ ਫੈਡਰਲ ਸਰਕਾਰ ਐਮਰਜੈਂਸੀ ਐਕਟ ਦੀ ਵਰਤੋਂ ਖਤਮ ਕਰਨ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਨੂੰ ਘਰ ਵਿੱਚ ਤੇ ਦੁਨੀਆ ਭਰ ਵਿੱਚ ਜਮਹੂਰੀਅਤ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਾਊਸ ਆਫ ਕਾਮਨਜ਼ ਵੱਲੋਂ ਸੋਮਵਾਰ ਨੂੰ ਸੀਮਤ ਐਮਰਜੈਂਸੀ ਸ਼ਕਤੀਆਂ ਦੀ ਪੁਸ਼ਟੀ ਲਈ ਮਤਾ ਪਾਸ ਕੀਤਾ ਗਿਆ ਸੀ। ਇਨ੍ਹਾਂ ਵਿੱਚ ਕੌਨਵੌਏ ਦੀ ਫੰਡਿੰਗ ਵਿੱਚ ਕਟੌਤੀ ਲਈ ਵਿੱਤੀ ਟੂਲਜ਼ ਵੀ ਸ਼ਾਮਲ ਸਨ। ਜੇ ਇਸ ਨੂੰ ਖਤਮ ਨਾ ਕੀਤਾ ਜਾਂਦਾ ਤਾਂ 30 ਦਿਨਾਂ ਬਾਅਦ ਇਸ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਸੀ।
ਓਨਟਾਰੀਓ ਨੇ ਹਟਾਈ ਸਟੇਟ ਆਫ ਐਮਰਜੈਂਸੀ
ਓਨਟਾਰੀਓ : ਟਰੱਕਰ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਖਤਮ ਕਰਨ ਲਈ ਲਿਆਂਦੀ ਗਈ ਸਟੇਟ ਆਫ ਐਮਰਜੈਂਸੀ ਓਨਟਾਰੀਓ ਵੱਲੋਂ ਹਟਾਈ ਜਾ ਰਹੀ ਹੈ। ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਦੀ ਤਰਜਮਾਨ ਇਵਾਨਾ ਯੈਲਿਚ ਨੇ ਆਖਿਆ ਕਿ ਫੈਡਰਲ ਸਰਕਾਰ ਦੀ ਤਰਜ ਉੱਤੇ ਓਨਟਾਰੀਓ ਵੀ ਆਪਣੀ ਸਟੇਟ ਆਫ ਐਮਰਜੈਂਸੀ ਖਤਮ ਕਰ ਦੇਵੇਗਾ। ਇਹ ਵੀ ਆਖਿਆ ਗਿਆ ਕਿ ਪੁਲਿਸ ਨੂੰ ਮੁਹੱਈਆ ਕਰਵਾਏ ਗਏ ਐਮਰਜੈਂਸੀ ਟੂਲਜ ਨੂੰ ਹਾਲ ਦੀ ਘੜੀ ਬਰਕਰਾਰ ਰੱਖਿਆ ਜਾਵੇਗਾ ਤਾਂ ਕਿ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਕਾਇਮ ਰਹੇ। ਅਜੇ ਦੋ ਹਫਤੇ ਪਹਿਲਾਂ ਹੀ ਫੋਰਡ ਵੱਲੋਂ ਓਨਟਾਰੀਓ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਸੀ। ਅਜਿਹਾ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੀਤਾ ਗਿਆ ਸੀ।
ਟਰੱਕਰਜ਼ ਕੌਨਵੌਏ ਵੱਲੋਂ ਵਸਤਾਂ, ਲੋਕਾਂ ਤੇ ਸੇਵਾਵਾਂ ਵਿੱਚ ਵਿਘਨ ਪਾਉਣ ਵਾਲਿਆਂ ਖਿਲਾਫ ਸਖਤੀ ਕਰਨ ਵਾਸਤੇ ਅਜਿਹਾ ਕੀਤਾ ਗਿਆ ਸੀ। ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਲਈ 100,000 ਡਾਲਰ ਤੱਕ ਦਾ ਜ਼ੁਰਮਾਨਾ ਤੇ ਇੱਕ ਸਾਲ ਦੀ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਯੈਲਿਚ ਨੇ ਆਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਮਦਦ ਕਰਨ ਵਾਲੇ ਫਰੰਟਲਾਈਨ ਅਧਿਕਾਰੀਆਂ ਤੇ ਫਰਸਟ ਰਿਸਪਾਂਡਰਜ਼ ਦੇ ਉਹ ਧੰਨਵਾਦੀ ਹਨ ਜਿਨ੍ਹਾਂ ਨੇ ਓਟਵਾ, ਵਿੰਡਸਰ ਤੇ ਪ੍ਰੋਵਿੰਸ ਦੇ ਹੋਰਨਾਂ ਹਿੱਸਿਆਂ ਵਿੱਚ ਹਾਲਾਤ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ।

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …